ਪਟਿਆਲਾ ਵਿੱਚ ਪੁਲਿਸ ਅਤੇ ਸ਼ਾਰਪਸ਼ੂਟਰਾਂ ਵਿਚਾਲੇ ਮੁਕਾਬਲਾ: ਦੋ ਬਦਮਾਸ਼ ਜ਼ਖਮੀ; ਐਨਆਰਆਈ ਤੋਂ ਫਿਰੌਤੀ ਅਤੇ ਫਾਈਰਿੰਗ ਮਾਮਲੇ ਚ ਸਨ ਵਾਂਟੇਂਡ
Patiala Encounter: ਇਸਤੋਂ ਪਹਿਲਾਂ ਅੱਜ ਸਵੇਰੇ ਲੁਧਿਆਣਾ ਵਿੱਚ ਵੀ ਵੱਡਾ ਐਨਕਾਉਂਟਰ ਕੀਤਾ ਗਿਆ ਸੀ। ਇਸ ਮਾਮਲੇ ਦੇ ਮੁਲਜਮਾਂ ਨੇ ਕਪੜਾ ਵਪਾਰੀ ਦੀ ਬੰਦ ਦੁਕਾਨ ਤੇ ਗੋਲੀਆਂ ਚਲਾਈਆਂ ਸਨ। 50 ਲੱਖ ਰੁਪਏ ਰੰਗਦਾਰੀ ਨਾ ਦੇਣ ਤੋਂ ਭੜਕੇ ਮੁਲਜਮਾਂ ਨੇ ਵਪਾਰੀ ਨੂੰ ਸਬਕ ਸਿਖਾਉਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਦੋ ਲੋਕ ਜਖਮੀ ਹੋਏ ਹਨ ਜਦਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪੁਲਿਸ ਅਤੇ ਦੋ ਸ਼ਾਰਪਸ਼ੂਟਰਾਂ ਵਿਚਕਾਰ ਮੁਕਾਬਲਾ ਹੋਇਆ। ਦੋਵੇਂ ਸ਼ਾਰਪਸ਼ੂਟਰ ਜ਼ਖਮੀ ਹੋ ਗਏ ਅਤੇ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਪੁਲਿਸ ਨੇ ਉਨ੍ਹਾਂ ਤੋਂ ਦੋ ਪਿਸਤੌਲ ਅਤੇ ਇੱਕ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਟੀਮ ਨੇ ਦੋ ਸ਼ਾਰਪਸ਼ੂਟਰਾਂ ਦਾ ਪਿੱਛਾ ਕੀਤਾ ਸੀ, ਜੋ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਮੁਲਜ਼ਮਾਂ ਨੇ ਪੁਲਿਸ ਟੀਮ ‘ਤੇ ਚਲਾਈਆਂ ਗੋਲੀਆਂ
ਮੁਲਜ਼ਮਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਪੁਲਿਸ ਕਾਰਵਾਈ ਕਰਨ ਲਈ ਮਜਬੂਰ ਹੋ ਗਈ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਲਗਭਗ 15 ਤੋਂ 16 ਰਾਉਂਡ ਫਾਇਰਿੰਗ ਹੋਈ। ਮੁਕਾਬਲੇ ਦੌਰਾਨ ਸੀਆਈਏ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੂੰ ਵੀ ਗੋਲੀ ਲੱਗੀ, ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਗ੍ਰਿਫ਼ਤਾਰ ਕੀਤੇ ਗਏ ਸ਼ਾਰਪਸ਼ੂਟਰਾਂ ਖਿਲਾਫ ਜਬਰੀ ਵਸੂਲੀ, ਡਕੈਤੀ ਅਤੇ ਗੋਲੀਬਾਰੀ ਦੇ ਕਈ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ ਵੀ ਇੱਕ ਐਨਆਰਆਈ ਤੋਂ ਫਿਰੌਤੀ ਮੰਗੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਐਨਆਰਆਈ ਦੇ ਪਿਤਾ ‘ਤੇ ਵੀ ਗੋਲੀਬਾਰੀ ਕੀਤੀ ਸੀ, ਜੋ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ।