ਮਿਲੇਨੀਅਲਜ਼ ਨਿਕਲੇ Gen Z ਨਾਲੋਂ ਜ਼ਿਆਦਾ ਇੰਟੈਲੀਜੈਂਟ! ਖੋਜਕਰਤਾਵਾਂ ਨੇ ਕੀਤਾ ਹੈਰਾਨੀਜਨਕ ਦਾਅਵਾ, ਜਾਣੋ ਵੱਡਾ ਕਾਰਨ
ਅਕਸਰ ਇਹ ਮੰਨਿਆ ਜਾਂਦਾ ਹੈ ਕਿ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਨਾਲੋਂ ਕਿਤੇ ਜ਼ਿਆਦਾ ਸਮਾਰਟ ਅਤੇ ਤੇਜ਼ ਹੁੰਦੀ ਹੈ। ਇਸੇ ਲਈ ਕਿਸੇ ਵੀ ਚੀਜ਼ ਦੇ ਅਪਡੇਟਿਡ ਵਰਜ਼ਨ ਨੂੰ 'ਨੈਕਸਟ ਜਨਰੇਸ਼ਨ' ਕਿਹਾ ਜਾਂਦਾ ਹੈ।
ਅਕਸਰ ਇਹ ਮੰਨਿਆ ਜਾਂਦਾ ਹੈ ਕਿ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਨਾਲੋਂ ਕਿਤੇ ਜ਼ਿਆਦਾ ਸਮਾਰਟ ਅਤੇ ਤੇਜ਼ ਹੁੰਦੀ ਹੈ। ਇਸੇ ਲਈ ਕਿਸੇ ਵੀ ਚੀਜ਼ ਦੇ ਅਪਡੇਟਿਡ ਵਰਜ਼ਨ ਨੂੰ ‘ਨੈਕਸਟ ਜਨਰੇਸ਼ਨ’ ਕਿਹਾ ਜਾਂਦਾ ਹੈ। ਪਰ ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਹੈਰਾਨੀਜਨਕ ਰਿਪੋਰਟਾਂ ਅਤੇ ਅਧਿਐਨਾਂ ਨੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ।
ਅਧਿਐਨ ਮੁਤਾਬਕ, ਜੇਨ Z (Gen Z) ਆਪਣੇ ਤੋਂ ਪਹਿਲਾਂ ਵਾਲੀ ਪੀੜ੍ਹੀ ਦੇ ਮੁਕਾਬਲੇ ਘੱਟ ਬੁੱਧੀਮਾਨ ਪਾਈ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਮਿਲੇਨੀਅਲਜ਼’ (Millennials) ਇਕਲੌਤੀ ਅਜਿਹੀ ਪੀੜ੍ਹੀ ਹੈ, ਜੋ ਆਪਣੀ ਅਗਲੀ ਪੀੜ੍ਹੀ (Gen Z) ਨਾਲੋਂ ਜ਼ਿਆਦਾ ਇੰਟੈਲੀਜੈਂਟ ਸਾਬਤ ਹੋ ਰਹੀ ਹੈ।
ਬੌਧਿਕ ਸਮਰੱਥਾ ਵਿੱਚ ਗਿਰਾਵਟ ਦਾ ਮੁੱਖ ਕਾਰਨ: ਟੈਕਨਾਲੋਜੀ
ਮਾਹਿਰਾਂ ਦਾ ਮੰਨਣਾ ਹੈ ਕਿ ਜੇਨ Z ਅਜਿਹੀ ਪਹਿਲੀ ਪੀੜ੍ਹੀ ਬਣ ਸਕਦੀ ਹੈ ਜਿਸ ਦੀ ਬੌਧਿਕ ਸਮਰੱਥਾ ਉਸ ਦੇ ਮਾਪਿਆਂ ਜਾਂ ਪਹਿਲੀਆਂ ਪੀੜ੍ਹੀਆਂ ਨਾਲੋਂ ਕਮਜ਼ੋਰ ਹੈ। ਅਧਿਐਨਾਂ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਪੜ੍ਹਾਈ ਅਤੇ ਰੋਜ਼ਾਨਾ ਦੇ ਕੰਮਾਂ ਲਈ ਟੈਕਨਾਲੋਜੀ ‘ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰਤਾ ਨੇ ਨੌਜਵਾਨਾਂ ਦੀ ਸੋਚਣ-ਸਮਝਣ ਅਤੇ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ।
