ਬਰਨਾਲਾ ਵਿੱਚ ਹੋਇਆ ਐਨਕਾਉਂਟਰ, 2 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ
Barnala Encounter: ਬਰਨਾਲਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਰਨਾਲਾ ਮਾਨਸਾ ਰੋਡ ਉੱਪਰ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ। ਜਿੱਥੇ ਪੁਲਿਸ ਨੇ ਇੱਕ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ਤੇ ਗੋਲੀ ਚਲਾ ਦਿੱਤੀ। ਜਾਣਕਾਰੀ ਅਨੁਸਾਰ ਮੁਲਜ਼ਮਾਂ ਦਾ ਸਬੰਧ ਨਸ਼ਾ ਤਸਕਰਾਂ ਨਾਲ ਦੱਸਿਆ ਗਿਆ ਹੈ।

ਬਰਨਾਲਾ ਮਾਨਸਾ ਰੋਡ ਉੱਪਰ ਅੱਜ (28 ਮਾਰਚ ਨੂੰ) ਸਵੇਰੇ ਪੁਲਿਸ ਮੁਲਾਜ਼ਮਾਂ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਅਧਾਰ ਤੇ ਨਾਕਾ ਲਗਾਇਆ ਸੀ ਅਤੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਇੱਕ ਵਰਨਾ ਕਾਰ (ਮੁਲਜ਼ਮਾਂ ਦੀ ਗੱਡੀ) ਤੇਜ਼ ਰਫ਼ਤਾਰ ਵਿੱਚ ਆਈ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ। ਪਰ ਕਾਰ ਵਿੱਚ ਸਵਾਰ ਮੁਲਜ਼ਮਾਂ ਨੇ ਕਾਰ ਰੋਕਣ ਦੀ ਥਾਂ ਹੋਰ ਤੇਜ਼ ਭਜਾ ਲਈ।
ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੋਕਣ ਲਈ ਸੜਕ ਤੇ ਰੱਖਿਆ ਬੈਰੀਕੇਟ ਗੱਡੀ ਦੇ ਅੱਗੇ ਕਰ ਦਿੱਤਾ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਨਾਕਾ CIA ਸਟਾਫ ਵੱਲੋਂ ਲਗਾਇਆ ਗਿਆ ਸੀ। ਜਦੋਂ ਮੁਲਜ਼ਮਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਮੁਲਜ਼ਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ।
ਇੱਕ ਮੁਲਜ਼ਮ ਜਖ਼ਮੀ
ਮੁਲਜ਼ਮਾਂ ਵੱਲੋਂ ਹਮਲਾ ਕਰਨ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਮੁਲਜ਼ਮ ਜਖ਼ਮੀ ਹੋ ਗਿਆ। ਜਖ਼ਮੀ ਹੋਏ ਮੁਲਜ਼ਮ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਦੋਂ ਕਿ ਦੂਜੇ ਮੁਲਜ਼ਮ ਨੂੰ ਕੋਈ ਸੱਟ ਲੱਗਣ ਦੀ ਜਾਣਕਾਰੀ ਨਹੀਂ ਹੈ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਮੁਲਜ਼ਮਾਂ ਉੱਪਰ ਨਸ਼ਾ ਤਸਕਰੀ ਦੇ ਇਲਜ਼ਾਮ
ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਕਰੀਬ 6 ਕੁ ਵਜੇ ਹੋਇਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਪਹਿਚਾਣ ਵੀਰਭੱਦਰ ਸਿੰਘ ਉਰਫ਼ ਕਾਲੂ ਅਤੇ ਦੂਜੇ ਦੀ ਪਹਿਚਾਣ ਕੇਵਲ ਸਿੰਘ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਭੱਦਰ ਸਿੰਘ ਉੱਪਰ ਪਹਿਲਾਂ ਹੀ 11 ਮਾਮਲੇ ਦਰਜ ਹਨ। ਉਸ ਉੱਪਰ ਪਹਿਲਾਂ NDPS ਐਕਟ ਤਹਿਤ ਵੀ ਮਾਮਲਾ ਦਰਜ ਹੋਇਆ ਹੈ।
ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ 32 ਬੋਰ ਅਤੇ ਇੱਕ ਗਲੋਕ ਪਿਸਤੌਲ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਇੱਕ ਬੈਗ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਇਸ ਗੱਲ ਦੀ ਤਫ਼ਤੀਸ਼ ਕੀਤੀ ਜਾਵੇਗੀ ਕਿ ਜੋ ਅਸਲ੍ਹਾ ਉਹਨਾਂ ਕੋਲੋਂ ਬਰਾਮਦ ਹੋਇਆ ਹੈ ਕਿੱਥੋਂ ਲੈਕੇ ਆਏ ਜੋ ਕਿ ਕਾਫ਼ੀ ਅਡਵਾਂਸ ਹੈ ਅਤੇ ਇਸ ਤੋਂ ਇਲਾਵਾ ਦੇ ਇਰਾਦੇ ਕੀ ਹਨ।