ਅਦਾਕਾਰਾ ਤਾਨੀਆ ਦੇ ਪਿਤਾ ਦੀ ਹਾਲਤ ਨਾਜ਼ੁਕ, ਸੀਸੀਟੀਵੀ ਆਈ ਸਾਹਮਣੇ, ਤਿੰਨ ਮਹੀਨੇ ਵਾਪਸ ਲਈ ਸੀ ਸੁਰੱਖਿਆ

munish-jindal
Updated On: 

05 Jul 2025 23:43 PM IST

ਇਸ ਮਾਮਲੇ ਵਿੱਚ ਪੁਲਿਸ ਫਿਰੌਤੀ ਦੇ ਕੋਣ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਡਾਕਟਰ ਅਤੇ ਅਦਾਕਾਰਾ ਦੇ ਪਿਤਾ ਨੂੰ ਅੱਤਵਾਦੀ ਲਖਬੀਰ ਲੰਡਾ ਦੇ ਗੁੰਡੇ ਲੰਬੇ ਸਮੇਂ ਤੋਂ ਤੰਗ ਕਰ ਰਹੇ ਸਨ। ਦੋਸ਼ੀ ਉਨ੍ਹਾਂ ਤੋਂ ਲਗਭਗ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਡਾਕਟਰ ਕੰਬੋਜ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਦਾਕਾਰਾ ਤਾਨੀਆ ਦੇ ਪਿਤਾ ਦੀ ਹਾਲਤ ਨਾਜ਼ੁਕ, ਸੀਸੀਟੀਵੀ ਆਈ ਸਾਹਮਣੇ, ਤਿੰਨ ਮਹੀਨੇ ਵਾਪਸ ਲਈ ਸੀ ਸੁਰੱਖਿਆ
Follow Us On

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ। ਉਨ੍ਹਾਂ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਨੂੰ ਸ਼ੁੱਕਰਵਾਰ (4 ਜੁਲਾਈ) ਦੁਪਹਿਰ ਨੂੰ ਉਨ੍ਹਾਂ ਦੇ ਆਪਣੇ ਕਲੀਨਿਕ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਸਨ। ਇਹ ਘਟਨਾ ਮੋਗਾ ਦੇ ਕੋਟ ਈਸੇ ਖਾਂ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਹਰਬੰਸ ਨਰਸਿੰਗ ਹੋਮ ਵਿੱਚ ਵਾਪਰੀ। ਡਾਕਟਰ ਨੂੰ ਗੋਲੀ ਮਾਰੀ ਜਾਣ ਦੀ ਸੀਸੀਟੀਵੀ ਫੁਟੇਜ ਸ਼ਨੀਵਾਰ ਨੂੰ ਸਾਹਮਣੇ ਆਈ ਹੈ।

ਇਸ ਮਾਮਲੇ ਵਿੱਚ ਪੁਲਿਸ ਫਿਰੌਤੀ ਦੇ ਕੋਣ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਡਾਕਟਰ ਅਤੇ ਅਦਾਕਾਰਾ ਦੇ ਪਿਤਾ ਨੂੰ ਅੱਤਵਾਦੀ ਲਖਬੀਰ ਲੰਡਾ ਦੇ ਗੁੰਡੇ ਲੰਬੇ ਸਮੇਂ ਤੋਂ ਤੰਗ ਕਰ ਰਹੇ ਸਨ। ਦੋਸ਼ੀ ਉਨ੍ਹਾਂ ਤੋਂ ਲਗਭਗ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਘਟਨਾ ਤੋਂ ਬਾਅਦ, ਡਾਕਟਰ ਕੰਬੋਜ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵਿੱਚ ਦੋ ਪੱਗ ਵਾਲੇ ਨਿਸ਼ਾਨੇਬਾਜ਼ ਕਲੀਨਿਕ ਦੇ ਨਾਲ ਲੱਗਦੀ ਗਲੀ ਵਿੱਚ ਭੱਜਦੇ ਦੇਖੇ ਜਾ ਸਕਦੇ ਹਨ।

ਅਦਾਕਾਰਾ ਤਾਨੀਆ ਨੇ ਸਾਂਝੀ ਕੀਤੀ ਪ੍ਰਤੀਕਿਰਿਆ

ਤਾਨੀਆ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਸੀ, “ਇਹ ਤਾਨੀਆ ਅਤੇ ਉਸ ਦੇ ਪਰਿਵਾਰ ਲਈ ਇੱਕ ਬਹੁਤ ਹੀ ਮੁਸ਼ਕਲ ਅਤੇ ਭਾਵਨਾਤਮਕ ਸਮਾਂ ਹੈ। ਅਸੀਂ ਮੀਡੀਆ ਅਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਸਾਨੂੰ ਕੁਝ ਸਮਾਂ ਦੇਣ। ਕਿਰਪਾ ਕਰਕੇ ਸਥਿਤੀ ‘ਤੇ ਅੰਦਾਜ਼ਾ ਨਾ ਲਗਾਓ ਅਤੇ ਅਫਵਾਹਾਂ ਨਾ ਫੈਲਾਓ। ਤੁਹਾਡੀ ਸਮਝ ਅਤੇ ਸਮਰਥਨ ਲਈ ਧੰਨਵਾਦ।”

