ਜਲੰਧਰ ਚ ਹੋਏ ਹਾਈ ਪ੍ਰੋਫਾਈਲ ਕਤਲ ਕਾਂਡ ਦਾ ਮੁੱਖ ਸ਼ੂਟਰ ਸੁੱਖਾ ਕਮਾਂਡੋ ਗ੍ਰਿਫਤਾਰ
Sukha Commando Arrest: ਐਸਐਸਪੀ ਨੇ ਦੱਸਿਆ ਕਿ ਮਾਮਲਾ 20 ਅਗਸਤ 2024 ਦਾ ਹੈ, ਜਦੋਂ ਪਿੰਡ ਕੰਗ ਸਾਬੂ ਦੀ ਸੜਕ ਤੇ ਕੁਲਵਿੰਦਰ ਕਿੰਦੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਨਕੋਦਰ 'ਚ ਮਾਮਲਾ ਦਰਜ ਕੀਤਾ ਗਿਆ ਸੀ।
ਜਲੰਧਰ ਦੇਹਾਤ ਪੁਲਿਸ ਨੇ ਅਗਸਤ ਮਹੀਨੇ ਹੋਏ ਹਾਈ ਪ੍ਰੋਫਾਈਲ ਕੁਲਵਿੰਦਰ ਕਿੰਦੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਕਮਾਂਡੋ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰਸੂਲਪੁਰ, ਥਾਣਾ ਸਦਰ ਨਕੋਦਰ ਵਜੋਂ ਹੋਈ ਹੈ। ਮੁਲਜ਼ਮ ਐਨਡੀਪੀਐਸ ਐਕਟ ਸਮੇਤ ਸੱਤ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਭਰੋਸੇਮੰਦ ਖੁਫ਼ੀਆ ਸੂਚਨਾ ਤੋਂ ਬਾਅਦ ਅਗਸਤ ਮਹੀਨੇ ਤੋਂ ਗ੍ਰਿਫ਼ਤਾਰੀ ਤੋਂ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ। ਐਸਐਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਸ਼ੂਟਰ ਨੂੰ ਘੇਰ ਲਿਆ ਤਾਂ ਮੁਲਜ਼ਮ ਨੇ ਮੋਟਰ ਵਾਲੇ ਕਮਰੇ ਵਿੱਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫਰਾਰ ਹੋਣ ਦੌਰਾਨ ਮੁਲਜ਼ਮ ਦੀ ਇਕ ਲੱਤ ਟੁੱਟ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਦੀ ਭਾਲ ਕਰ ਰਹੀ ਸੀ ਪੁਲਿਸ
ਐਸਐਸਪੀ ਨੇ ਦੱਸਿਆ ਕਿ ਮਾਮਲਾ 20 ਅਗਸਤ 2024 ਦਾ ਹੈ, ਜਦੋਂ ਪਿੰਡ ਕੰਗ ਸਾਬੂ ਦੀ ਸੜਕ ਤੇ ਕੁਲਵਿੰਦਰ ਕਿੰਦੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਨਕੋਦਰ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ 8 ਨਵੰਬਰ ਨੂੰ ਸੁਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਨਾਲ ਕਾਰਵਾਈ ਖ਼ਤਮ ਹੋ ਗਈ ਸੀ। ਹਾਲਾਂਕਿ ਇਸ ਮਾਮਲੇ ਵਿੱਚ 4 ਹੋਰ ਮੁਲਜ਼ਮ ਗੁਰਪਾਲ ਸਿੰਘ ਉਰਫ਼ ਗੋਪਾ, ਬਲਕਾਰ ਸਿੰਘ ਉਰਫ਼ ਬੱਲਾ, ਨਾਜ਼ਰ ਸਿੰਘ ਅਤੇ ਜਤਿੰਦਰ ਕੁਮਾਰ ਉਰਫ਼ ਘੋਲੀ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ 21 ਅਗਸਤ 2024 ਨੂੰ ਥਾਣਾ ਸਦਰ ਨਕੋਦਰ ਵਿਖੇ ਬੀਐਨਐਸ ਐਕਟ ਦੀ ਧਾਰਾ 103, 191(3), 190 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਐਫਆਈਆਰ (ਨੰਬਰ 99) ਦਰਜ ਕੀਤੀ ਗਈ ਸੀ। ਇਸ ਦੌਰਾਨ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਲੰਬਾ ਅਪਰਾਧਿਕ ਪਿਛੋਕੜ ਹੈ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 7 ਕੇਸ ਦਰਜ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਤਿੰਨ ਕੇਸ, ਕੁੱਟਮਾਰ ਤੇ ਦੰਗਾ-ਫਸਾਦ ਦੇ ਕਈ ਕੇਸ, ਹੁਸ਼ਿਆਰਪੁਰ ਤੇ ਨਕੋਦਰ ਵਿੱਚ ਅਪਰਾਧਿਕ ਕਬਜ਼ੇ ਦੇ ਮਾਮਲੇ ਅਤੇ ਪਿਛਲੀਆਂ ਗ੍ਰਿਫ਼ਤਾਰੀਆਂ ਦਰਜ ਹਨ। ਉਹ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨਗੇ ਤਾਂ ਜੋ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਦਾ ਪਤਾ ਲਾਇਆ ਜਾ ਸਕੇ।