ਅਕਸ਼ੇ ਕੁਮਾਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤੇ 5 ਕਰੋੜ, ਕਿਹਾ- ਇਹ ਦਾਨ ਨਹੀਂ, ਮੇਰੇ ਵੱਲੋਂ ਸੇਵਾ

Published: 

06 Sep 2025 09:21 AM IST

Punjab Flood:n ਅਦਾਕਾਰ ਅਕਸ਼ੈ ਕੁਮਾਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਕੁੱਲ 5 ਕਰੋੜ ਰੁਪਏ ਮਦਦ ਦੇ ਤੌਰ 'ਤੇ ਕੀਤੇ ਹਨ।

ਅਕਸ਼ੇ ਕੁਮਾਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤੇ 5 ਕਰੋੜ, ਕਿਹਾ- ਇਹ ਦਾਨ ਨਹੀਂ, ਮੇਰੇ ਵੱਲੋਂ ਸੇਵਾ
Follow Us On

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾ ਸਿਰਫ਼ ਪਰਦੇ ‘ਤੇ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਅਸਲ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੀ ਉਦਾਰਤਾ ਤੇ ਸਮਾਜ ਸੇਵਾ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ। ਕਈ ਮੌਕਿਆਂ ‘ਤੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਕਸ਼ੈ ਹੁਣ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਮਦਦ ਲਈ ਅੱਗੇ ਆਏ ਹਨ।

ਪੰਜਾਬ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਅਕਸ਼ੈ ਕੁਮਾਰ ਨੇ ਰਾਹਤ ਅਤੇ ਮਦਦ ਲਈ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਖਾਸ ਗੱਲ ਇਹ ਹੈ ਕਿ ਅਦਾਕਾਰ ਨੇ ਇਸ ਰਕਮ ਨੂੰ ਦਾਨ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਸੇਵਾ ਕਿਹਾ ਹੈ।

ਪੰਜਾਬ ਦੇ ਹੜ੍ਹ ਪੀੜਤਾਂ ਲਈ ਮੇਰਾ ਛੋਟਾ ਜਿਹਾ ਯੋਗਦਾਨ – ਅਕਸ਼ੈ

ਅਕਸ਼ੈ ਕੁਮਾਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਈਆਂ ਕਿਹਾ- ਮੈਂ ਆਪਣੇ ਵਿਚਾਰ ‘ਤੇ ਕਾਇਮ ਹਾਂ। ਹਾਂ, ਮੈਂ ਪੰਜਾਬ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਖਰੀਦਣ ਲਈ 5 ਕਰੋੜ ਰੁਪਏ ਦੇ ਰਿਹਾ ਹਾਂ, ਪਰ ਮੈਂ ਕੌਣ ਹੁੰਦਾ ਹਾਂ ਕਿਸੇ ਨੂੰ ਦਾਨ ਕਰਨ ਵਾਲਾ? ਜਦੋਂ ਮੈਨੂੰ ਮਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਧੰਨ ਮਹਿਸੂਸ ਕਰਦਾ ਹਾਂ। ਮੇਰੇ ਲਈ ਇਹ ਮੇਰੀ ਸੇਵਾ ਹੈ, ਇਹ ਮੇਰਾ ਛੋਟਾ ਜਿਹਾ ਯੋਗਦਾਨ ਹੈ।

ਅਦਾਕਾਰ ਨੇ ਪੰਜਾਬ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਸੂਬਾ ਜਲਦੀ ਹੀ ਇਸ ਮੁਸ਼ਕਲ ਵਿੱਚੋਂ ਬਾਹਰ ਆਵੇ ਅਤੇ ਪ੍ਰਭਾਵਿਤ ਪਰਿਵਾਰ ਦੁਬਾਰਾ ਆਮ ਜ਼ਿੰਦਗੀ ਜੀ ਸਕਣ। ਅਕਸ਼ੈ ਕੁਮਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਭਾਰਤੀ ਕ੍ਰਿਕਟਰ ਹਰਪ੍ਰੀਤ ਸਿੰਘ ਬਰਾੜ ਨੇ ਜਾਰੀ ਕੀਤਾ ਵੀਡੀਓ

ਇਸ ਦੇ ਨਾਲ ਹੀ, ਪੰਜਾਬ ਕਿੰਗਜ਼ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੜ੍ਹ ਪੀੜਤਾਂ ਲਈ ਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਕ੍ਰਿਕਟਰ ਹਰਪ੍ਰੀਤ ਸਿੰਘ ਬਰਾੜ ਦਾ ਇੱਕ ਵੀਡੀਓ ਜਾਰੀ ਕਰਦਿਆਂ, ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਕਈ ਬਾਲੀਵੁੱਡ ਅਤੇ ਪਾਲੀਵੁੱਡ ਕਲਾਕਾਰਾਂ ਨੇ ਭੇਜੀ ਮਦਦ

ਪੰਜਾਬ ਵਿੱਚ ਲਗਾਤਾਰ ਬਾਰਿਸ਼ ਅਤੇ ਬੰਨ੍ਹ ਟੁੱਟਣ ਕਾਰਨ ਆਏ ਹੜ੍ਹਾਂ ਨੇ ਹੁਣ ਤੱਕ ਬਹੁਤ ਤਬਾਹੀ ਮਚਾਈ ਹੈ। ਪ੍ਰਸ਼ਾਸਨ ਅਤੇ ਫੌਜ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ, ਜਦੋਂ ਕਿ ਰਣਦੀਪ ਹੁੱਡਾ ਵਰਗੇ ਕਲਾਕਾਰਾਂ ਦਾ ਅੱਗੇ ਆਉਣਾ ਪੀੜਤਾਂ ਲਈ ਉਮੀਦ ਦੀ ਕਿਰਨ ਸਾਬਤ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਤੋਂ ਪਹਿਲਾਂ, ਰਣਦੀਪ ਹੁੱਡਾ, ਕਾਮੇਡੀਅਨ ਕਪਿਲ ਸ਼ਰਮਾ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿਲੋਂ, ਸੁਨੰਦਾ ਸ਼ਰਮਾ ਅਤੇ ਹੋਰ ਕਲਾਕਾਰ ਮਦਦ ਭੇਜ ਚੁੱਕੇ ਹਨ।