ਲੁਧਿਆਣਾ ‘ਚ ਵੀਡੀਓ ਬਣਾ ਸ਼ਖ਼ਸ ਨੇ ਕੀਤੀ ਖੁਦਕੁਸ਼ੀ, ਨੂੰਹ ‘ਤੇ ਲਗਾਏ ਇਲਜ਼ਾਮ
Ludhiana man suicide case: ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰ ਲਏ ਹਨ। ਪੁੱਤਰ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਨੂੰਹ ਆਪਣੇ ਮਾਪਿਆਂ ਦੇ ਘਰ ਚਲੀ ਗਈ।
ਲੁਧਿਆਣਾ ਵਿੱਚ ਵੀਰਵਾਰ ਨੂੰ ਇੱਕ ਫੋਟੋਗ੍ਰਾਫਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦਾ ਕਮਰਾ ਕਾਫ਼ੀ ਦੇਰ ਤੱਕ ਨਹੀਂ ਖੁੱਲ੍ਹਿਆ ਤਾਂ ਗੁਆਂਢੀਆਂ ਨੇ ਖਿੜਕੀ ਰਾਹੀਂ ਅੰਦਰ ਝਾਤੀ ਮਾਰੀ। ਉਨ੍ਹਾਂ ਨੂੰ ਫੋਟੋਗ੍ਰਾਫਰ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉਹ ਵਿਅਕਤੀ ਘਰ ਵਿੱਚ ਇਕੱਲਾ ਸੀ। ਗੁਆਂਢੀਆਂ ਨੇ ਫੋਨ ਕਰਕੇ ਉਸ ਦੇ ਪੁੱਤਰ ਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੁੱਤਰ ਦੀ ਮੌਜੂਦਗੀ ਵਿੱਚ ਕਮਰੇ ਦਾ ਦਰਵਾਜ਼ਾ ਤੋੜ ਕੇ ਫੋਟੋਗ੍ਰਾਫਰ ਦੀ ਲਾਸ਼ ਬਾਹਰ ਕੱਢੀ ਹੈ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਫੋਨ ਤੋਂ ਇੱਕ ਵੀਡੀਓ ਬਰਾਮਦ ਕੀਤਾ ਹੈ, ਜੋ ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਗਿਆ ਸੀ। ਇਸ ਲਗਭਗ 5 ਮਿੰਟ ਦੇ ਵੀਡੀਓ ਵਿੱਚ, ਫੋਟੋਗ੍ਰਾਫਰ ਨੇ ਆਪਣੀ ਨੂੰਹ ਅਤੇ ਉਸ ਦੇ ਪਿਤਾ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਪੰਜਾਬ ਸਰਕਾਰ ਨੂੰ ਆਪਣੇ ਦੋ ਬੱਚਿਆਂ ਦੀ ਸੁਰੱਖਿਆ ਦੀ ਅਪੀਲ ਵੀ ਕੀਤੀ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰ ਲਏ ਹਨ। ਪੁੱਤਰ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਨੂੰਹ ਆਪਣੇ ਮਾਪਿਆਂ ਦੇ ਘਰ ਚਲੀ ਗਈ। ਮ੍ਰਿਤਕ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਵਿਪਨ ਕੁਮਾਰ ਵਜੋਂ ਹੋਈ ਹੈ।
ਵੀਡੀਓ ‘ਚ ਕੀਤੇ ਇਹ ਖੁਲਾਸੇ
ਆਪਣੇ ਮੋਬਾਈਲ ‘ਤੇ ਮਿਲੇ ਵੀਡੀਓ ਵਿੱਚ, ਵਿਪਨ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ, ਉਸ ਦਾ ਪੁੱਤਰ ਗੌਰਵ ਅਤੇ ਧੀ ਅਮਨ ਹੈ। ਪੁੱਤਰ ਗੌਰਵ ਦਾ ਵਿਆਹ ਕੁਝ ਮਹੀਨੇ ਪਹਿਲਾਂ ਸੋਫਾਤ ਦੀ ਰਹਿਣ ਵਾਲੀ ਹਿਮਾਂਸ਼ੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਨੂੰਹ ਹਿਮਾਂਸ਼ੀ ਆਪਣੇ ਮਾਪਿਆਂ ਦੇ ਘਰ ਚਲੀ ਗਈ। ਮੈਂ ਖੁਦ ਕਾਰ ਚਲਾਈ ਸੀ ਅਤੇ ਪਿਆਰ ਨਾਲ ਹਿਮਾਂਸ਼ੀ ਨੂੰ ਉਸ ਦੇ ਮਾਪਿਆਂ ਦੇ ਘਰ ਭੇਜਿਆ ਸੀ।
ਵੀਡੀਓ ਵਿੱਚ ਵਿਪਨ ਨੇ ਦੱਸਿਆ ਕਿ ਨੂੰਹ ਹਿਮਾਂਸ਼ੀ ਦੇ ਆਪਣੇ ਮਾਪਿਆਂ ਦੇ ਘਰ ਜਾਣ ਤੋਂ ਕੁਝ ਦਿਨ ਬਾਅਦ, ਉਸਦਾ ਪੁੱਤਰ ਗੌਰਵ ਉਸਨੂੰ ਲੈਣ ਗਿਆ। ਦੋਸ਼ ਹੈ ਕਿ ਨੂੰਹ ਦੇ ਪਿਤਾ ਨੇ ਪੁੱਤਰ ਨੂੰ ਧਮਕੀ ਦਿੱਤੀ ਅਤੇ ਉਸਨੂੰ ਘਰੋਂ ਵਾਪਸ ਭੇਜ ਦਿੱਤਾ। ਗੌਰਵ ਨੂੰ ਦੱਸਿਆ ਗਿਆ ਕਿ ਉਸਦੇ ਪਰਿਵਾਰ ਨੂੰ ਮਿੰਟਾਂ ਵਿੱਚ ਚੁੱਕ ਲਿਆ ਜਾਵੇਗਾ।
ਇਹ ਵੀ ਪੜ੍ਹੋ
