Jio IPO Allotment: ਕੀ ਤੁਹਾਨੂੰ ਮਿਲਿਆ ਜੀਓ ਦਾ ਸ਼ੇਅਰ? ਇੱਕ ਲਾਟ ‘ਤੇ ਇੰਨੇ ਮੁਨਾਫ਼ੇ ਲਈ ਹੋ ਜਾਓ ਤਿਆਰ, ਕੱਲ੍ਹ ਖੁੱਲ੍ਹੇਗਾ ਪਿਟਾਰਾ!
Jio IPO Allotment: ਰਿਲਾਇੰਸ ਦੇ ਜਿਓ ਪਲੇਟਫਾਰਮਜ਼ IPO ਦਾ ਅਲਾਟਮੈਂਟ ਫਾਈਨਲ ਹੋ ਗਿਆ ਹੈ। ਬੁੱਧਵਾਰ, 28 ਅਕਤੂਬਰ ਨੂੰ ਸ਼ੇਅਰ ਬਾਜ਼ਾਰ ਵਿੱਚ ਇਸ ਦੀ ਲਿਸਟਿੰਗ ਹੋਵੇਗੀ। ਗ੍ਰੇ ਮਾਰਕੀਟ ਦੇ ਤਾਜ਼ਾ ਸੰਕੇਤਾਂ ਮੁਤਾਬਕ, ਨਿਵੇਸ਼ਕਾਂ ਨੂੰ ਹਰ ਲਾਟ 'ਤੇ ਚੰਗਾ ਮੁਨਾਫ਼ਾ ਮਿਲ ਸਕਦਾ ਹੈ।
ਕੀ ਤੁਹਾਨੂੰ ਮਿਲਿਆ ਜੀਓ ਦਾ ਸ਼ੇਅਰ
ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਵਾਲੇ ਲੱਖਾਂ ਨਿਵੇਸ਼ਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਰਿਲਾਇੰਸ ਦੇ ਜਿਓ ਪਲੇਟਫਾਰਮਜ਼ IPO (Jio Platforms IPO) ਦੇ ਸ਼ੇਅਰਾਂ ਦੀ ਵੰਡ ਯਾਨੀ ਅਲਾਟਮੈਂਟ ਫਾਈਨਲ ਹੋ ਗਈ ਹੈ। ਸੋਮਵਾਰ, 26 ਅਕਤੂਬਰ ਨੂੰ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ। ਹੁਣ ਜਿਨ੍ਹਾਂ ਨਿਵੇਸ਼ਕਾਂ ਨੂੰ ਸ਼ੇਅਰ ਅਲਾਟ ਹੋਏ ਹਨ, ਉਨ੍ਹਾਂ ਦੇ ਡੀਮੈਟ ਖਾਤਿਆਂ ਵਿੱਚ ਮੰਗਲਵਾਰ, 27 ਅਕਤੂਬਰ ਨੂੰ ਸ਼ੇਅਰ ਟ੍ਰਾਂਸਫਰ ਕਰ ਦਿੱਤੇ ਜਾਣਗੇ।
ਦੂਜੇ ਪਾਸੇ, ਜਿਨ੍ਹਾਂ ਨਿਵੇਸ਼ਕਾਂ ਨੂੰ ਇਸ ਵਾਰ ਸ਼ੇਅਰ ਨਹੀਂ ਮਿਲੇ, ਉਨ੍ਹਾਂ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਲਾਕ ਕੀਤੀ ਗਈ ਰਕਮ ਵੀ 27 ਅਕਤੂਬਰ ਨੂੰ ਅਨਬਲਾਕ ਜਾਂ ਰਿਫੰਡ ਕਰ ਦਿੱਤੀ ਜਾਵੇਗੀ। ਇਸ ਤੋਂ ਠੀਕ ਇੱਕ ਦਿਨ ਬਾਅਦ, ਯਾਨੀ ਬੁੱਧਵਾਰ, 28 ਅਕਤੂਬਰ ਨੂੰ ਜਿਓ ਪਲੇਟਫਾਰਮਜ਼ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ‘ਤੇ ਲਿਸਟ ਹੋਣਗੇ।
ਇੱਕ ਲਾਟ ‘ਤੇ ਕਿੰਨਾ ਹੋ ਸਕਦੈ ਮੁਨਾਫ਼ਾ?
