ਨਵਰਾਤਰੀ ਦੇ ਪਹਿਲੇ ਦਿਨ ਅਮਰੀਕਾ ਦਾ ਹਿੰਦੂ ਮੰਦਰ ਦਹਿਲਣ ਤੋਂ ਬਚਿਆ, ਵਿਛ ਸਕਦੀਆਂ ਸਨ ਲਾਸ਼ਾਂ; ਕਿਵੇਂ ਨਾਕਾਮ ਹੋਈ ਸਾਜ਼ਿਸ਼?
ਅਮਰੀਕਾ 'ਚ 19 ਸਾਲ ਦੇ ਇੱਕ ਨੌਜਵਾਨ ਨੇ ਹਿੰਦੂ ਮੰਦਰ 'ਚ ਵੱਡੇ ਪੱਧਰ ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ। ਵਿਅਕਤੀ ਟ੍ਰਿਗਰ ਦਬਾਇਆ, ਪਰ ਗੋਲੀ ਨਹੀਂ ਚੱਲੀ। ਐਨ ਮੌਕੇ ਤੇ ਰਾਈਫਲ ਜਾਮ ਹੋ ਜਾਂਦੀ ਗਈ।
11 ਅਕਤੂਬਰ 2026 ਨਵਰਾਤਰੀ ਦਾ ਪਹਿਲਾ ਦਿਨ ਮੰਦਰ ਦਾ ਪੂਰਾ ਕੰਪਲੈਕਸ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ। ਇਸੇ ਦੌਰਾਨ ਇੱਕ ਵਿਅਕਤੀ ਮੋਡੀਫਾਈਡ AR-ਸਟਾਈਲ ਰਾਈਫਲ ਤੇ 300 ਰਾਊਂਡ ਗੋਲੀਆਂ ਲੈ ਕੇ ਅੰਦਰ ਦਾਖ਼ਲ ਹੋਇਆ। ਇਨ੍ਹਾਂ ਗੋਲੀਆਂ ਨਾਲ ਦਸ ਮੈਗਜ਼ੀਨਾਂ ਭਰੀਆਂ ਜਾ ਸਕਦੀਆਂ ਸਨ। ਵਿਅਕਤੀ ਟ੍ਰਿਗਰ ਦਬਾਇਆ, ਪਰ ਗੋਲੀ ਨਹੀਂ ਚੱਲੀ। ਐਨ ਮੌਕੇ ਤੇ ਰਾਈਫਲ ਜਾਮ ਹੋ ਜਾਂਦੀ ਹੈ। ਸੋਚੋ, ਜੇਕਰ ਰਾਈਫਲ ਜਾਮ ਨਾ ਹੁੰਦੀ ਤਾਂ ਇਨ੍ਹਾਂ 300 ਗੋਲੀਆਂ ਨਾਲ ਕਿੰਨੇ ਸ਼ਰਧਾਲੂਆਂ ਦੀ ਜਾਨ ਚਲੀ ਜਾਂਦੀ? ਇਹ ਸੋਚ ਕੇ ਕਿਸੇ ਵੀ ਇਨਸਾਨ ਦੀ ਰੂਹ ਕੰਬ ਜਾਵੇਗੀ। ਇਹ ਮਾਮਲਾ ਅਮਰੀਕਾ ਦੇ ਸ਼ਿਕਾਗੋ ਦਾ ਹੈ।
ਦਰਅਸਲ, ਇਲੀਨੋਇਸ ਦੇ ਔਰੋਰਾ ਇਲਾਕੇ ‘ਚ ਹਿੰਦੂਆਂ ਦੇ ਪੂਜਾ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ‘ਚ 19 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪੈਲੇਟਾਈਨ ਦਾ ਰਹਿਣ ਵਾਲਾ ਹੈ। ਉਸ ਦਾ ਨਾਮ ਐਲੇਕਜ਼ੈਂਡਰੋਸ ਪੈਪੋਰਾਕਿਸ ਹੈ। ਉਸ ਨੇ ਵੱਡੇ ਪੱਧਰ ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਐਲੇਕਜ਼ੈਂਡਰੋਸ ਭਾਰੀ ਹਥਿਆਰਾਂ ਨਾਲ ਲੈਸ ਹੋ ਕੇ ਮੰਦਰ ਪਹੁੰਚਿਆ ਸੀ ਤੇ ਉਸ ਨੇ ਗੋਲੀਬਾਰੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਬੰਦੂਕ ਜਾਮ ਹੋ ਗਈ।