ਮਰੀਜ਼ ਬਣ ਕੇ ਆਇਆ ਚਲਾਈਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਮੋਗਾ ਵਿੱਚ ਦਿਨ-ਦਿਹਾੜੇ ਵਾਪਰੀ, ਜਦੋਂ ਮਰੀਜ਼ ਅਤੇ ਹੋਰ ਬਹੁਤ ਸਾਰੇ ਸਟਾਫ ਮੈਂਬਰ ਕਲੀਨਿਕ ਵਿੱਚ ਮੌਜੂਦ ਸਨ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਅਨੁਸਾਰ, ਦੋ ਅਣਪਛਾਤੇ ਹਮਲਾਵਰ ਬਾਈਕ ‘ਤੇ ਆਏ ਅਤੇ ਮਰੀਜ਼ ਹੋਣ ਦਾ ਦਿਖਾਵਾ ਕਰਕੇ ਕਲੀਨਿਕ ਵਿੱਚ ਦਾਖਲ ਹੋਏ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਡਾਕਟਰ ਕੰਬੋਜ ਨੂੰ ਗੋਲੀ ਮਾਰ ਦਿੱਤੀ ਅਤੇ ਉੱਥੋਂ ਪੈਦਲ ਹੀ ਭੱਜ ਗਏ।

ਮੋਗਾ ਪੁਲਿਸ ਨੇ ਦੱਸਿਆ ਕਿ ਡਾਕਟਰ ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਸੀ ਜਦੋਂ ਦੋਵਾਂ ਹਮਲਾਵਰਾਂ ਨੇ ਨੇੜਿਓਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਡਾਕਟਰ ਕੰਬੋਜ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਹੈ। ਗੋਲੀਆਂ ਉਨ੍ਹਾਂ ਦੀ ਛਾਤੀ ਵਿੱਚ ਲੱਗੀਆਂ, ਜਿਨ੍ਹਾਂ ਨੂੰ ਡਾਕਟਰ ਨੇ ਕੱਢ ਲਿਆ ਹੈ।

ਅੱਤਵਾਦੀ ਲੰਡਾ ਤੋਂ ਮਿਲ ਚੁੱਕਿਆਂ ਹਨ ਧਮਕੀਆਂ

ਜਾਣਕਾਰੀ ਅਨੁਸਾਰ, ਡਾ. ਕੰਬੋਜ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ, ਹਾਲਾਂਕਿ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਪੁਲਿਸ ਹੁਣ ਮਾਮਲੇ ਦੀ ਜਬਰੀ ਵਸੂਲੀ ਦੇ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮਾਂ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਮੋਗਾ ਦਾ ਉਹ ਇਲਾਕਾ ਜਿੱਥੇ ਇਹ ਘਟਨਾ ਵਾਪਰੀ ਹੈ, ਬਹੁਤ ਭੀੜ-ਭੜੱਕੇ ਵਾਲਾ ਇਲਾਕਾ ਹੈ। ਪਰ ਦੋ ਸ਼ੂਟਰ ਆਰਾਮ ਨਾਲ ਆਏ ਅਤੇ ਬਿਨਾਂ ਕਿਸੇ ਡਰ ਦੇ ਉੱਥੋਂ ਭੱਜ ਗਏ। ਦਿਨ-ਦਿਹਾੜੇ ਵਾਪਰ ਰਹੀ ਅਜਿਹੀ ਘਟਨਾ ਮੋਗਾ ਪੁਲਿਸ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਹੈ।

ਤਿੰਨ ਮਹੀਨੇ ਵਾਪਸ ਲਈ ਸੀ ਸੁਰੱਖਿਆ

ਡੀਆਈਜੀ ਅਸ਼ਵਨੀ ਕਪੂਰ ਨੇ ਕਿਹਾ ਕਿ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਡਾ. ਅਨਿਲਜੀਤ ਕੰਬੋਜ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਜਿਸ ਨੂੰ 3 ਮਹੀਨੇ ਪਹਿਲਾਂ ਮਾਰਚ 2025 ਵਿੱਚ ਵਾਪਸ ਲੈ ਲਿਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਡਾ. ਅਨਿਲਜੀਤ ਨੂੰ ਵੀ ਧਮਕੀ ਭਰਿਆ ਫੋਨ ਆਇਆ ਸੀ, ਡੀਆਈਜੀ ਕਪੂਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਹਾਲ ਹੀ ਵਿੱਚ ਅਜਿਹਾ ਕੋਈ ਫੋਨ ਆਇਆ ਹੈ, ਤਾਂ ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਹੈ। ਪਰ ਫਿਰ ਵੀ ਡੀਆਈਜੀ ਅਸ਼ਵਨੀ ਕਪੂਰ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।