ਲਿਸਟਿੰਗ ਤੋਂ ਪਹਿਲਾਂ ਹਰ ਨਿਵੇਸ਼ਕ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਜਿਓ ਦਾ ਸ਼ੇਅਰ ਬਾਜ਼ਾਰ ਵਿੱਚ ਕਿਸ ਕੀਮਤ ‘ਤੇ ਖੁੱਲ੍ਹੇਗਾ। ਗ੍ਰੇ ਮਾਰਕੀਟ ਤੋਂ ਇਸ ਸਬੰਧੀ ਕਾਫ਼ੀ ਚੰਗੇ ਸੰਕੇਤ ਮਿਲ ਰਹੇ ਹਨ। ਇਨਵੈਸਟਰਗੇਨ (Investorgain) ਦੇ ਅੰਕੜਿਆਂ ਮੁਤਾਬਕ, ਮੰਗਲਵਾਰ ਨੂੰ ਜਿਓ ਪਲੇਟਫਾਰਮਜ਼ IPO ਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) 245 ਰੁਪਏ ਚੱਲ ਰਿਹਾ ਹੈ।
ਕੰਪਨੀ ਨੇ ਇਸ IPO ਦੀ ਉੱਪਰੀ ਕੀਮਤ ਸੀਮਾ (Upper Price Band) 1,119 ਰੁਪਏ ਤੈਅ ਕੀਤੀ ਸੀ। ਜੇਕਰ ਇਸ ਵਿੱਚ ਮੌਜੂਦਾ GMP ਜੋੜ ਦਿੱਤਾ ਜਾਵੇ, ਤਾਂ ਸ਼ੇਅਰ ਦੀ ਅਨੁਮਾਨਿਤ ਲਿਸਟਿੰਗ ਕੀਮਤ ਲਗਭਗ 1,364 ਰੁਪਏ ਬਣਦੀ ਹੈ।
ਇਨ੍ਹਾਂ ਅੰਕੜਿਆਂ ਮੁਤਾਬਕ, ਨਿਵੇਸ਼ਕਾਂ ਨੂੰ ਲਿਸਟਿੰਗ ਵਾਲੇ ਦਿਨ ਹੀ ਲਗਭਗ 21.89 ਫ਼ੀਸਦੀ ਦਾ ਮੁਨਾਫ਼ਾ (Listing Gain) ਹੋ ਸਕਦਾ ਹੈ। ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਹਰ ਸ਼ੇਅਰ ‘ਤੇ 245 ਰੁਪਏ ਦੇ ਫ਼ਾਇਦੇ ਦੀ ਉਮੀਦ ਹੈ।
ਇਹ ਵੀ ਪੜ੍ਹੋ
ਇਸ IPO ਦਾ ਇੱਕ ਲਾਟ 12 ਸ਼ੇਅਰਾਂ ਦਾ ਸੀ, ਜਿਸ ਲਈ ਰਿਟੇਲ ਨਿਵੇਸ਼ਕਾਂ ਨੇ 13,428 ਰੁਪਏ ਲਗਾਏ ਸਨ। ਜੇਕਰ ਮੌਜੂਦਾ GMP ਦੇ ਹਿਸਾਬ ਨਾਲ ਹੀ ਲਿਸਟਿੰਗ ਹੁੰਦੀ ਹੈ, ਤਾਂ ਇੱਕ ਲਾਟ ਹਾਸਲ ਕਰਨ ਵਾਲੇ ਨਿਵੇਸ਼ਕ ਨੂੰ ਲਗਭਗ 2,940 ਰੁਪਏ ਦਾ ਮੁਨਾਫ਼ਾ ਹੋ ਸਕਦਾ ਹੈ।
ਇੰਝ ਚੈੱਕ ਕਰੋ ਆਪਣਾ ਅਲਾਟਮੈਂਟ ਸਟੇਟਸ
ਜੇਕਰ ਤੁਸੀਂ ਵੀ ਇਸ IPO ਵਿੱਚ ਪੈਸਾ ਲਗਾਇਆ ਸੀ, ਤਾਂ ਘਰ ਬੈਠੇ ਆਨਲਾਈਨ ਆਪਣੇ ਅਲਾਟਮੈਂਟ ਦਾ ਸਟੇਟਸ ਚੈੱਕ ਕਰ ਸਕਦੇ ਹੋ। ਇਸ ਲਈ KFin Technologies, BSE ਜਾਂ NSE ਦੀ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
KFin Technologies ਰਾਹੀਂ
- 1. ਸਭ ਤੋਂ ਪਹਿਲਾਂ ਇਸ ਦੇ ਅਧਿਕਾਰਤ ਪੋਰਟਲ https://ipostatus.kfintech.com/ ‘ਤੇ ਜਾਓ।
