ਅਕਾਲੀ ਆਗੂ ਸੁਰਜੀਤ ਸਿੰਘ ਦੀ ਹੁਸ਼ਿਆਰਪੁਰ ‘ਚ ਗੋਲੀ ਮਾਰ ਕੇ ਹੱਤਿਆ, ਬਾਈਕ ‘ਤੇ ਆਏ ਸਨ ਹਮਲਾਵਰ
10 ਦਿਨ ਪਹਿਲਾਂ ਪੰਜਾਬ ਦੇ ਮੋਗਾ ਵਿੱਚ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੱਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਹੁਸ਼ਿਆਰਪੁਰ ਵਿੱਚ ਅਕਾਲੀ ਆਗੂ ਸੁਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬਾਈਕ 'ਤੇ ਆਏ ਹਮਲਾਵਰਾਂ ਨੇ ਸੁਰਜੀਤ ਸਿੰਘ ਨੂੰ ਗੋਲੀਆਂ ਮਾਰੀਆਂ। ਦੱਸ ਦਈਏ ਕਿ ਹਮਲਾਵਰਾਂ ਨੇ ਘਾਤ ਲਗਾ ਕੇ ਹਮਲਾ ਕੀਤਾ।
ਹੁਸ਼ਿਆਰਪੁਰ ‘ਚ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵੀਰਵਾਰ ਦੇਰ ਸ਼ਾਮ ਅਕਾਲੀ ਆਗੂ ਅਤੇ ਦੋ ਵਾਰ ਸਰਪੰਚ ਰਹਿ ਚੁੱਕੇ ਸੁਰਜੀਤ ਸਿੰਘ ਦੀ ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਮੇਗੋਵਾਲ ਗੰਜੀਆਂ ਵਿਖੇ ਇੱਕ ਦੁਕਾਨ ‘ਤੇ ਖੜ੍ਹੇ ਸਨ। ਉੱਥੇ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪਿੰਡ ਵਾਸੀ ਤੁਰੰਤ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਅਕਾਲੀ ਆਗੂ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਹਾਲਾਂਕਿ ਅਜੇ ਤੱਕ ਇੱਕ ਵੀ ਹਮਲਾਵਰ ਫੜਿਆ ਨਹੀਂ ਗਿਆ ਹੈ।
ਬਾਈਕ ‘ਤੇ ਆਏ ਸਨ ਹਮਲਾਵਰ
ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਸੁਰਜੀਤ ਸਿੰਘ ‘ਤੇ ਹਮਲਾ ਕਰ ਦਿੱਤਾ। ਤਿੰਨ ਗੋਲੀਆਂ ਉਨ੍ਹਾਂ ਦੇ ਸਰੀਰ ‘ਤੇ ਲੱਗੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਰਜੀਤ ਸਿੰਘ ਅਣਖੀ ਪਿੰਡ ਦੇ ਦੋ ਵਾਰ ਸਰਪੰਚ ਰਹੇ ਅਤੇ ਹੁਣ ਉਨ੍ਹਾਂ ਦੀ ਪਤਨੀ ਪਿੰਡ ਦੀ ਸਰਪੰਚ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਦੀ ਇਸ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਸੁਰਜੀਤ ਸਿੰਘ ਦੇ ਪੇਟ ਤੇ ਛਾਤੀ ਵਿੱਚ ਲੱਗੀ ਗੋਲੀ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਵੀਰਵਾਰ ਦੇਰ ਸ਼ਾਮ ਪਿੰਡ ਅਣਖੀ ਵਿਖੇ ਕਰਿਆਨੇ ਦੀ ਦੁਕਾਨ ‘ਤੇ ਖੜ੍ਹਾ ਸੀ। ਇਸ ਦੌਰਾਨ ਬਾਈਕ ‘ਤੇ ਦੋ ਨੌਜਵਾਨ ਉਥੇ ਆਏ। ਨੌਜਵਾਨਾਂ ਨੇ ਅਣਖੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਅਣਖੀ ਦੇ ਪੇਟ ਅਤੇ ਛਾਤੀ ਵਿੱਚ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਅਣਖੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
10 ਦਿਨ ਪਹਿਲਾਂ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ
ਅਜੇ 10 ਦਿਨ ਪਹਿਲਾਂ ਹੀ ਪੰਜਾਬ ਦੇ ਮੋਗਾ ‘ਚ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਕਾਂਗਰਸੀ ਆਗੂ ਬਲਜਿੰਦਰ ਸਿੰਘ ਬੱਲੀ ਨੂੰ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਗੋਲੀ ਮਾਰ ਦਿੱਤੀ। ਬਦਮਾਸ਼ ਦੋ ਬਾਈਕ ‘ਤੇ ਬਲਜਿੰਦਰ ਦੇ ਪਿੰਡ ਆਏ ਸਨ। ਬਦਮਾਸ਼ਾਂ ਨੇ ਬੱਲੀ ‘ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੈਂਗਸਟਰ ਅਰਸ਼ ਡਾਲਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।