ਕਿਸਾਨ ਅੰਦੋਲਨ ਕਾਰਨ ਕਰੋੜਾਂ ਦਾ ਨੁਕਸਾਨ, ਹੁਣ ਉਦਯੋਗਪਤੀਆਂ ਨੂੰ ਜਾਗੀ ਨਵੀਂ ਉਮੀਦ
ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਕਾਰਨ ਬੰਦ ਸਰਹੱਦਾਂ ਖੋਲ੍ਹ ਦਿੱਤੀਆਂ ਹਨ। ਇਸ ਅੰਦੋਲਨ ਕਾਰਨ ਉਦਯੋਗਪਤੀਆਂ ਨੂੰ ਕਰੀਬ 10,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਨਾਲ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਵੀ ਰੁਕ ਗਿਆ ਹੈ। ਹੁਣ ਵਪਾਰੀ ਵਰਗ ਨੂੰ ਨਵੀਂ ਉਮੀਦ ਹੈ ਅਤੇ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਸਰਕਾਰ ਦਾ ਇਹ ਕਦਮ ਵੀ ਮਹੱਤਵਪੂਰਨ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਸਖ਼ਤੀ ਦਿਖਾਈ ਹੈ। ਸਰਕਾਰ ਨੇ ਹਰਿਆਣਾ ਨਾਲ ਲੱਗਦੇ ਬਾਰਡਰਾਂ ਜੋ ਕਿ 13 ਮਹੀਨਿਆਂ ਤੋਂ ਬੰਦ ਪਏ ਸਨ, ਉਹਨਾਂ ਨੂੰ ਪੁਲਿਸ ਦੀ ਮਦਦ ਨਾਲ ਖੁਲਵਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਸਰਕਾਰ ਦੇ ਸਾਰੇ ਵਜ਼ੀਰ ਇੱਕ ਸੁਰ ਵਿੱਚ ਇਹ ਗੱਲ ਆਖ ਰਹੇ ਹਨ ਕਿ ਇਸ ਅੰਦੋਲਨ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਸੀ। ਜਦੋਂ ਕਿ ਲੁਧਿਆਣਾ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਸਰਕਾਰ ਦੇ ਇਸ ਕਦਮ ਤੋਂ ਵਪਾਰੀ ਵਰਗ ਖੁਸ਼ ਨਜ਼ਰ ਆ ਰਿਹਾ ਹੈ।
ਸ਼ੰਭੂ ਅਤੇ ਖਨੌਰੀ ਸਰਹੱਦ ਬੰਦ ਹੋਣ ਕਾਰਨ ਪੰਜਾਬ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਹੁਣ ਤੱਕ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਵੀ ਰੁਕ ਗਿਆ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਦੋਵੇਂ ਸਰਹੱਦਾਂ ਖੋਲ੍ਹਣ ਲਈ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ। ਉਦਯੋਗਪਤੀਆਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦਾ ਕਾਰੋਬਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਹਾਈਵੇਅ ਤੋਂ ਹਟਾਉਣ ਲਈ ਮਨਾਉਣ ਦਾ ਵੀ ਹੁਕਮ ਦਿੱਤਾ ਸੀ।
ਜ਼ਿਮਨੀ ਚੋਣ ਵੀ ਸਰਕਾਰ ਲਈ ਅਹਿਮ
