ਆਪਸ ਵਿੱਟ ਬਹਿਸ ਕਰਦੇ ਹੋਏ ਲੋਕ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਪੁਲਿਸ ਅਧਿਕਾਰੀ
ਜਲੰਧਰ ਵਿੱਚ ਬੱਚਿਆਂ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਝਗੜਾ ਹੋ ਗਿਆ। ਇਲਜ਼ਾਮ ਹੈ ਕਿ ਇੱਕ ਧਿਰ ਨੇ ਗਲੀ ਵਿੱਚ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਇਲਾਕੇ ‘ਚ ਕਾਫੀ ਭੰਨਤੋੜ ਕੀਤੀ ਗਈ ਅਤੇ ਘਰਾਂ ‘ਤੇ ਪਥਰਾਅ ਵੀ ਕੀਤਾ ਗਿਆ। ਇਹ ਘਟਨਾ ਬੀਤੇ ਐਤਵਾਰ ਨੂੰ ਫਿਲੌਰ ‘ਚ ਵਾਪਰੀ।
ਇਲਾਕੇ ਦੇ ਸਾਬਕਾ ਕੌਂਸਲਰ ਦਾ ਵੀ ਇੱਕ ਘਰ ਸੀ ਜਿੱਥੇ ਇਹ ਘਟਨਾ ਵਾਪਰੀ ਸੀ। ਲੋਕਾਂ ਨੇ ਕੌਂਸਲਰ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਤੇ ਮਾਮਲੇ ਸ਼ਾਂਤ ਕਰਵਾਇਆ। ਪੁਲਿਸ ਨੇ ਸੋਮਵਾਰ ਸਵੇਰੇ ਇਸ ਮਾਮਲੇ ‘ਚ ਮਾਮਲਾ ਦਰਜ ਕਰਨ ਦੀ ਕਾਰਵਾਈ ਅਰੰਭ ਦਿੱਤੀ ਹੈ। ਹੁਣ ਇਸ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਲੋਕ ਪਥਰਾਅ ਕਰਦੇ ਨਜ਼ਰ ਆ ਰਹੇ ਹਨ।
ਔਰਤ ਦਾ ਇਲਜ਼ਾਮ- ਪਤੀ ‘ਤੇ ਚਲਾਈ ਗੋਲੀ
ਫਿਲੌਰ ਦੀ ਰਹਿਣ ਵਾਲੀ ਪੂਜਾ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਗੁਆਂਢੀ ਮਨੀ ਦਾ ਲੜਕਾ ਬਿਨਾਂ ਕਿਸੇ ਕਾਰਨ ਬੱਚੇ ਨਾਲ ਲੜਨ ਲੱਗ ਪਿਆ। ਪੂਜਾ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਬੱਚਿਆਂ ਨੂੰ ਡਾਂਟ ਕੇ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਜਦੋਂ ਉਸ ਦਾ ਪਤੀ ਵਿਜੇ ਸ਼ਿਕਾਇਤ ਲੈ ਕੇ ਮਨੀ ਦੇ ਘਰ ਗਿਆ ਤਾਂ ਮਨੀ ਨੇ ਵਿਜੇ ਨੂੰ ਥੱਪੜ ਮਾਰ ਦਿੱਤਾ। ਵਿਜੇ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਮਨੀ ਦੇ ਪਰਿਵਾਰ ਦੀ ਉਸ ਦੇ ਪਰਿਵਾਰ ਨਾਲ ਰੰਜਿਸ਼ ਸੀ।
ਇਹ ਵੀ ਪੜ੍ਹੋ- ਬਿਜਲੀ ਦੇ ਖੰਭੇ ਨਾਲ ਟਕਰਾਇਆ ਸਕੂਲੀ ਬੱਚੇ ਲੈਕੇ ਜਾ ਰਿਹਾ ਈ-ਰਿਕਸ਼ਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਏਐਸਆਈ ਹਰਭਜਨ ਲਾਲ ਨੇ ਦੱਸਿਆ ਕਿ ਪੁਲੀਸ ਨੇ ਮੌਕੇ ਤੇ 2 ਖੋਲ ਬਰਾਮਦ ਕੀਤੇ ਹਨ। ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਗੋਲੀਬਾਰੀ ਇੱਕ ਧਿਰ ਵੱਲੋਂ ਕੀਤੀ ਗਈ ਸੀ ਜਾਂ ਦੋਵਾਂ ਧਿਰਾਂ ਵੱਲੋਂ। CCTV ਕੈਮਰੇ ਦੇ ਆਧਾਰ ‘ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। CCTV ‘ਚ ਪਿਓ-ਪੁੱਤ ਪੱਥਰ ਸੁੱਟਦੇ ਨਜ਼ਰ ਆ ਰਹੇ ਹਨ। ਇਸ ਕੇਸ ਵਿੱਚ ਪੁਲੀਸ ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਜਲਦੀ ਹੀ ਮੁਲਜ਼ਮਾਂ ਦੇ ਨਾਂ ਵੀ ਇਸ ਮਾਮਲੇ ਵਿੱਚ ਸ਼ਾਮਲ ਕਰ ਲਏ ਜਾਣਗੇ।