Mansa Farmers: ਕਿਸਾਨਾਂ ਨੇ ਸੜਕਾਂ ‘ਤੇ ਸੁੱਟੀ ਸ਼ਿਮਲਾ ਮਿਰਚ, 1 ਰੁਪਏ ਕਿੱਲੋ ਮਿਲ ਰਿਹਾ ਰੇਟ
ਕਿਸਾਨਾਂ ਨੂੰ ਸ਼ਿਮਲਾ ਮਿਰਚ ਦੀ ਫਸਲ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਾਫੀ ਪ੍ਰੇਸ਼ਾਨ ਹਨ। ਕਿਸਾਨ ਆਪਣੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਸੜਕਾਂ 'ਤੇ ਸੁੱਟਣ ਲਈ ਮਜ਼ਬੂਰ ਹਨ।
ਮਾਨਸਾ ਨਿਊਜ਼: ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਸ਼ਿਮਲਾਂ ਮਿਰਚ ਦੀ ਫਸਲ ਦਾ ਚੰਗਾ ਭਾਅ ਨਹੀਂ ਮਿਲ ਰਿਹਾ। ਜਿਸ ਦੇ ਵਿਰੋਧ ਵਜੋ ਕਿਸਾਨਾਂ ਨੇ ਆਪਣੀ ਸ਼ਿਮਲਾ ਮਿਰਚ (Capsicum) ਸੜਕਾਂ ‘ਤੇ ਸੁੱਟ ਦਿੱਤੀ। ਮਾਨਸਾ ਦੇ ਪਿੰਡ ਭੈਣੀ ਬਾਗਾ ਦੇ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ। 700 ਏਕੜ ਦੇ ਕਰੀਬ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਪਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨ ਆਪਣੀ ਫਸਲ ਸੁੱਟਣ ਲਈ ਮਜ਼ਬੂਰ ਹਨ।
ਸੜਕਾਂ ‘ਤੇ ਫਸਲ ਸੁੱਟਣ ਲਈ ਕਿਸਾਨ ਮਜ਼ਬੂਰ
ਜਾਣਕਾਰੀ ਦਿੰਦਿਆਂ ਕਿਸਾਨ ਗੋਰਾ ਸਿੰਘ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਛੱਡ ਕੇ ਸਬਜ਼ੀਆਂ (Vegetables) ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਨੋਟਬੰਦੀ ਤੇ ਕੈਰੋਂ ਨੇ ਦੀ ਮਾਰ ਵੀ ਝੱਲਣੀ ਪਈ ਸੀ। ਹੁਣ ਸ਼ਿਮਲਾ ਮਿਰਚ ਦੀ ਫਸਲ ਦਾ ਮੁੱਲ ਇੱਕ ਰੁਪਏ ਤੋਂ ਤਿੰਨ ਰੁਪਏ ਤੱਕ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਨੇ ਵੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਖਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਆਪਣੀ ਸ਼ਿਮਲਾ ਮਿਰਚ ਦੀ ਫ਼ਸਲ ਨੂੰ ਮਜਬੂਰੀ ਵੱਸ ਸੜਕਾਂ ਉਪਰ ਸੁੱਟਣਾ ਪੈ ਰਿਹਾ ਹੈ।
ਕਿਸਾਨਾਂ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜਨ ਤੇ ਮੰਡੀਕਰਨ ਦਾ ਵਧਿਆ ਪ੍ਰਬੰਧ ਕਰਨ ਅਤੇ ਬਾਹਰਲੇ ਸੂਬਿਆਂ ਵਿੱਚ ਸਬਜ਼ੀਆਂ ਭੇਜਣ ਦਾ ਚੰਗਾ ਬੰਦੋਬਸਤ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਬਸਿਡੀ (Subsidy) ਦੇਵੇ ਤਾਂ ਕੀ ਅਸੀਂ ਦੂਸਰੇ ਸੂਬਿਆਂ ਦੇ ਵਿੱਚ ਟ੍ਰੇਨਾਂ ਦੇ ਰਾਹੀਂ ਸਬਜੀ ਪਹੁੰਚਾ ਸਕੀਏ ਜਾਂ ਫਿਰ ਸਰਕਾਰ ਇਸ ਫ਼ਸਲ ਨੂੰ ਕੋਲਡ ਸਟੋਰਾਂ ਵਿੱਚ ਰੱਖੇ ਤਾਂ ਕਿ ਇਸ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਜਿਸ ਦੇ ਚੱਲਦਿਆਂ ਸਾਡੇ ਪਿੰਡ ਵਿੱਚ ਸ਼ਿਮਲਾ ਮਿਰਚ, ਮਟਰ,ਖਰਬੂਜਾ ਤੇ ਖੀਰਾ ਲਗਾਇਆ ਸੀ ਪਰ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਹੈ, ਅਸੀਂ ਦੱਸ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਾਡੇ ਬੀਜ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ। ਸਾਨੂੰ ਕਣਕ-ਝੋਨੇ ਦੇ ਵੱਲ ਆਉਣਾ ਪਵੇਗਾ ਜੇਕਰ ਸਰਕਾਰ ਨੇ ਇਨ੍ਹਾਂ ਫ਼ਸਲਾਂ ਦਾ ਮੰਡੀਕਰਨ ਨਾ ਕੀਤਾ।