- 2. IPO ਦੇ ਡ੍ਰੌਪਡਾਊਨ ਮੀਨੂ ਵਿੱਚੋਂ Jio Platforms Ltd ਦੀ ਚੋਣ ਕਰੋ।
- 3. ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਐਪਲੀਕੇਸ਼ਨ ਨੰਬਰ, PAN ਜਾਂ ਡੀਮੈਟ ਅਕਾਊਂਟ ਨੰਬਰ ਵਿੱਚੋਂ ਕਿਸੇ ਇੱਕ ਵਿਕਲਪ ਦੀ ਚੋਣ ਕਰੋ।
- 4. ਆਪਣਾ ਨੰਬਰ ਭਰੋ ਅਤੇ ਸਬਮਿਟ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ ਨਤੀਜਾ ਸਕ੍ਰੀਨ ‘ਤੇ ਆ ਜਾਵੇਗਾ।
BSE ਦੀ ਵੈੱਬਸਾਈਟ ਰਾਹੀਂ
- 1. BSE ਦੇ ਐਪਲੀਕੇਸ਼ਨ ਸਟੇਟਸ ਪੇਜ https://www.bseindia.com/investors/appli_check ‘ਤੇ ਜਾਓ।
- 2. ਇੱਥੇ Issue Type ਦੇ ਵਿਕਲਪ ਵਿੱਚੋਂ Equity ਚੁਣੋ।
- 3. ਇਸ ਤੋਂ ਬਾਅਦ Issue Name ਦੇ ਡ੍ਰੌਪਡਾਊਨ ਮੀਨੂ ਵਿੱਚੋਂ Jio Platforms Ltd ਦੀ ਚੋਣ ਕਰੋ।
- 4. ਆਪਣਾ IPO ਐਪਲੀਕੇਸ਼ਨ ਨੰਬਰ ਜਾਂ PAN ਨੰਬਰ ਦਰਜ ਕਰੋ।
- 5. ਕੈਪਚਾ ਵੈਰੀਫਿਕੇਸ਼ਨ ਪੂਰਾ ਕਰਕੇ Search ਬਟਨ ‘ਤੇ ਕਲਿੱਕ ਕਰੋ।
NSE ਦੇ ਪੋਰਟਲ ਰਾਹੀਂ
- 1. ਨਿਵੇਸ਼ਕ NSE ਦੇ ਬਿਡ ਵੈਰੀਫਿਕੇਸ਼ਨ ਪੇਜ https://www.nseindia.com/invest/check-trades-bids-verify-ipo-bids ‘ਤੇ ਜਾਣ।
- 2. ਇੱਥੇ Equity & SME IPO Bid Details ਦਾ ਵਿਕਲਪ ਚੁਣੋ।
- 3. ਡ੍ਰੌਪਡਾਊਨ ਮੀਨੂ ਵਿੱਚੋਂ Jio Platforms ਜਾਂ ਸਿੰਬਲ JPL ਚੁਣੋ।
- 4. ਮੰਗੀ ਗਈ ਜਾਣਕਾਰੀ, ਜਿਵੇਂ PAN ਜਾਂ ਐਪਲੀਕੇਸ਼ਨ ਨੰਬਰ, ਦਰਜ ਕਰੋ।
- 5. ਅਖੀਰ ਵਿੱਚ ਸਬਮਿਟ ‘ਤੇ ਕਲਿੱਕ ਕਰਕੇ ਆਪਣਾ ਸਟੇਟਸ ਦੇਖੋ।
IPO ਨੂੰ ਮਿਲਿਆ ਸੀ ਜ਼ਬਰਦਸਤ ਹੁੰਗਾਰਾ
ਜਿਓ ਪਲੇਟਫਾਰਮਜ਼ ਦਾ ਇਹ IPO ਕੁੱਲ 30,213 ਕਰੋੜ ਰੁਪਏ ਦਾ ਸੀ। ਇਸ ਲਈ ਪ੍ਰਤੀ ਸ਼ੇਅਰ ਕੀਮਤ 1,065 ਰੁਪਏ ਤੋਂ 1,119 ਰੁਪਏ ਦੇ ਵਿਚਕਾਰ ਰੱਖੀ ਗਈ ਸੀ। ਰਿਟੇਲ ਨਿਵੇਸ਼ਕਾਂ ਨੂੰ ਘੱਟੋ-ਘੱਟ 12 ਸ਼ੇਅਰਾਂ, ਯਾਨੀ ਇੱਕ ਲਾਟ ਲਈ ਅਰਜ਼ੀ ਦੇਣੀ ਪੈਂਦੀ ਸੀ।
