ਭਾਰਤ ਤੇ 26% ਨਹੀਂ 27% ਲੱਗੇਗਾ ਟੈਰਿਫ, ਵ੍ਹਾਈਟ ਹਾਊਸ ਦੇ ਦਸਤਾਵੇਜ਼ ਵਿੱਚ ਦਿਖਿਆ ਅੰਤਰ, ਦਿਗਜ ਬੋਲੇ-ਫ਼ਰਕ ਨਹੀਂ ਪੈਂਦਾ
Trump Tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਜਵਾਬੀ ਟੈਰਿਫ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਇਹ ਟੈਰਿਫ ਵਿਵਸਥਾ 2 ਅਪ੍ਰੈਲ ਦੀ ਅੱਧੀ ਰਾਤ ਤੋਂ ਹੀ ਲਾਗੂ ਹੋ ਗਈ ਹੈ। ਹਾਲਾਂਕਿ, ਟਰੰਪ ਦੁਆਰਾ ਰੋਜ਼ ਗਾਰਡਨ ਵਿੱਚ ਕੀਤੇ ਗਏ ਐਲਾਨਾਂ ਅਤੇ ਬਾਅਦ ਵਿੱਚ ਵ੍ਹਾਈਟ ਹਾਊਸ ਦੁਆਰਾ ਜਾਰੀ ਕੀਤੇ ਗਏ ਅਧਿਕਾਰਤ ਦਸਤਾਵੇਜ਼ਾਂ ਵਿੱਚ, ਕਈ ਦੇਸ਼ਾਂ ਦੇ ਟੈਰਿਫ ਅੰਤਰ ਦੇਖੇ ਗਏ ਹਨ।

ਅਮਰੀਕਾ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਬੁੱਧਵਾਰ, 2 ਅਪ੍ਰੈਲ ਤੋਂ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ। ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਟੈਰਿਫ ਪਲਾਨ ਦਾ ਐਲਾਨ ਕਰਦੇ ਹੋਏ, ਡੋਨਾਲਡ ਟਰੰਪ ਨੇ ਕਿਹਾ ਸੀ ਕਿ ਭਾਰਤ ‘ਤੇ 26 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ। ਹਾਲਾਂਕਿ, ਬਾਅਦ ਵਿੱਚ ਜਦੋਂ ਵ੍ਹਾਈਟ ਹਾਊਸ ਵੱਲੋਂ ਅਧਿਕਾਰਤ ਦਸਤਾਵੇਜ਼ ਜਾਰੀ ਕੀਤੇ ਗਏ, ਤਾਂ ਇਸ ਵਿੱਚ ਭਾਰਤ ‘ਤੇ 27 ਪ੍ਰਤੀਸ਼ਤ ਟੈਰਿਫ ਦਾ ਜ਼ਿਕਰ ਕੀਤਾ ਗਿਆ ਸੀ। ਜਵਾਬੀ ਟੈਰਿਫ ਨੀਤੀ ਦੇ ਤਹਿਤ, 5 ਅਪ੍ਰੈਲ ਤੋਂ ਸਾਰੇ ਅਮਰੀਕੀ ਵਪਾਰਕ ਭਾਈਵਾਲ ਦੇਸ਼ਾਂ ‘ਤੇ 10% ਟੈਰਿਫ ਲਾਗੂ ਹੋਣ ਜਾ ਰਿਹਾ ਹੈ।
14 ਦੇਸ਼ਾਂ ਦੇ ਡੇਟਾ ਚ ਗੜਬੜੀ
ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਵ੍ਹਾਈਟ ਹਾਊਸ ਦੁਆਰਾ ਜਾਰੀ ਅਧਿਕਾਰਤ ਅਨੁਸੂਚੀ ਵਿੱਚ ਦਿੱਤੀ ਗਈ ਜਵਾਬੀ ਟੈਰਿਫ ਦਰਾਂ ਦੀ ਸੂਚੀ ਦੇ ਅੰਕੜਿਆਂ ਅਤੇ ਰੋਜ਼ ਗਾਰਡਨ ਵਿੱਚ ਟਰੰਪ ਦੁਆਰਾ ਦਿਖਾਏ ਗਏ ਚਾਰਟ ਦੇ ਅੰਕੜਿਆਂ ਵਿੱਚ ਘੱਟੋ-ਘੱਟ 14 ਦੇਸ਼ਾਂ ‘ਤੇ ਲਗਾਏ ਗਏ ਟੈਰਿਫ ਵਿੱਚ ਅੰਤਰ ਦੇਖਣ ਨੂੰ ਮਿਲਿਆ ਹੈ। ਬਲੂਮਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਵ੍ਹਾਈਟ ਹਾਊਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਬਿਆਨ ਦਿੱਤਾ ਗਿਆ ਹੈ।
ਕਿਹੜੇ ਦੇਸ਼ਾਂ ਦਾ ਵਧਿਆ ਟੈਰਿਫ?
