ਤਿੰਨ ਵਾਰ ਦੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਛੱਡਿਆ ਕਾਂਗਰਸ ਦਾ ‘ਹੱਥ’, BJP ‘ਚ ਹੋਏ ਸ਼ਾਮਲ

Updated On: 

26 Mar 2024 18:42 PM

Ravneet Singh Bittu Joined BJP: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਹਨ। ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ। ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੋਤਰੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਪੀਐਮ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਅਤੇ ਹੋਰਾਂ ਦਾ ਧੰਨਵਾਦ ਕੀਤਾ।

ਤਿੰਨ ਵਾਰ ਦੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਛੱਡਿਆ ਕਾਂਗਰਸ ਦਾ ਹੱਥ, BJP ਚ ਹੋਏ ਸ਼ਾਮਲ

ਰਵਨੀਤ ਸਿੰਘ ਬਿੱਟੂ

Follow Us On

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਉਹ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਹਨ। ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ।

ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਸ਼ਾਮ ਨੂੰ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਪਾਰਟੀ ਹੈੱਡਕੁਆਰਟਰ ‘ਤੇ ਭਾਜਪਾ ਨੇਤਾ ਵਿਨੋਦ ਤਾਵੜੇ ਨੇ ਉਨ੍ਹਾਂ ਨੂੰ ਮੈਂਬਰਸ਼ਿਪ ਸਲਿੱਪ ਸੌਂਪ ਕੇ ਅਤੇ ਸਿਰੋਪਾਓ ਪਾ ਕੇ ਭਾਜਪਾ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਪੰਜਾਬ ਭਾਜਪਾ ਦੇ ਕਈ ਆਗੂ ਹਾਜ਼ਰ ਸਨ।

ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ। ਉਹ ਦੋ ਵਾਰ ਲੁਧਿਆਣਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵੀ ਸੰਸਦ ਮੈਂਬਰ ਦੀ ਚੋਣ ਜਿੱਤ ਚੁੱਕੇ ਹਨ। 2019 ਵਿੱਚ ਬਿੱਟੂ ਨੇ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਸੀ। ਉਹ ਇੱਕ ਬਹੁਤ ਹੀ ਮੁਖਰ ਲੀਡਰ ਮੰਨੇ ਜਾਂਦੇ ਹਨ।

ਪ੍ਰਧਾਨ ਮੰਤਰੀ ਮੋਦੀ-ਸ਼ਾਹ ਦਾ ਜਤਾਇਆ ਧੰਨਵਾਦ

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਪਿਛਲੇ 10 ਸਾਲਾਂ ਤੋਂ ਸਬੰਧ ਹਨ। ਮੈਂ ਇੱਕ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਮੈਂ ਉਹ ਸਮਾਂ ਦੇਖਿਆ ਹੈ ਜਦੋਂ ਪੰਜਾਬ ਹਨੇਰੇ ਵਿੱਚ ਸੀ ਅਤੇ ਉਸਨੂੰ ਬਾਹਰ ਨਿਕਲਦੇ ਵੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਹੈ। ਮੈਂ ਸਰਕਾਰ ਅਤੇ ਪੰਜਾਬ ਵਿਚਕਾਰ ਪੁਲ ਦਾ ਕੰਮ ਕਰਾਂਗਾ। ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ। ਪੰਜਾਬ ਵਿੱਚ ਦਹਿਸ਼ਤਵਾਦ ਦੇ ਸਮੇਂ ਭਾਜਪਾ, ਆਰਐਸਐਸ ਨੇ ਮੇਰੇ ਦਾਦਾ ਬੇਅੰਤ ਸਿੰਘ ਜੀ ਨਾਲ ਮਿਲ ਕੇ ਕੰਮ ਕੀਤਾ ਸੀ। ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ।

ਇਹ ਵੀ ਪੜ੍ਹੇ – ਕੀ ਬਿੱਟੂ ਰਾਹੀਂ ਮਾਲਵਾ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਭਾਜਪਾ, ਜਾਣੋਂ ਕਿੰਨਾ ਕੁ ਹੈ ਰਵਨੀਤ ਬਿੱਟੂ ਦਾ ਸਿਆਸੀ ਪ੍ਰਭਾਵ

ਤਿੰਨ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ ਬਿੱਟੂ

ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਵਿੱਚੋਂ ਇੱਕ ਰਵਨੀਤ ਸਿੰਘ ਬਿੱਟੂ ਪਿਛਲੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। 2009 ਵਿੱਚ ਉਹ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਹ 2014 ਅਤੇ 2019 ਵਿੱਚ ਲੁਧਿਆਣਾ ਸੀਟ ਤੋਂ ਸੰਸਦ ਮੈਂਬਰ ਬਣੇ। ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੋਤਰੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਪੀਐਮ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਅਤੇ ਹੋਰਾਂ ਦਾ ਧੰਨਵਾਦ ਕੀਤਾ।