ਬਾਜ਼ਾਰ ਵਿੱਚ ਇਸ IPO ਨੂੰ ਭਰਵਾਂ ਹੁੰਗਾਰਾ ਮਿਲਿਆ। ਕੁੱਲ ਮਿਲਾ ਕੇ ਇਸ ਨੂੰ 22.19 ਗੁਣਾ ਸਬਸਕ੍ਰਿਪਸ਼ਨ ਮਿਲਿਆ।
ਇਸ ਵਿੱਚ ਸਭ ਤੋਂ ਵੱਧ ਉਤਸ਼ਾਹ ਵੱਡੇ ਸੰਸਥਾਗਤ ਨਿਵੇਸ਼ਕਾਂ, ਯਾਨੀ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB), ਨੇ ਦਿਖਾਇਆ। ਉਨ੍ਹਾਂ ਦਾ ਕੋਟਾ 70.55 ਗੁਣਾ ਭਰਿਆ। ਇਸ ਦੇ ਨਾਲ ਹੀ ਨਾਨ-ਇੰਸਟੀਚਿਊਸ਼ਨਲ ਇਨਵੈਸਟਰਜ਼ (NII) ਦੀ ਸ਼੍ਰੇਣੀ ਵਿੱਚ 14 ਗੁਣਾ ਅਰਜ਼ੀਆਂ ਮਿਲੀਆਂ। ਆਮ ਨਿਵੇਸ਼ਕਾਂ ਦੇ ਰਿਟੇਲ ਹਿੱਸੇ ਨੂੰ ਵੀ 2.72 ਗੁਣਾ ਸਬਸਕ੍ਰਿਪਸ਼ਨ ਮਿਲਿਆ।
ਕਰਜ਼ਾ ਚੁਕਾਉਣ ਲਈ ਵਰਤੀ ਜਾਵੇਗੀ IPO ਦੀ ਰਕਮ
ਇਸ IPO ਦੀ ਇੱਕ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਸਾਰੇ 27 ਕਰੋੜ ਇਕੁਇਟੀ ਸ਼ੇਅਰ ਨਵੇਂ ਜਾਰੀ ਕੀਤੇ ਗਏ ਸਨ। ਇਸ ਵਿੱਚ ਆਫ਼ਰ ਫ਼ਾਰ ਸੇਲ (OFS) ਦਾ ਕੋਈ ਹਿੱਸਾ ਨਹੀਂ ਸੀ। ਇਸ ਦਾ ਮਤਲਬ ਹੈ ਕਿ ਪੁਰਾਣੇ ਸ਼ੇਅਰਧਾਰਕਾਂ ਨੇ ਆਪਣੀ ਹਿੱਸੇਦਾਰੀ ਨਹੀਂ ਵੇਚੀ।
ਇਸ ਲਈ IPO ਰਾਹੀਂ ਇਕੱਠੀ ਕੀਤੀ ਗਈ ਸਾਰੀ ਰਕਮ ਸਿੱਧੀ ਕੰਪਨੀ ਕੋਲ ਜਾਵੇਗੀ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਰਕਮ ਵਿੱਚੋਂ 27,500 ਕਰੋੜ ਰੁਪਏ ਤੱਕ ਦੀ ਵਰਤੋਂ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦਾ ਕਰਜ਼ਾ ਚੁਕਾਉਣ ਲਈ ਕਰੇਗੀ। ਇਸ ਨਾਲ ਕੰਪਨੀ ਦੀ ਵਿੱਤੀ ਸਥਿਤੀ ਅਤੇ ਬੈਲੈਂਸ ਸ਼ੀਟ ਮਜ਼ਬੂਤ ਹੋਣ ਦੀ ਉਮੀਦ ਹੈ।
ਡਿਸਕਲੇਮਰ: ਇਹ ਲੇਖ ਸਿਰਫ਼ ਜਾਣਕਾਰੀ ਦੇਣ ਲਈ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਾ ਮੰਨਿਆ ਜਾਵੇ। TV9 ਭਾਰਤਵਰਸ਼ ਪੰਜਾਬੀ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਪੈਸੇ ਨਾਲ ਸਬੰਧਤ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰਾਂ ਨਾਲ ਸਲਾਹ ਕਰਨ ਦੀ ਸਿਫ਼ਾਰਸ਼ ਕਰਦਾ ਹੈ।
Source: TV9Hindi.com
