ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਦਾ ਇੱਕ ਹੋਰ ਸਖ਼ਤ ਫੈਸਲਾ, ਬਿਨਾਂ HSRP ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ; ਜਾਣੋ ਕਾਰਨ
ਪੁਲਿਸ ਪ੍ਰਸ਼ਾਸਨ ਦੇ ਇਸ ਕਦਮ 'ਤੇ ਪੈਟਰੋਲ ਪੰਪ ਮੈਨੇਜਰਾਂ ਨੇ ਪੂਰਾ ਸਮਰਥਨ ਜਤਾਇਆ ਹੈ। ਪੈਟਰੋਲ ਪੰਪ ਮੈਨੇਜਰ ਰੂਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਬਾਰੇ ਸੂਚਨਾ ਮਿਲ ਗਈ ਹੈ ਤੇ ਉਨ੍ਹਾਂ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਬਿਨਾਂ ਨੰਬਰ ਅਤੇ ਬਿਨਾਂ ਹਾਈ ਸਕਿਓਰਿਟੀ ਪਲੇਟ ਵਾਲੇ ਵਾਹਨਾਂ 'ਚ ਤੇਲ ਨਾ ਪਾਇਆ ਜਾਵੇ।
ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਦਾ ਇੱਕ ਹੋਰ ਸਖ਼ਤ ਫੈਸਲਾ
ਅੰਮ੍ਰਿਤਸਰ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਅਪਰਾਧਿਕ ਘਟਨਾਵਾਂ ‘ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਅਹਿਮ ਤੇ ਸਖ਼ਤ ਹੁਕਮ ਜਾਰੀ ਕੀਤਾ ਗਿਆ ਹੈ। ਆਕਰਸ਼ੀ ਜੈਨ (ਆਈਪੀਐਸ), ਡੀਸੀਪੀ ਸਥਾਨਿਕ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੀ ਹੱਦ ਅੰਦਰ ਇਹ ਦੇਖਣ ‘ਚ ਆ ਰਿਹਾ ਸੀ ਕਿ ਕਈ ਵਾਹਨ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ (HSRP) ਤੋਂ ਜਾਂ ਫਿਰ ਟੁੱਟੀਆਂ ਤੇ ਬਦਲੀਆਂ ਹੋਈਆਂ ਨੰਬਰ ਪਲੇਟਾਂ ਲਗਾ ਕੇ ਸੜਕਾਂ ‘ਤੇ ਘੁੰਮ ਰਹੇ ਹਨ।
ਅਜਿਹੇ ਵਾਹਨ ਜਿੱਥੇ ਮੋਟਰ ਵਹੀਕਲ ਐਕਟ ਦੀ ਖੁੱਲ੍ਹੀ ਉਲੰਘਣਾ ਕਰਦੇ ਹਨ, ਉੱਥੇ ਹੀ ਕਈ ਵਾਰ ਸਨੈਚਿੰਗ, ਹਾਦਸਿਆਂ ਤੇ ਹੋਰ ਸੰਗੀਨ ਜੁਰਮਾਂ ‘ਚ ਵੀ ਵਰਤੇ ਜਾਂਦੇ ਹਨ, ਜਿਸ ਕਾਰਨ ਮੁਲਜ਼ਮਾਂ ਦੀ ਪਛਾਣ ਕਰਨ’ਚ ਔਖ ਹੁੰਦੀ ਹੈ।
“ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦੰਡਨੀਯ ਕਾਨੂੰਨੀ ਕਾਰਵਾਈ”
ਡੀਸੀਪੀ ਆਕਰਸ਼ੀ ਜੈਨ ਨੇ ਦੱਸਿਆ ਕਿ ਇਨ੍ਹਾਂ ਗੰਭੀਰ ਪਹਿਲੂਆਂ ਨੂੰ ਧਿਆਨ ‘ਚ ਰੱਖਦਿਆਂ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਵੱਲੋਂ ਮੈਜਿਸਟੀਰੀਅਲ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅੰਡਰ ਸੈਕਸ਼ਨ 163 ਬੀਐਨਐਸਐਸ (BNSS) ਤਹਿਤ ਨਵੇਂ ਹੁਕਮ ਲਾਗੂ ਕੀਤੇ ਗਏ ਹਨ। ਇਸ ਆਦੇਸ਼ ਅਨੁਸਾਰ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਨੂੰ ਇਹ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ, ਨੁਕਸਾਨੀ ਜਾਂ ਤੋੜ-ਮਰੋੜ ਕੇ ਲਗਾਈ ਗਈ ਨੰਬਰ ਪਲੇਟ ਵਾਲੇ ਕਿਸੇ ਵੀ ਵਾਹਨ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਨਾ ਦਿੱਤੀ ਜਾਵੇ।