IQ ਪੱਧਰ ਵਿੱਚ ਵੀ ਦੇਖੀ ਗਈ ਗਿਰਾਵਟ
ਮਸ਼ਹੂਰ ਨਿਊਰੋਸਾਇੰਟਿਸਟ ਅਤੇ ਸਾਬਕਾ ਅਧਿਆਪਕ ਡਾ. ਜੇਰੇਡ ਕੂਨੀ ਹੌਰਵਾਥ ਅਨੁਸਾਰ, ਭਾਵੇਂ ਜੇਨ Z ਨੂੰ ਪਹਿਲੀਆਂ ਪੀੜ੍ਹੀਆਂ ਦੇ ਮੁਕਾਬਲੇ ਜ਼ਿਆਦਾ ਰਸਮੀ ਸਿੱਖਿਆ (Formal Education) ਮਿਲੀ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦੇ ਬੌਧਿਕ ਵਿਕਾਸ (Cognitive Development) ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਕਾਗਰਤਾ (Attention Span), ਸਮੱਸਿਆ ਹੱਲ ਕਰਨ ਦੇ ਹੁਨਰ (Problem Solving), ਪੜ੍ਹਨ-ਲਿਖਣ ਦੀ ਸਮਰੱਥਾ, ਗਣਿਤ ਅਤੇ ਇੱਥੋਂ ਤੱਕ ਕਿ ਓਵਰਆਲ IQ ਵਿੱਚ ਵੀ ਜੇਨ Z ਮਿਲੇਨੀਅਲਜ਼ ਨਾਲੋਂ ਪਛੜ ਰਹੀ ਹੈ।
ਡਾ. ਹੌਰਵਾਥ ਨੇ ਅਮਰੀਕਾ ਦੀ ਸੈਨੇਟ ਕਮੇਟੀ ਸਾਹਮਣੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ‘ਐਡਟੈਕ’ (EdTech) ਯਾਨੀ ਵਿਦਿਅਕ ਟੈਕਨਾਲੋਜੀ ਦਾ ਬਹੁਤ ਜ਼ਿਆਦਾ ਇਸਤੇਮਾਲ ਇਸ ਗਿਰਾਵਟ ਦੀ ਵੱਡੀ ਵਜ੍ਹਾ ਹੈ। ਉਹਨਾਂ ਮੁਤਾਬਕ ਸਾਲ 2010 ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਨਸਿਕ ਯੋਗਤਾਵਾਂ ਵਿੱਚ ਕਮੀ ਆਉਣੀ ਸ਼ੁਰੂ ਹੋਈ, ਅਤੇ ਇਹ ਉਹੀ ਦੌਰ ਸੀ ਜਦੋਂ ਕਲਾਸਰੂਮਾਂ ਵਿੱਚ ਸਕਰੀਨਾਂ ਅਤੇ ਡਿਜੀਟਲ ਟੂਲਜ਼ ਤੇਜ਼ੀ ਨਾਲ ਵਧਣ ਲੱਗੇ।
ਇਹ ਵੀ ਪੜ੍ਹੋ
ਇਨਸਾਨੀ ਦਿਮਾਗ ਸਕਰੀਨਾਂ ਲਈ ਪ੍ਰੋਗਰਾਮਡ ਨਹੀਂ ਹੈ