19 ਸਾਲਾ ਐਲੇਕਜ਼ੈਂਡਰੋਸ ਪੈਪੋਰਾਕਿਸ ਇੱਕ ਫਾਸਟ-ਫੂਡ ਰੈਸਟੋਰੈਂਟ ‘ਚ ਕੈਸ਼ੀਅਰ ਵਜੋਂ ਕੰਮ ਕਰਦਾ ਹੈ। ਉੱਤਰ-ਪੱਛਮੀ ਉਪਨਗਰ ਪੈਲੇਟਾਈਨ ਦੀ ਪੁਲਿਸ ਮੁਤਾਬਕ, ਪੈਪੋਰਾਕਿਸ ਨੇ ਔਰੋਰਾ ਦੇ ਇੱਕ ਹਿੰਦੂ ਮੰਦਰ ‘ਚ ਭਾਰਤੀ ਲੋਕਾਂ ਦੀ ਵੱਡੇ ਪੱਧਰ ਤੇ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਐਤਵਾਰ ਉਹ ਹਮਲੇ ਦੀ ਪੂਰੀ ਤਿਆਰੀ ਨਾਲ ਗੱਡੀ ਚਲਾ ਕੇ ਉੱਥੇ ਪਹੁੰਚਿਆ ਸੀ। ਸਿਰਫ਼ ਰਾਈਫਲ ਜਾਮ ਹੋਣ ਕਾਰਨ ਇਹ 19 ਸਾਲਾ ਨੌਜਵਾਨ ਵੱਡੇ ਪੱਧਰ ਤੇ ਕਤਲੇਆਮ ਕਰਨ ‘ਚ ਨਾਕਾਮ ਰਿਹਾ।
ਬਾਡੀ ਆਰਮਰ ਤੇ ਗੈਸੋਲੀਨ ਦੇ ਕੈਨ ਨਾਲ ਪਹੁੰਚਿਆ ਸੀ ਮੁਲਜ਼ਮ
ਪੁਲਿਸ ਮੁਤਾਬਕ, ਜਿਸ ਥਾਂ ਤੇ ਵੱਡੇ ਪੱਧਰ ਤੇ ਗੋਲੀਬਾਰੀ ਦੀ ਯੋਜਨਾ ਬਣਾਈ ਗਈ ਸੀ, ਉਹ ਦੱਖਣ-ਪੱਛਮੀ ਉਪਨਗਰੀ ਔਰੋਰਾ ‘ਚ ਸਥਿਤ ਸਭ ਤੋਂ ਵੱਡਾ ਹਿੰਦੂ ਮੰਦਰ ਹੈ। ਐਤਵਾਰ, 11 ਅਕਤੂਬਰ ਨੂੰ ਇਹ ਵਿਸ਼ਾਲ ਧਾਰਮਿਕ ਸਥਾਨ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ ਤੇ ਉੱਥੇ ਖੁਸ਼ੀ ਦਾ ਮਾਹੌਲ ਸੀ। ਇਸੇ ਦੌਰਾਨ ਪੈਪੋਰਾਕਿਸ ਵੱਡੀ ਗਿਣਤੀ ‘ਚ ਭਾਰਤੀਆਂ ਨੂੰ ਮਾਰਨ ਦੇ ਇਰਾਦੇ ਨਾਲ ਉੱਥੇ ਪਹੁੰਚ ਗਿਆ, ਪਰ ਕਿਸਮਤ ‘ਚ ਕੁਝ ਹੋਰ ਹੀ ਲਿਖਿਆ ਸੀ। ਉਸ ਕੋਲ ਇੱਕ ਮੋਡੀਫਾਈਡ AR-ਸਟਾਈਲ ਰਾਈਫਲ ਤੇ 300 ਰਾਊਂਡ ਗੋਲੀਆਂ ਸਨ, ਜੋ ਦੁਬਾਰਾ ਲੋਡ ਕਰਨ ਲਈ ਦਸ ਮੈਗਜ਼ੀਨਾਂ ਭਰਨ ਵਾਸਤੇ ਕਾਫ਼ੀ ਸਨ। ਇਸ ਤੋਂ ਇਲਾਵਾ, ਉਸ ਕੋਲ ਬਾਡੀ ਆਰਮਰ (ਸੁਰੱਖਿਆ ਕਵਚ) ਤੇ ਗੈਸੋਲੀਨ ਦੇ ਕੈਨ ਵੀ ਸਨ।
