ਡੰਕੀ ਰੂਟ ਮਾਮਲੇ ‘ਚ ਜਲੰਧਰ ED ਦੀ ਪੰਜਾਬ ਤੇ ਹਰਿਆਣਾ ‘ਚ ਰੇਡ, ਡਿਪੋਰਟ ਕੀਤੇ ਲੋਕਾਂ ਨੇ ਦਰਜ ਕਰਵਾਈਆਂ ਸਨ ਸ਼ਿਕਾਇਤਾਂ
Jalandhar ED raids: ਕਾਰਵਾਈ ਅੱਜ ਸਵੇਰੇ ਤੋਂ ਹੀ ਜਲੰਧਰ ਈਡੀ ਦੁਆਰਾ ਕੀਤੀ ਜਾ ਰਹੀ ਹੈ। ਰੇਡ ਖ਼ਤਮ ਹੋਣ ਤੋਂ ਬਾਅਦ ਈਡੀ ਮਾਮਲੇ ਦੀ ਜਾਣਕਾਰੀ ਦੇ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਤੇ ਹਰਿਆਣਾ 'ਚ ਈਡੀ ਦੁਆਰਾ ਡੰਕੀ ਰੂਟ ਦੀ ਜਾਂਚ ਲਈ ਪੰਜਾਬ ਸਮੇਤ ਹੋਰ ਸੂਬਿਆਂ 'ਚ ਰੇਡ ਕੀਤੀ ਜਾ ਰਹੀ ਹੈ।
ਸੰਕੇਤਕ ਤਸਵੀਰ
ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ‘ਡੰਕੀ ਰੂਟ’ ਦੇ ਜ਼ਰੀਏ ਅਮਰੀਕਾ ਤੇ ਹੋਰ ਦੇਸ਼ਾਂ ‘ਚ ਗੈਰ-ਕਾਨੂੰਨੀ ਰੂਪ ‘ਚ ਭੇਜਣ ਵਾਲੇ ਨੈੱਟਵਰਕ ‘ਤੇ ਇਨਫੋਰਸਮੈਂਟ ਡਾਇਰੈਕਟਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਸੰਗਰੂਰ ਤੇ ਪਟਿਆਲਾ ਦੇ ਨਾਲ-ਨਾਲ ਹਰਿਆਣਾ ਦੇ ਅੰਬਾਲਾ ਤੇ ਕਰਨਾਲ ਸਮੇਤ ਕੁੱਲ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਉਨ੍ਹਾਂ 17 ਐਫਆਈਆਰ ਦੇ ਆਧਾਰ ‘ਤੇ ਹੋਈ ਹੈ, ਜਿਨ੍ਹਾਂ ‘ਚ ਡੰਕੀ ਰੂਟ ਦੇ ਜ਼ਰੀਏ ਵਿਦੇਸ਼ ਭੇਜੇ ਗਏ ਲੋਕਾਂ ਦੀ ਸ਼ਿਕਾਇਤਾਂ ਦਰਜ ਸਨ।
ਇਹ ਕਾਰਵਾਈ ਅੱਜ ਸਵੇਰੇ ਤੋਂ ਹੀ ਜਲੰਧਰ ਈਡੀ ਦੁਆਰਾ ਕੀਤੀ ਜਾ ਰਹੀ ਹੈ। ਰੇਡ ਖ਼ਤਮ ਹੋਣ ਤੋਂ ਬਾਅਦ ਈਡੀ ਮਾਮਲੇ ਦੀ ਜਾਣਕਾਰੀ ਦੇ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਤੇ ਹਰਿਆਣਾ ‘ਚ ਈਡੀ ਦੁਆਰਾ ਡੰਕੀ ਰੂਟ ਦੀ ਜਾਂਚ ਲਈ ਪੰਜਾਬ ਸਮੇਤ ਹੋਰ ਸੂਬਿਆਂ ‘ਚ ਰੇਡ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰੇਡ ਕੀਤੀ ਜਾ ਚੁੱਕੀ ਹੈ ਤੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਅੱਜ ਇਸ ਕੜੀ ਨੂੰ ਜੋੜਣ ਲਈ ਰੇਡ ਕੀਤੀ ਗਈ ਹੈ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਬਿਆਨ ਦਰਜ ਕਰਵਾਉਣ ‘ਤੇ ਇਸ ਰੈਕੇਟ ਦਾ ਖੁਲਾਸਾ ਹੋਇਆ ਹੈ। ਡਿਪੋਰਟ ਕੀਤੇ ਗਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਰੀ ਰਕਮ ਅਦਾ ਕਰਕੇ ਏਜੰਟਾਂ ਦੇ ਜ਼ਰੀਏ ਇਹ ਜੋਖ਼ਮ ਭਰੀ ਯਾਤਰਾ ਕੀਤੀ ਸੀ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਕਈ ਏਜੰਟਾਂ ਦੀ ਪਹਿਚਾਣ ਹੋਈ ਹੈ।
ਕਈ ਏਜੰਟਾ ਦੀ ਹੋ ਚੁੱਕੀ ਪਹਿਚਾਣ
ਈਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਈ ਏਜੰਟਾਂ ਦੀ ਪਹਿਚਾਣ ਹੋ ਚੁੱਕੀ ਹੈ ਤੇ ਛਾਪੇਮਾਰੀ ਦੌਰਾਨ ਏਜੰਟਾਂ ਦੇ ਟਿਕਾਣਿਆਂ ਤੋਂ ਦਸਤਾਵੇਜ਼, ਨਕਦੀ ਤੇ ਇਲੈਕਟ੍ਰੋਨਿਕ ਡਿਵਾਇਸਾਂ ਵੀ ਬਰਾਮਦ ਕੀਤੀਆਂ ਗਈਆ ਹਨ।
ਅਧਿਕਾਰੀਆਂ ਮੁਤਾਬਕ, ਇਹ ਨੈੱਟਵਰਕ ਪੰਜਾਬ ਹਰਿਆਣਾ ਦੇ ਪੇਂਡੂ ਇਲਾਕਿਆਂ ‘ਚ ਜ਼ਿਆਦਾ ਐਕਟਿਵ ਹੈ ਤੇ ਬੋਰੋਜ਼ਗਾਰੀ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦਿਖਾ ਕੇ ਠੱਗਿਆ ਜਾਂਦਾ ਹੈ। ਈਡੀ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਇਸ ਪੂਰੇ ਨੈੱਟਵਰਕ ਨੂੰ ਖ਼ਤਮ ਕਰਨ ਤੇ ਮੁਲਜ਼ਮਾਂ ਨੂੰ ਕਾਨੂੰਨ ਦੇ ਦਾਇਰੇ ‘ਚ ਲਿਆਉਣ ਦੀ ਜਾਂਚ ਜਾਰੀ ਰਹੇਗੀ।