ਡਾ. ਹੌਰਵਾਥ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਇੱਕ ਨੌਜਵਾਨ ਆਪਣੇ ਜਾਗਦੇ ਸਮੇਂ ਦਾ ਅੱਧੇ ਤੋਂ ਵੱਧ ਹਿੱਸਾ ਸਿਰਫ਼ ਸਕਰੀਨਾਂ ਨੂੰ ਦੇਖਣ ਵਿੱਚ ਬਿਤਾਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨਸਾਨੀ ਦਿਮਾਗ ਇਸ ਤਰ੍ਹਾਂ ਸਿੱਖਣ ਲਈ ਨਹੀਂ ਬਣਿਆ। ਮਨੁੱਖ ਦਾ ਕੁਦਰਤੀ ਸਿੱਖਣ ਪ੍ਰਣਾਲੀ ਆਹਮੋ-ਸਾਹਮਣੇ ਦੀ ਗੱਲਬਾਤ, ਗਹਿਰਾਈ ਨਾਲ ਕੀਤੀ ਪੜ੍ਹਾਈ ਅਤੇ ਅਸਲ ਜ਼ਿੰਦਗੀ ਦੇ ਅਨੁਭਵਾਂ ‘ਤੇ ਟਿਕੀ ਹੋਈ ਹੈ।
ਸਕਰੀਨ ‘ਤੇ ਅਧਾਰਿਤ ਪੜ੍ਹਾਈ ਨੇ ਇਸ ਕੁਦਰਤੀ ਪ੍ਰਕਿਰਿਆ ਵਿੱਚ ਵਿਘਨ ਪਾਇਆ ਹੈ। ਟੈਕਨਾਲੋਜੀ ਬੱਚਿਆਂ ਨੂੰ ਜਾਣਕਾਰੀ ਤਾਂ ਦਿੰਦੀ ਹੈ, ਪਰ ਇਹ ਉਹਨਾਂ ਵਿੱਚ ਸਵਾਲ ਪੁੱਛਣ ਅਤੇ ਚੀਜ਼ਾਂ ਨੂੰ ਡੂੰਘਾਈ ਨਾਲ ਸਮਝਣ ਦੀ ਆਦਤ ਨੂੰ ਕਮਜ਼ੋਰ ਕਰ ਦਿੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਐਜੂਕੇਸ਼ਨ ਟੈਕਨਾਲੋਜੀ ਨੂੰ ਹੋਰ ਅਪਗ੍ਰੇਡ ਕਰਨਾ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਖੁਦ ਟੈਕਨਾਲੋਜੀ ਹੀ ਮਨੁੱਖੀ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨਾਲ ਮੇਲ ਨਹੀਂ ਖਾਂਦੀ।
ਸੰਤੁਲਨ ਬਣਾਉਣਾ ਹੈ ਬੇਹੱਦ ਜ਼ਰੂਰੀ
ਇਹ ਸਮੱਸਿਆ ਸਿਰਫ਼ ਇੱਕ ਦੇਸ਼ ਤੱਕ ਸੀਮਤ ਨਹੀਂ ਹੈ। ਦੁਨੀਆ ਦੇ ਲਗਭਗ 80 ਦੇਸ਼ਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਵੇਂ ਹੀ ਸਕੂਲ ਪ੍ਰਣਾਲੀ ਵਿੱਚ ਡਿਜੀਟਲ ਟੈਕਨਾਲੋਜੀ ਦਾ ਇਸਤੇਮਾਲ ਵਧਿਆ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਗਿਰਾਵਟ ਆਉਣ ਲੱਗੀ। 60 ਸਾਲਾਂ ਦੇ ਡੇਟਾ ਦਾ ਹਵਾਲਾ ਦਿੰਦਿਆਂ ਹੌਰਵਾਥ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਪ੍ਰਣਾਲੀ ਵਿੱਚ ਟੈਕਨਾਲੋਜੀ ਅਤੇ ਮਨੁੱਖੀ ਸੰਵਾਦ ਵਿਚਕਾਰ ਸੰਤੁਲਨ ਨਹੀਂ ਬਣਾਇਆ ਗਿਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚਣ-ਸਮਝਣ ਦੀ ਸਮਰੱਥਾ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਸਕਦੀ ਹੈ।


