ਸੈਫ ਅਲੀ ਖਾਨ ਹਮਲੇ ਮਾਮਲੇ ਵਿੱਚ 1000 ਪੰਨਿਆਂ ਦੀ ਚਾਰਜਸ਼ੀਟ ਵਿੱਚ ਹੋਏ ਵੱਡੇ ਖੁਲਾਸੇ, ਆਰੋਪੀ ਵਿਰੁੱਧ ਮਿਲੇ ਕਈ ਵੱਡੇ ਸਬੂਤ
Saif Ali Khan Case: ਸੈਫ ਅਲੀ ਖਾਨ 'ਤੇ ਹਮਲੇ ਨੂੰ ਲਗਭਗ 3 ਮਹੀਨੇ ਹੋ ਗਏ ਹਨ। ਹੁਣ ਪੁਲਿਸ ਨੇ ਬਾਂਦਰਾ ਅਦਾਲਤ ਵਿੱਚ 1000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ 70 ਤੋਂ ਵੱਧ ਲੋਕਾਂ ਦੇ ਬਿਆਨ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਵੱਡੇ ਖੁਲਾਸੇ ਵੀ ਹੋਏ ਹਨ।
ਸੈਫ ਅਲੀ ਖਾਨ ‘ਤੇ ਹਮਲੇ ਨੂੰ ਲਗਭਗ ਤਿੰਨ ਮਹੀਨੇ ਹੋ ਗਏ ਹਨ, ਪਰ ਇਸ ਮਾਮਲੇ ਬਾਰੇ ਹਰ ਰੋਜ਼ ਨਵੇਂ ਖੁਲਾਸੇ ਸਾਹਮਣੇ ਆਉਂਦੇ ਰਹਿੰਦੇ ਹਨ। ਮੰਗਲਵਾਰ ਨੂੰ ਪੁਲਿਸ ਨੇ ਬਾਂਦਰਾ ਅਦਾਲਤ ਵਿੱਚ 1000 ਪੰਨਿਆਂ ਦੀ ਲੰਬੀ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਵਿੱਚ ਕਈ ਮਹੱਤਵਪੂਰਨ ਸਬੂਤ ਪੇਸ਼ ਕੀਤੇ ਗਏ ਹਨ, ਜੋ ਜਾਂਚ ਦੌਰਾਨ ਆਰੋਪੀ ਸ਼ਰੀਫੁਲ ਇਸਲਾਮ ਵਿਰੁੱਧ ਪਾਏ ਗਏ ਸਨ। ਸਬੂਤਾਂ ਵਿੱਚ ਹਮਲੇ ਵਿੱਚ ਵਰਤੇ ਗਏ ਚਾਕੂ ਦੇ ਤਿੰਨ ਟੁਕੜੇ ਵੀ ਸ਼ਾਮਲ ਹਨ, ਜੋ ਕਿ ਅਪਰਾਧ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਸਨ।
ਏਐਨਆਈ ਦੇ ਮੁਤਾਬਕ, ਬਾਂਦਰਾ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮੁੰਬਈ ਪੁਲਿਸ ਨੇ ਕਿਹਾ, “ਇਸ ਚਾਰਜਸ਼ੀਟ ਵਿੱਚ ਆਰੋਪੀ ਸ਼ਰੀਫੁਲ ਇਸਲਾਮ ਦੇ ਖਿਲਾਫ ਪੁਲਿਸ ਨੂੰ ਮਿਲੇ ਕਈ ਸਬੂਤ ਹਨ। ਇਹ ਚਾਰਜਸ਼ੀਟ 1000 ਤੋਂ ਵੱਧ ਪੰਨਿਆਂ ਦੀ ਹੈ। ਇਸ ਚਾਰਜਸ਼ੀਟ ਵਿੱਚ ਫੋਰੈਂਸਿਕ ਲੈਬ ਦੀ ਰਿਪੋਰਟ ਦਾ ਵੀ ਜ਼ਿਕਰ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਵਾਲੀ ਥਾਂ ‘ਤੇ ਸੈਫ ਅਲੀ ਖਾਨ ਦੇ ਸਰੀਰ ਤੋਂ ਅਤੇ ਆਰੋਪੀ ਦੇ ਸਰੀਰ ਤੋਂ ਮਿਲੇ ਚਾਕੂ ਦੇ ਟੁਕੜੇ ਇੱਕੋ ਚਾਕੂ ਦੇ ਤਿੰਨ ਟੁਕੜੇ ਹਨ।”
ਚਾਰਜਸ਼ੀਟ ਵਿੱਚ 70 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਲ
ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ, ਜਾਂਚ ਦੌਰਾਨ ਪੁਲਿਸ ਨੂੰ ਮਿਲੇ ਆਰੋਪੀ ਦੇ ਖੱਬੇ ਹੱਥ ਦੇ ਫਿੰਗਰਪ੍ਰਿੰਟ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ। ਚਾਰਜਸ਼ੀਟ ਵਿੱਚ 70 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੈਫ ਅਲੀ ਖਾਨ, ਕਰੀਨਾ ਕਪੂਰ ਖਾਨ, ਉਨ੍ਹਾਂ ਦੇ ਘਰੇਲੂ ਸਟਾਫ ਅਤੇ ਹੋਰ ਲੋਕ ਸ਼ਾਮਲ ਹਨ। ਪੁਲਿਸ ਨੇ ਚਾਰਜਸ਼ੀਟ ਵਿੱਚ ਇਹ ਵੀ ਦੱਸਿਆ ਹੈ ਕਿ ਆਰੋਪੀ ਸੈਫ ਦੇ ਘਰੋਂ ਬਾਂਦਰਾ ਤੋਂ ਦਾਦਰ ਅਤੇ ਫਿਰ ਵਰਲੀ ਕਿਵੇਂ ਭੱਜ ਗਿਆ।
ਚਾਰਜਸ਼ੀਟ ਵਿੱਚ ਕਈ ਵੱਡੇ ਖੁਲਾਸੇ
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਆਰੋਪੀ ਨੇ ਸ਼ੁਰੂ ਵਿੱਚ ਮੁੱਖ ਗੇਟ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਉਂਗਲਾਂ ਦੇ ਨਿਸ਼ਾਨ ਪਛਾਣੇ ਜਾਣ ਦੇ ਡਰ ਕਾਰਨ ਉਹ ਰੁਕ ਗਿਆ। ਫਿਰ ਉਹ ਇਮਾਰਤ ਦੇ ਪਿਛਲੇ ਪਾਸੇ ਗਿਆ, ਡਕਟ ਏਰੀਆ ਦੀ ਵਰਤੋਂ ਕਰਕੇ ਉੱਪਰ ਚੜ੍ਹਿਆ ਅਤੇ ਪਹਿਲੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ 16 ਜਨਵਰੀ ਨੂੰ ਸਵੇਰੇ ਸੈਫ ਅਲੀ ਖਾਨ ਦੇ ਘਰ ‘ਤੇ ਹਮਲਾ ਹੋਇਆ ਸੀ। ਉਸ ਝੜਪ ਦੌਰਾਨ ਸੈਫ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।