ਇਸ ਦੇ ਨਾਲ ਹੀ ਲੁਧਿਆਣਾ ਪੱਛਮੀ ਸੀਟ ‘ਤੇ ਵੀ ਉਪ ਚੋਣ ਹੋਣੀ ਹੈ। ਇਸ ਕਾਰਨ ਸਰਕਾਰ ‘ਤੇ ਦਬਾਅ ਵਧਦਾ ਜਾ ਰਿਹਾ ਸੀ। ਸ਼ੰਭੂ ਅਤੇ ਖਨੌਰੀ ਸਰਹੱਦ ਦੇ ਨੇੜੇ ਦੇ ਇਲਾਕਿਆਂ ਵਿੱਚ ਵੀ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ। ਕਈ ਉਦਯੋਗਿਕ ਇਕਾਈਆਂ ਨੂੰ ਤਾਲੇ ਵੀ ਲੱਗ ਗਏ। ਵਿਦੇਸ਼ਾਂ ਵਿੱਚ ਸਾਮਾਨ ਮੰਗਵਾਉਣ ਜਾਂ ਭੇਜਣ ਲਈ, ਲੰਬੀ ਦੂਰੀ ਅਤੇ ਕੱਚੀਆਂ ਸੜਕਾਂ ਦੀ ਵਰਤੋਂ ਕਰਨੀ ਪੈਂਦੀ ਸੀ। 40 ਤੋਂ 50 ਕਿਲੋਮੀਟਰ ਦੀ ਵਾਧੂ ਦੂਰੀ ਤੈਅ ਕਰਨੀ ਪਈ। ਇਸ ਕਾਰਨ ਟਰਾਂਸਪੋਰਟਰਾਂ ਨੇ ਵੀ ਆਪਣੇ ਕਿਰਾਏ ਵਧਾ ਦਿੱਤੇ। ਇਸੇ ਤਰ੍ਹਾਂ ਸਰਹੱਦ ਬੰਦ ਹੋਣ ਕਾਰਨ ਪੰਜਾਬ ਦੀਆਂ ਸੰਪਰਕ ਸੜਕਾਂ ਵੀ ਟੁੱਟ ਗਈਆਂ।
ਆਲ ਇੰਡਸਟਰੀ ਐਂਡ ਟ੍ਰੇਡ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਸਰਹੱਦ ਬੰਦ ਹੋਣ ਕਾਰਨ ਉਦਯੋਗਪਤੀਆਂ ਨੂੰ ਰੋਜ਼ਾਨਾ 27 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਹਰ ਮਹੀਨੇ ਸੂਬੇ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ 800 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਵੱਡੀਆਂ ਕੰਪਨੀਆਂ ਵੀ ਸੂਬੇ ਤੋਂ ਦੂਰ ਰਹਿਣ ਲੱਗ ਪਈਆਂ ਹਨ, ਜਿਸ ਕਾਰਨ ਪਿਛਲੇ ਇੱਕ ਸਾਲ ਵਿੱਚ ਵਪਾਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਕੋਰੋਨਾ ਤੋਂ ਬਾਅਦ, ਸਰਹੱਦ ਬੰਦ ਹੋਣ ਕਾਰਨ ਉਨ੍ਹਾਂ ਨੂੰ ਵਧੇਰੇ ਨੁਕਸਾਨ ਹੋਇਆ ਹੈ, ਇਸ ਲਈ ਉਹ ਹਾਈਵੇਅ ਦੇ ਖੁੱਲ੍ਹਣ ਦਾ ਸਵਾਗਤ ਕਰਦੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਪੰਜਾਬ ਬੰਦ ਕਾਰਨ ਸਰਕਾਰ ਨੂੰ ਹਰ ਵਾਰ 90 ਕਰੋੜ ਰੁਪਏ ਦਾ ਮਾਲੀਆ ਗੁਆਉਣਾ ਪਿਆ। ਸਰਕਾਰ ਨੂੰ ਜੀਐਸਟੀ ਤੋਂ 60 ਕਰੋੜ ਰੁਪਏ, ਡੀਜ਼ਲ ਅਤੇ ਵੈਟ ਤੋਂ 20 ਕਰੋੜ ਰੁਪਏ ਅਤੇ ਹੋਰ ਛੋਟੇ ਟੈਕਸਾਂ ਤੋਂ 10 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।
ਇਹ ਵੀ ਪੜ੍ਹੋ
ਬਾਰਡਰ ਨੇੜੇ ਵਿੱਚ ਕਾਰੋਬਾਰ
ਪਿਛਲੇ ਇੱਕ ਸਾਲ ਵਿੱਚ, ਪਾਤੜਾਂ ਤੋਂ ਖਨੌਰੀ ਤੱਕ 170 ਕਰੋੜ ਰੁਪਏ ਦਾ ਵਪਾਰਕ ਨੁਕਸਾਨ ਹੋਇਆ ਹੈ। ਦੋ ਪੈਟਰੋਲ ਪੰਪ, 8 ਮੈਰਿਜ ਪੈਲੇਸ, 9 ਰੈਸਟੋਰੈਂਟ, 11 ਹੋਟਲ ਅਤੇ ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋ ਗਏ। ਸਰਹੱਦ ਖੁੱਲ੍ਹਣ ਨਾਲ ਖਨੌਰੀ ਅਤੇ ਸ਼ੰਭੂ ਦੇ ਆਲੇ-ਦੁਆਲੇ ਦੇ ਪਿੰਡਾਂ ਨੇ ਸੁੱਖ ਦਾ ਸਾਹ ਲਿਆ ਹੈ। ਬੰਦ ਕਾਰਨ ਮੋਹਾਲੀ, ਜ਼ੀਰਕਪੁਰ ਅਤੇ ਡੇਰਾਬੱਸੀ ‘ਤੇ ਆਵਾਜਾਈ ਦਾ ਦਬਾਅ ਵਧ ਰਿਹਾ ਸੀ। ਖਨੌਰੀ ਅਤੇ ਸ਼ੰਭੂ ਸਰਹੱਦਾਂ ਬੰਦ ਹੋਣ ਕਾਰਨ, ਟਰਾਂਸਪੋਰਟਰ ਇਸ ਰਸਤੇ ਦਾ ਸਹਾਰਾ ਲੈ ਰਹੇ ਸਨ।