‘ਪਿਓ-ਪੁੱਤਰ ਨੂੰ ਕੀਤਾ ਬੇਇੱਜਤ’
ਵਿਪਨ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਮੈਂ ਆਪਣੇ ਪੁੱਤਰ ਗੌਰਵ ਨਾਲ ਹਿਮਾਂਸ਼ੀ ਨੂੰ ਲੈਣ ਗਿਆ। ਪਰ, ਸਾਡਾ ਅਪਮਾਨ ਕੀਤਾ ਗਿਆ ਅਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਤੀਜੀ ਵਾਰ, ਪੁੱਤਰ ਗੌਰਵ ਆਪਣੇ ਪਰਿਵਾਰ ਨਾਲ ਹਿਮਾਂਸ਼ੀ ਨੂੰ ਲੈਣ ਗਿਆ, ਪਰ ਉਨ੍ਹਾਂ ਨੂੰ ਵੀ ਉਹੀ ਧਮਕੀਆਂ ਦੇ ਕੇ ਵਾਪਸ ਭੇਜ ਦਿੱਤਾ ਗਿਆ। ਨੂੰਹ ਤੇ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ।
ਵਿਪਨ ਨੇ ਅੱਗੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਦਾਜ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਅਸੀਂ ਵਿਆਹ ਵੇਲੇ ਕੋਈ ਦਾਜ ਨਹੀਂ ਲਿਆ। ਕਿਸੇ ਵੀ ਤਰ੍ਹਾਂ ਦੇ ਦਾਜ ਦੀ ਮੰਗ ਨਹੀਂ ਕੀਤੀ ਗਈ। ਇਹ ਲੋਕ ਸਾਨੂੰ ਬਹੁਤ ਪਰੇਸ਼ਾਨ ਕਰਦੇ ਹਨ। ਨੂੰਹ ਹਿਮਾਂਸ਼ੀ ਅਤੇ ਉਸਦੇ ਪਿਤਾ ਰਾਜਿੰਦਰ ਕੁਮਾਰ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ। ਸਾਡਾ ਜੀਣਾ ਔਖਾ ਹੋ ਗਿਆ ਹੈ।
ਨੂੰਹ ਅਤੇ ਉਸ ਦੇ ਪਿਤਾ ਦੇ ਇਲਜ਼ਾਮ
ਵਿਪਨ ਅੱਗੇ ਕਹਿੰਦਾ ਹੈ ਕਿ ਹਿਮਾਂਸ਼ੀ ਘਰ ਵਿੱਚ ਰੱਖੇ ਗਹਿਣੇ ਅਤੇ ਲਗਭਗ 60,000 ਰੁਪਏ ਵੀ ਆਪਣੇ ਨਾਲ ਲੈ ਗਈ। ਹਿਮਾਂਸ਼ੀ ਦੇ ਫੋਨ 4 ਤੋਂ 5 ਦਿਨਾਂ ਤੱਕ ਆਉਂਦੇ ਰਹੇ, ਪਰ ਉਸ ਤੋਂ ਬਾਅਦ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਅੱਜ, ਮੈਂ ਇੰਨਾ ਪਰੇਸ਼ਾਨ ਹਾਂ ਅਤੇ ਉਨ੍ਹਾਂ ਤੋਂ ਅਪਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਖੁਦਕੁਸ਼ੀ ਕਰਨ ਲਈ ਤਿਆਰ ਹਾਂ। ਮੇਰੀ ਖੁਦਕੁਸ਼ੀ ਲਈ ਹਿਮਾਂਸ਼ੀ ਅਤੇ ਉਸਦੇ ਪਿਤਾ ਰਾਜਿੰਦਰ ਬਜਾਜ ਜ਼ਿੰਮੇਵਾਰ ਹਨ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ।
ਵਿਪਨ ਨੇ ਵੀਡੀਓ ਵਿੱਚ ਅੱਗੇ ਕਿਹਾ ਕਿ ਮੇਰੇ ਪੁੱਤਰ ਨੂੰ ਫ਼ੋਨ ‘ਤੇ ਧਮਕੀਆਂ ਮਿਲ ਰਹੀਆਂ ਹਨ। ਮੇਰਾ ਪੁੱਤਰ ਅਤੇ ਮੇਰਾ ਪਰਿਵਾਰ ਕਾਨੂੰਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਾਡੀ ਰੱਖਿਆ ਕੀਤੀ ਜਾਵੇ। ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਹਿਮਾਂਸ਼ੀ ਅਤੇ ਉਸਦੇ ਪਿਤਾ ਰਾਜਿੰਦਰ ਕੁਮਾਰ ਬਜਾਜ ਜ਼ਿੰਮੇਵਾਰ ਹੋਣਗੇ। ਪੰਜਾਬ ਸਰਕਾਰ ਨੂੰ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅਸੀਂ ਉਨ੍ਹਾਂ ਤੋਂ ਕੁਝ ਨਹੀਂ ਲਿਆ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਦੂਜੇ ਪਾਸੇ, ਸ਼ਿਮਲਾਪੁਰੀ ਥਾਣੇ ਦੇ ਏਐਸਆਈ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਗਈ ਹੈ, ਜਿਸ ‘ਤੇ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵੀਡੀਓ ਵੀ ਜ਼ਬਤ ਕਰ ਲਈ ਗਈ ਹੈ। ਦੂਜੇ ਪਾਸੇ, ਮ੍ਰਿਤਕ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