ਬਲੂਮਬਰਗ ਦੇ ਅਨੁਸਾਰ, ਵ੍ਹਾਈਟ ਹਾਊਸ ਐਨੈਕਸ ਦੇ ਮੁਤਾਬਿਕ, ਭਾਰਤੀ ਉਤਪਾਦਾਂ ਦੇ ਆਯਾਤ ‘ਤੇ 27% ਟੈਰਿਫ ਲਗਾਇਆ ਜਾਵੇਗਾ। ਜਦੋਂ ਕਿ, ਟਰੰਪ ਦੁਆਰਾ ਦਿਖਾਏ ਗਏ ਚਾਰਟ ਵਿੱਚ ਇਹ 26 ਪ੍ਰਤੀਸ਼ਤ ਸੀ। ਇਸੇ ਤਰ੍ਹਾਂ, ਅਨੈਕਸ ਦੇ ਅਨੁਸਾਰ, ਦੱਖਣੀ ਕੋਰੀਆ ਨੇ 25% ਦੀ ਬਜਾਏ 26% ‘ਤੇ ਟੈਰਿਫ ਲਗਾਏ ਹਨ। ਵੱਖ-ਵੱਖ ਦਰਾਂ ਵਾਲੇ ਹੋਰ ਦੇਸ਼ਾਂ ਵਿੱਚ ਬੋਤਸਵਾਨਾ, ਕੈਮਰੂਨ, ਮਲਾਵੀ, ਨਿਕਾਰਗੁਆ, ਨਾਰਵੇ, ਪਾਕਿਸਤਾਨ, ਫਿਲੀਪੀਨਜ਼, ਸਰਬੀਆ, ਦੱਖਣੀ ਅਫਰੀਕਾ, ਥਾਈਲੈਂਡ, ਵਾਨੂਅਤੁ ਅਤੇ ਫਾਕਲੈਂਡ ਟਾਪੂ ਸ਼ਾਮਲ ਹਨ।
ਦਿੱਗਜ ਬੋਲੇ – ਫ਼ਰਕ ਨਹੀਂ ਪੈਂਦਾ
ਟਰੰਪ ਦੇ ਟੈਰਿਫ ਪਲਾਨ ਦੇ ਅਨੁਸਾਰ, ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ‘ਤੇ 27 ਤੋਂ 10 ਪ੍ਰਤੀਸ਼ਤ ਦੇ ਵਿਚਕਾਰ ਟੈਰਿਫ ਅਦਾ ਕਰਨਾ ਪਵੇਗਾ। ਭਾਰਤੀ ਉਦਯੋਗ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਵਿਸ਼ਵ ਵਪਾਰ ਅਤੇ ਨਿਰਮਾਣ ਮੁੱਲ ਲੜੀ ਵਿੱਚ ਵੱਡੇ ਬਦਲਾਅ ਆ ਸਕਦੇ ਹਨ। ਹਾਲਾਂਕਿ, ਇਸਦਾ ਭਾਰਤੀ ਉਦਯੋਗਾਂ ‘ਤੇ ਬਹੁਤਾ ਪ੍ਰਭਾਵ ਨਹੀਂ ਪਵੇਗਾ। ਐਸੋਚੈਮ ਦੇ ਪ੍ਰਧਾਨ ਸੰਜੇ ਨਾਇਰ ਨੇ ਕਿਹਾ”ਕੁੱਲ ਮਿਲਾ ਕੇ, ਇਹ ਜਾਪਦਾ ਹੈ ਕਿ ਅਮਰੀਕੀ ਬਾਜ਼ਾਰ ਵਿੱਚ ਭਾਰਤ ਦੀ ਨਿਰਯਾਤ ਮੁਕਾਬਲੇਬਾਜ਼ੀ ਮੁਕਾਬਲਤਨ ਆਧਾਰ ‘ਤੇ ਬਹੁਤ ਘੱਟ ਪ੍ਰਭਾਵਿਤ ਹੋਈ ਹੈ,”। ਫਿਰ ਵੀ, ਸਾਡੇ ਉਦਯੋਗਾਂ ਨੂੰ ਟੈਰਿਫ ਦੇ ਪ੍ਰਭਾਵ ਨੂੰ ਘਟਾਉਣ ਲਈ ਨਿਰਯਾਤ ਕੁਸ਼ਲਤਾ ਅਤੇ ਮੁੱਲ ਵਾਧੇ ਲਈ ਠੋਸ ਯਤਨ ਕਰਨੇ ਚਾਹੀਦੇ ਹਨ। ਇਸੇ ਤਰ੍ਹਾਂ, ਪੀਐਚਡੀਸੀਸੀਆਈ ਦੇ ਪ੍ਰਧਾਨ ਹੇਮੰਤ ਜੈਨ ਨੇ ਕਿਹਾ ਕਿ ਭਾਰਤ ਦੀ ਮਜ਼ਬੂਤ ਉਦਯੋਗਿਕ ਮੁਕਾਬਲੇਬਾਜ਼ੀ ਅਮਰੀਕੀ ਟੈਰਿਫ ਦੇ ਪ੍ਰਭਾਵ ਨੂੰ ਸੰਤੁਲਿਤ ਕਰੇਗੀ ਅਤੇ ਇਸਦਾ ਥੋੜ੍ਹੇ ਸਮੇਂ ਵਿੱਚ ਜੀਡੀਪੀ ‘ਤੇ ਸਿਰਫ 0.1 ਪ੍ਰਤੀਸ਼ਤ ਪ੍ਰਭਾਵ ਪਵੇਗਾ।