ਮੋਗਾ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ, ਲਾਸ਼ ਚੋਂ ਬਦਬੂ ਆਉਣ ਤੋਂ ਬਾਅਦ ਹੋਇਆ ਖੁਲਾਸਾ
Wife Murder Husband in Moga: ਕਤਲ ਦੇ ਕੁੱਝ ਦਿਨ ਬਾਅਦ ਜਦੋਂ ਇਲਾਕੇ 'ਚ ਬਦਬੂ ਫੈਲ ਗਈ ਤਾਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਘਰ ਦਾ ਤਾਲਾ ਤੋੜ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ 1 ਘੰਟੇ ਅੰਦਰ ਹੀ ਮੁਲਜ਼ਮ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ।

ਮੋਗਾ ਦੇ ਪਿੰਡ ਪੱਤੋਂ ਹੀਰਾ ਸਿੰਘ ਤੋਂ ਇੱਕ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਹਿਲੇ ਆਪਣੇ ਪਤੀ ਦੇ ਹੱਥ ਪੈਰ ਬੰਨੇ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਪਤੀ ਦੇ ਸਿਰ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਘਰ ਅੰਦਰ ਹੀ ਬੰਦ ਕਰ ਦਿੱਤਾ।
ਕਤਲ ਦੇ ਕੁੱਝ ਦਿਨ ਬਾਅਦ ਜਦੋਂ ਇਲਾਕੇ ‘ਚ ਬਦਬੂ ਫੈਲ ਗਈ ਤਾਂ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਭਰਾ ਨੂੰ ਸੂਚਨਾ ਦਿੱਤੀ। ਭਰਾ ਨੇ ਜਦੋਂ ਘਰ ਦਾ ਤਾਲਾ ਖੋਲਿਆ ਤਾਂ ਅੰਦਰੋਂ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ 1 ਘੰਟੇ ਅੰਦਰ ਹੀ ਮੁਲਜ਼ਮ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ।
ਪ੍ਰੇਮੀ ਨਾਲ ਹੀ ਰਹਿੰਦੀ ਸੀ ਮਹਿਲਾ, ਕਦੇ-ਕਦੇ ਆਉਂਦੀ ਸੀ ਪਤੀ ਕੋਲ- ਮ੍ਰਿਤਕ ਦਾ ਭਰਾ
ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ ਜਸਵਿੰਦਰ ਕੌਰ ਦੇ ਨਿਹਾਲ ਸਿੰਘ ਦੇ ਨਿਵਾਸੀ ਗੁਲਜ਼ਾਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਇਹ ਮਾਮਲਾ ਪੰਚਾਇਤ ‘ਚ ਵੀ ਪਹਿਲਾਂ ਆ ਚੁੱਕਿਆ ਸੀ। ਉਸ ਦੀ ਭਾਬੀ ਪਿਛਲੇ ਕੁੱਝ ਸਾਲਾਂ ਤੋਂ ਪ੍ਰੇਮੀ ਨਾਲ ਹੀ ਰਹਿ ਰਹੀ ਸੀ, ਪਰ ਉਹ ਕਦੇ-ਕਦੇ ਆਪਣੇ ਪਤੀ ਅਮਨਦੀਪ ਕੋਲ ਵੀ ਆ ਜਾਂਦੀ ਸੀ।
ਮ੍ਰਿਤਕ ਦੇ ਭਰਾ ਹਰਦੀਪ ਨੇ ਦੱਸਿਆ ਕਿ ਉਸ ਦਾ ਭਰਾ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਪਤਨੀ ਜਸਵਿੰਦਰ ਕੌਰ ਉਸ ਦਾ ਕਤਲ ਕਰਨਾ ਚਾਹੁੰਦੀ ਹੈ। ਹਰਦੀਪ ਨੇ ਨਿਆਂ ਦੀ ਮੰਗ ਕੀਤਾ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।