ਫਿਰੋਜ਼ਪੁਰ: RSS ਆਗੂ ਦੀਨਾਨਾਥ ਦੇ ਪੋਤੇ ਦਾ ਕਤਲ, ਬਦਮਾਸ਼ਾਂ ਨੇ ਨਵੀਨ ਕੁਮਾਰ ਦੇ ਸਿਰ ‘ਤੇ ਮਾਰੀ ਗੋਲੀ

Updated On: 

16 Nov 2025 11:59 AM IST

Firozpur Naveen Kumar Murder: ਫਿਰੋਜ਼ਪੁਰ ਵਿੱਚ RSS ਆਗੂ ਦੀਨਾਨਾਥ ਦੇ ਪੋਤੇ ਦਾ ਕਤਲ ਕਰ ਦਿੱਤਾ ਗਿਆ। ਨਵੀਨ ਕੁਮਾਰ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀ ਲੱਗਣ ਕਾਰਨ ਨਵੀਨ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਫਿਰੋਜ਼ਪੁਰ: RSS ਆਗੂ ਦੀਨਾਨਾਥ ਦੇ ਪੋਤੇ ਦਾ ਕਤਲ, ਬਦਮਾਸ਼ਾਂ ਨੇ ਨਵੀਨ ਕੁਮਾਰ ਦੇ ਸਿਰ ਤੇ ਮਾਰੀ ਗੋਲੀ
Follow Us On

Firozpur Naveen Kumar Murder: ਫਿਰੋਜ਼ਪੁਰ ਵਿੱਚ ਸ਼ਨੀਵਾਰ ਰਾਤ ਨੂੰ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਬਾਰੀ ਵਿੱਚ ਆਰਐਸਐਸ ਆਗੂ ਦੀਨਾਨਾਥ ਦੇ ਪੋਤੇ ਦਾ ਕਤਲ ਕਰ ਦਿੱਤਾ ਗਿਆ। ਗੋਲੀ ਨਵੀਨ ਕੁਮਾਰ ਦੇ ਸਿਰ ਵਿੱਚ ਲੱਗੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਘਟਨਾ ਬਾਰੇ ਚਸ਼ਮਦੀਦਾਂ ਨੇ ਦੱਸਿਆ ਕਿ ਆਰ.ਐਸ.ਐਸ. ਦੇ ਸੀਨੀਅਰ ਆਗੂ ਬਲਦੇਵ ਰਾਜ ਅਰੋੜਾ ਦਾ ਪੁੱਤਰ ਨਵੀਨ ਅਰੋੜਾ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਇੱਕ ਦੁਕਾਨ ਚਲਾਉਂਦਾ ਸੀ। ਸ਼ਨੀਵਾਰ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਜਦੋਂ ਦੋ ਹਮਲਾਵਰਾਂ ਨੇ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ। ਨਵੀਨ ਦੇ ਸਿਰ ਵਿੱਚ ਗੋਲੀ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਗੋਲੀਬਾਰੀ ਤੋਂ ਬਾਅਦ ਮੱਚੀ ਭਗਦੜ

ਗੋਲੀਬਾਰੀ ਦੀ ਆਵਾਜ਼ ਨਾਲ ਬਾਜ਼ਾਰ ਵਿੱਚ ਭਗਦੜ ਮਚ ਗਈ। ਆਰਐਸਐਸ ਵਰਕਰ ਰਾਜੇਸ਼ ਖੁਰਾਨਾ ਨੇ ਦੱਸਿਆ ਕਿ ਨਵੀਨ ਆਜ਼ਾਦੀ ਤੋਂ ਪਹਿਲਾਂ ਦੇ ਆਰਐਸਐਸ ਨੇਤਾ ਦੀਨਾਨਾਥ ਅਰੋੜਾ ਦਾ ਪੋਤਾ ਹੈ। ਉਹ ਇੱਕ ਦੁਕਾਨ ਚਲਾਉਂਦਾ ਸੀ। ਮੁਲਜ਼ਮਾਂ ਨੇ ਯੂਕੋ ਬੈਂਕ ਨੇੜੇ ਉਸ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਵਪਾਰੀਆਂ ਅਤੇ ਪਰਿਵਾਰ ਵਿੱਚ ਕਾਫੀ ਰੋਸ ਹੈ।

ਲੰਬੇ ਸਮੇਂ ਤੋਂ ਪਰਿਵਾਰ RSS ਨਾਲ ਜੁੜਿਆ

ਮ੍ਰਿਤਕ ਦੇ ਪਿਤਾ ਬਲਦੇਵ ਅਤੇ ਵਪਾਰ ਬੋਰਡ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਦੱਸਿਆ ਕਿ ਨਵੀਨ ਦੁਕਾਨ ਤੋਂ ਘਰ ਗਿਆ ਸੀ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਨ ਦੇ ਦੋ ਛੋਟੇ ਬੱਚੇ ਹਨ। ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਆਰਐਸਐਸ ਨਾਲ ਜੁੜਿਆ ਹੋਇਆ ਹੈ। ਪੁਲਿਸ ਨੂੰ ਹਮਲਾਵਰਾਂ ਨੂੰ ਜਲਦੀ ਫੜਨਾ ਚਾਹੀਦਾ ਹੈ ਅਤੇ ਇਸ ਘਟਨਾ ਦੇ ਕਾਰਨਾ ਦੀ ਜਾਂਚ ਕਰਨੀ ਚਾਹੀਦੀ ਹੈ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਤਾਈ ਚਿੰਤਾ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਰੋਜ਼ਪੁਰ ਵਿੱਚ ਹੋਏ ਨਵੀਨ ਕੁਮਾਰ ਕਤਲਕਾਂਡ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਸ ਦੌਰਾਨ ਉਨ੍ਹਾਂ ਨੇ ਮੁਰਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਹਮਲਾਵਰਾਂ ਨੂੰ ਫੜਨ ਲਈ ਟੀਮਾਂ ਦਾ ਗਠਨ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੌਕੇ ‘ਤੇ ਪਹੁੰਚ ਕੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।