ਸੂਟ-ਸਲਵਾਰ ਪਾਇਆ, ਬਿੰਦੀ-ਲਿਪਸਟਿਕ ਵੀ ਲਗਾਈ, ਕੁੜੀ ਬਣਕੇ ਪੇਪਰ ਦੇਣ ਪਹੁੰਚਿਆਂ ਮੁੰਡਾ ਇੰਝ ਚੜ੍ਹਿਆ ਅੜ੍ਹਿਕੇ

Published: 

08 Jan 2024 17:36 PM

ਅਕਸਰ ਹੀ ਤੁਸੀਂ ਪੇਪਰਾਂ ਵਿੱਚ ਨਕਲ ਹੁੰਦੀ ਸੁਣੀ ਜਾਂ ਵੇਖੀ ਹੋਣੀ ਹੈ ਪਰ ਕਦੇ ਇਹ ਸੁਣਿਆ ਹੈ ਕਿ ਲੜਕੀ ਦੀ ਥਾਂ ਤੇ ਪੇਪਰ ਦੇਣ ਕੋਈ ਲੜਕਾਂ ਪ੍ਰੀਖਿਆ ਕੇਂਦਰ ਤੇ ਚਲਾ ਜਾਵੇ। ਫਰੀਦਕੋਟ ਦੇ ਕੋਟਕਪੂਰਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਪੈਰਾਮੈਡੀਕਲ ਅਸਾਮੀਆਂ ਲਈ ਪ੍ਰੀਖਿਆ ਹੋ ਰਹੀ ਸੀ। ਉੱਥੇ ਇੱਕ ਲੜਕਾ ਲੜਕੀ ਬਣਕੇ ਪ੍ਰੀਖਿਆ ਕੇਂਦਰ ਤੇ ਪਹੁੰਚਿਆ ਅਤੇ ਉਹ ਆਪਣੀ ਇੱਕ ਗਲਤੀ ਨਾਲ ਫੜਿਆ ਗਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੂਟ-ਸਲਵਾਰ ਪਾਇਆ, ਬਿੰਦੀ-ਲਿਪਸਟਿਕ ਵੀ ਲਗਾਈ, ਕੁੜੀ ਬਣਕੇ ਪੇਪਰ ਦੇਣ ਪਹੁੰਚਿਆਂ ਮੁੰਡਾ ਇੰਝ ਚੜ੍ਹਿਆ ਅੜ੍ਹਿਕੇ
Follow Us On

ਪੰਜਾਬ ਦੇ ਫਰੀਦਕੋਟ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕੋਟਕਪੂਰਾ ‘ਚ ਐਤਵਾਰ ਨੂੰ ਬਾਬਾ ਫਰੀਦ ਯੂਨੀਵਰਸਿਟੀ ‘ਚ ਪੈਰਾ ਮੈਡੀਕਲ ਦੀ ਭਰਤੀ ਲਈ ਲਈ ਜਾ ਰਹੀ ਪ੍ਰੀਖਿਆ ‘ਚ ਇਕ ਲੜਕੇ ਨੇ ਲੜਕੀ ਦੇ ਭੇਸ ‘ਚ ਪ੍ਰੀਖਿਆ ਕੇਂਦਰ ‘ਚ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਨਕਲੀ ਵਾਲਾਂ ਤੋਂ ਲੈ ਕੇ ਸੂਟ-ਸਲਵਾਰ ਅਤੇ ਬਿੰਦੀ-ਲਿਪਸਟਿਕ ਤੱਕ ਸਭ ਕੁਝ ਕੁੜੀਆਂ ਵਾਂਘ ਕੀਤਾ ਹੋਇਆ ਸੀ।

ਘਟਨਾ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਦੀ ਹੈ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਅਧਿਆਪਕ ਨੇ ਉਸ ਤੋਂ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਕੀਤੀ। ਫੜ੍ਹੇ ਗਏ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਉਹ ਫਾਜ਼ਿਲਕਾ ਦੇ ਪਿੰਡ ਢਾਣੀ ਦੀ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ। ਪੁੱਛਗਿੱਛ ਤੋਂ ਬਾਅਦ ਅਧਿਆਪਕਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਜ਼ਆਲੀ ਪਛਾਣ ਪੱਤਰ ਲੈਕੇ ਆਇਆ ਲੜਕਾ

ਪੈਰਾਮੈਡੀਕਲ ਅਸਾਮੀਆਂ ਲਈ ਚੱਲ ਰਹੀ ਸੀ ਪ੍ਰੀਖਿਆ

ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੰਜਾਬ ਹੈਲਥ ਐਂਡ ਫੈਮਿਲੀ ਵਿਭਾਗ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਪ੍ਰੀਖਿਆ ਚੱਲ ਰਹੀ ਸੀ। ਜਿਸ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਐਮਪੀਐਚਡਬਲਯੂ) ਦੀਆਂ 806 ਅਸਾਮੀਆਂ ਅਤੇ ਅੱਖਾਂ ਦੇ ਡਾਕਟਰ ਦੀਆਂ 83 ਅਸਾਮੀਆਂ ਲਈ ਭਰਤੀ ਕੀਤੀ ਗਈ ਸੀ। ਐਤਵਾਰ ਨੂੰ ਹੋਈ ਪ੍ਰੀਖਿਆ ਲਈ ਯੂਨੀਵਰਸਿਟੀ ਨੇ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਪ੍ਰੀਖਿਆ ਕੇਂਦਰ ਬਣਾਏ ਸਨ। ਜਿਸ ਵਿੱਚ 7500 ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਮੁਲਜ਼ਮ ਨੌਜਵਾਨ ਕੋਲ ਪਹਿਚਾਣ ਪੱਤਰ ਦੇ ਤੌਰ ਤੇ ਜਾਅਲੀ ਆਧਾਰ-ਵੋਟਰ ਕਾਰਡ ਵੀ ਸੀ।

ਇੰਝ ਹੋਇਆ ਖੁਲਾਸਾ

ਇਮਤਿਹਾਨ ਸ਼ੁਰੂ ਹੁੰਦੇ ਹੀ ਪ੍ਰੀਖਿਆ ਕੇਂਦਰ ‘ਤੇ ਤਾਇਨਾਤ ਅਧਿਆਪਕ ਨੂੰ ਉਸ ‘ਤੇ ਸ਼ੱਕ ਹੋ ਗਿਆ, ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਲੜਕਾ ਹੈ ਨਾ ਕਿ ਲੜਕੀ। ਜਦੋਂ ਅਧਿਆਪਕਾਂ ਨੇ ਉਸ ਦਾ ਆਧਾਰ ਅਤੇ ਵੋਟਰ ਕਾਰਡ ਚੈੱਕ ਕੀਤਾ ਤਾਂ ਉਹ ਵੀ ਜਾਅਲੀ ਪਾਇਆ ਗਿਆ। ਉਸ ‘ਤੇ ਪਰਮਜੀਤ ਕੌਰ ਦਾ ਨਾਂ ਸੀ ਅਤੇ ਫੋਟੋ ਵੀ ਵੱਖਰੀ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲੈ ਗਈ।

ਨੌਜਵਾਨ ਖਿਲਾਫ਼ ਹੋਵੇਗੀ ਕਾਰਵਾਈ-SSP

ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਲੜਕੀ ਦੀ ਥਾਂ ਪੇਪਰ ਦਿੰਦੇ ਫੜੇ ਗਏ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਜਿਸ ਲੜਕੀ ਦੀ ਥਾਂ ਉਹ ਪੇਪਰ ਦੇਣ ਆਇਆ ਸੀ, ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।