ਸੰਕੇਤਕ ਤਸਵੀਰ
ਹੈਦਰਾਬਾਦ ਏਅਰਪੋਰਟ ‘ਤੇ ਸੋਮਵਾਰ ਨੂੰ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ
ਫਲਾਈਟ ‘ਚ ਬੰਬ ਹੋਣ ਦੀ ਖਬਰ ਇਕ ਫੋਨ ਕਾਲ ‘ਤੇ ਦਿੱਤੀ ਗਈ। ਦਰਅਸਲ, ਬਾਅਦ ਵਿੱਚ ਪਤਾ ਲੱਗਾ ਕਿ ਇਹ ਹਰਕਤ ਇੱਕ ਯਾਤਰੀ ਨੇ ਕੀਤੀ ਹੈ ਜੋ ਫਲਾਈਟ ਵਿੱਚ ਸਫਰ ਕਰਨ ਜਾ ਰਿਹਾ ਸੀ। ਅਸਲ ਵਿੱਚ ਉਸਨੂੰ ਡਰ ਸੀ ਕਿ ਕਿਤੇ ਲੇਟ ਹੋਣ ਕਾਰਨ ਉਸਦੀ ਫਲਾਈਟ ਨਾ ਮਿਸ ਹੋ ਜਾਵੇ। ਯਾਤਰੀ ਹੈਦਰਾਬਾਦ ਤੋਂ ਚੇਨਈ ਜਾ ਰਿਹਾ ਸੀ। ਉਸ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੋਨ ਕਰਕੇ ਫਲਾਈਟ ‘ਚ ਬੰਬ ਹੋਣ ਦੀ ਝੂਠੀ ਖਬਰ ਦਿੱਤੀ।
ਜਾਂਚ ਦੌਰਾਨ ਪਤਾ ਚੱਲੀ ਸੱਚਾਈ
ਬੰਬ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਮੁਲਾਜਮਾਂ ਨੇ ਫਲਾਈਟ ਨੂੰ ਤੁਰੰਤ ਖਾਲੀ ਕਰਵਾਇਆ ਅਤੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ। ਜਦੋਂ ਸੁਰੱਖਿਆ ਕਰਮਚਾਰੀ ਫਲਾਈਟ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕਾਲ ਇਕ ਯਾਤਰੀ ਦੁਆਰਾ ਕੀਤੀ ਗਈ ਸੀ ਜਿਸ ਨੂੰ ਚੇਨਈ ਜਾਣ ਵਾਲੀ ਫਲਾਈਟ ਫੜਣ ਚ ਦੇਰ ਹੋ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜਮ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਦੇ ਖਿਲਾਫ
ਅਪਰਾਧਿਕ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਲਖਨਊ ਵਿੱਚ ਹੋਈ ਐਮਰਜੈਂਸੀ ਲੈਂਡਿੰਗ
ਇੰਡੀਗੋ ਨੇ ਸੋਮਵਾਰ ਨੂੰ ਕਿਹਾ ਕਿ ਬੰਬ ਦੀ ਧਮਕੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਦੇਵਗੜ੍ਹ ਜਾਣ ਵਾਲੀ ਇਕ ਫਲਾਈਟ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਜ਼ਰੂਰੀ
ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ, ਜਹਾਜ ਨੂੰ ਉਡਾਣ ਭਰਨ ਲਈ ਮਨਜ਼ੂਰੀ ਦਿੱਤੀ ਗਈ ਸੀ ਅਤੇ ਏਅਰਲਾਈਨ ਜਾਂਚ ਵਿਚ ਸੁਰੱਖਿਆ ਏਜੰਸੀਆਂ ਦੇ ਨਿਯਮਾਂ ਦੀ ਪਾਲਣਾ ਕਰ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਓਡੀਸ਼ਾ ਦੇ ਦੇਵਗੜ੍ਹ ਜਾ ਰਹੀ
ਇੰਡੀਗੋ ਦੀ ਉਡਾਣ 6E 6191 ਨੂੰ ਸੋਮਵਾਰ ਨੂੰ ਬੰਬ ਦੀ ਧਮਕੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਖਨਊ ਵੱਲ ਮੋੜ ਦਿੱਤਾ ਗਿਆ। ਜਹਾਜ ‘ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ ਹੈ।