ਦੁਬਈ ਤੋਂ ਨਜਾਇਜ਼ ਤਰੀਕੇ ਨਾਲ ਸੋਨਾ ਲਿਆਉਣ ਵਾਲਾ ਸ਼ਖਸ ਗ੍ਰਿਫਤਾਰ, 1.159 ਕਿਲੋ ਸੋਨਾ ਬਰਾਮਦ
ਦੁਬਈ ਤੋਂ ਆ ਰਹੇ ਅੰਮ੍ਰਿਤਸਰ ਦੇ ਰਹਿਣ ਵਾਲੇ ਯਾਤਰੀ ਤੋਂ 1 ਕਿਲੋ 158 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਮਾਮਲੇ ਦਾ ਪਰਦਾਫਾਸ਼ ਕਰ ਮੁਲਜਮ ਨੂੰ ਗ੍ਰਿਫਤਾਰ ਕੀਤਾ।
ਲਗਾਤਾਰ ਹੋ ਰਹੀਆਂ ਹਨ ਤਸਕਰੀ ਦੀਆਂ ਨਕਾਮ ਕੋਸ਼ਿਸ਼ਾਂ
ਇਸ ਤੋਂ ਪਹਿਲਾਂ ਇਸੇ ਏਅਰਪੋਰਟ ਤੇ ਸੋਨੇ ਦੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਕੁਝ ਦਿਨਾਂ ਵਿੱਚ ਹੀ ਕਸਟਮ ਵਿਭਾਗ ਨੇ ਅਜਿਹੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਦੁਬਈ ਤੋਂ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਮਾਮਲਿਆਂ ਵਿੱਚ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਸਨ, ਜਿਨ੍ਹਾਂ ਚ ਯਾਤਰੀ ਆਪਣੇ ਗੁਪਤਾਂਗਾਂ ਵਿੱਚ ਸੋਨੇ ਦੇ ਕੈਪਸੂਲ ਬਣਾ ਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕਸਟਮ ਵਿਭਾਗ ਦੀ ਮੁਸਤੈਦੀ ਕਰਕੇ ਇਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਪਾਈਆਂ ਹਨ। ਉੱਧਰ, ਹਾਲ ਹੀ ਵਿੱਚ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਕੌਮਾਂਤਰੀ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਸੀ। ਇਸ ਦੇ ਮੁਲਜਮਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਹ ਲੋਕ ਦੁਬਈ ਤੋਂ ਯਾਤਰੀਆਂ ਦੇ ਸਮਾਨ ਵਿੱਚ ਸੋਨੇ ਦੀ ਪੇਸਟ ਬਣਾ ਕੇ ਭੇਜਦੇ ਸਨ। ਬਦਲੇ ਵਿੱਚ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੇ ਦਿੰਦੇ ਸਨ।
Follow Us