ਇਹ ਹੁਕਮ ਦੋ-ਪਹੀਆ, ਤਿੰਨ-ਪਹੀਆ, ਚਾਰ-ਪਹੀਆ ਤੇ ਵਪਾਰਕ (ਕਮਰਸ਼ੀਅਲ) ਵਾਹਨਾਂ ‘ਤੇ ਬਰਾਬਰ ਲਾਗੂ ਹੋਵੇਗਾ। ਹਾਲਾਂਕਿ, ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ਤੇ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਪਲਾਸਟਿਕ ਜਾਂ ਕੱਚ ਦੀਆਂ ਬੋਤਲਾਂ ਤੇ ਡੱਬਿਆਂ ‘ਚ ਖੁੱਲ੍ਹਾ ਪੈਟਰੋਲ ਦੇਣ ‘ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦੰਡਨੀਯ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੈਟਰੋਲ ਪੰਪ ਮੈਨੇਜਰਾਂ ਨੇ ਪੂਰਾ ਸਮਰਥਨ ਜਤਾਇਆ
ਪੁਲਿਸ ਪ੍ਰਸ਼ਾਸਨ ਦੇ ਇਸ ਕਦਮ ‘ਤੇ ਪੈਟਰੋਲ ਪੰਪ ਮੈਨੇਜਰਾਂ ਨੇ ਪੂਰਾ ਸਮਰਥਨ ਜਤਾਇਆ ਹੈ। ਪੈਟਰੋਲ ਪੰਪ ਮੈਨੇਜਰ ਰੂਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਬਾਰੇ ਸੂਚਨਾ ਮਿਲ ਗਈ ਹੈ ਤੇ ਉਨ੍ਹਾਂ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਬਿਨਾਂ ਨੰਬਰ ਅਤੇ ਬਿਨਾਂ ਹਾਈ ਸਕਿਓਰਿਟੀ ਪਲੇਟ ਵਾਲੇ ਵਾਹਨਾਂ ‘ਚ ਤੇਲ ਨਾ ਪਾਇਆ ਜਾਵੇ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਪੰਪ ‘ਤੇ ਜਾਗਰੂਕਤਾ ਲਈ ਬੋਰਡ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਆਪਣੇ ਵਾਹਨਾਂ ‘ਤੇ ਸਰਕਾਰੀ ਨਿਯਮਾਂ ਅਨੁਸਾਰ ਨੰਬਰ ਪਲੇਟਾਂ ਲਗਵਾਉਣ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਜੇਕਰ ਕੋਈ ਖੁੱਲ੍ਹਾ ਤੇਲ ਲੈਣ ਜਾਂ ਬਿਨਾਂ ਨੰਬਰ ਪਲੇਟ ਤੋਂ ਤੇਲ ਪੁਆਉਣ ਲਈ ਜ਼ਬਰਦਸਤੀ ਕਰੇਗਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
ਸੁਰੱਖਿਆ ਲਈ ਸ਼ਲਾਘਾਯੋਗ ਕਦਮ: ਸ਼ਹਿਰ ਵਾਸੀ
ਦੂਜੇ ਪਾਸੇ, ਆਮ ਸ਼ਹਿਰੀਆਂ ਤੇ ਗਾਹਕਾਂ ਨੇ ਵੀ ਇਸ ਫ਼ੈਸਲੇ ਨੂੰ ਸ਼ਹਿਰ ਦੀ ਸੁਰੱਖਿਆ ਲਈ ਸ਼ਲਾਘਾਯੋਗ ਦੱਸਿਆ ਹੈ। ਪੈਟਰੋਲ ਪੰਪ ‘ਤੇ ਮੌਜੂਦ ਗਾਹਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਦਾ ਇਹ ਕਦਮ ਬੇਹੱਦ ਵਧੀਆ ਹੈ। ਸ਼ਹਿਰ ‘ਚ ਪੁਰਾਣੇ ਜਾਂ ਬਿਨਾਂ ਨੰਬਰ ਵਾਲੇ ਮੋਟਰਸਾਈਕਲਾਂ ਦੀ ਵਰਤੋਂ ਕਰਕੇ ਅਕਸਰ ਲੁੱਟਾਂ-ਖੋਹਾਂ ਤੇ ਗੋਲੀਬਾਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਚੁੱਕੇ ਜਾ ਰਹੇ ਅਜਿਹੇ ਕਦਮਾਂ ‘ਚ ਹਰ ਨਾਗਰਿਕ ਨੂੰ ਆਪਣੇ ਦਸਤਾਵੇਜ਼ ਪੂਰੇ ਰੱਖ ਕੇ ਅਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾ ਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਉਮੀਦ ਜਤਾਈ ਕਿ ਇਸ ਸਖ਼ਤੀ ਨਾਲ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਜਾ ਸਕੇਗਾ।