ਟਾਕੋ ਬੈੱਲ ‘ਚ ਕੰਮ ਕਰਨ ਵਾਲਾ ਪੈਪੋਰਾਕਿਸ ਪੈਲੇਟਾਈਨ ‘ਚ ਆਪਣੀ ਮਾਂ ਦੇ ਘਰ ਤੋਂ ਗੱਡੀ ਚਲਾ ਕੇ ਔਰੋਰਾ ਦੇ ਮੰਦਰ ਤੱਕ ਪਹੁੰਚਿਆ ਸੀ। ਪੁਲਿਸ ਮੁਤਾਬਕ, ਉਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਬੰਦੂਕ ਜਾਮ ਹੋ ਗਈ। ਇਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਪਰਤ ਗਿਆ। ਉੱਥੇ ਉਸ ਨੇ ਇੰਟਰਨੈੱਟ ਤੇ ਇਹ ਖੋਜਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਬੰਦੂਕ ਨੂੰ ਕਿਵੇਂ ਠੀਕ ਕੀਤਾ ਜਾਵੇ। ਉਸ ਨੇ ਆਪਣੇ ਇੱਕ ਸਹਿਕਰਮੀ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਵੱਡੇ ਪੱਧਰ ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ
ਪੈਲੇਟਾਈਨ ਪੁਲਿਸ ਦੇ ਜਾਸੂਸਾਂ ਨੇ ਇਲੈਕਟ੍ਰਾਨਿਕ ਸੁਨੇਹਿਆਂ ਤੇ ਪੈਪੋਰਾਕਿਸ ਦੇ ਇੱਕ ਦਸਤਾਵੇਜ਼ ਦੀ ਜਾਂਚ ਕੀਤੀ, ਜਿਸ ਦਾ ਸਿਰਲੇਖ ਸੀ Why I Fought: A.K.A.: (Aurora shooters manifesto)। ਇਸ ‘ਚ ਅਸ਼ਵੈਤ ਲੋਕਾਂ ਪ੍ਰਤੀ ਨਫ਼ਰਤ ਤੇ ਕੱਟੜਪੰਥੀ ਸੋਚ ਨੂੰ ਦਰਸਾਉਣ ਵਾਲੇ ਬਿਆਨ ਸਨ। ਇਨ੍ਹਾਂ ‘ਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ, ਖ਼ਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਦੀਆਂ ਗੱਲਾਂ ਲਿਖੀਆਂ ਗਈਆਂ ਸਨ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕੀ ਕਿਹਾ?
ਇਸ ਗੰਭੀਰ ਮਾਮਲੇ ਬਾਰੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ X ਤੇ ਕਿਹਾ, ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਤੁਰੰਤ ਕਾਰਵਾਈ ਕੀਤੇ ਜਾਣ ਦੀ ਸ਼ਲਾਘਾ ਕਰਦੇ ਹਾਂ। ਅਸੀਂ ਭਾਈਚਾਰੇ ਦੇ ਲੋਕਾਂ ਨੂੰ ਵੀ ਸੁਚੇਤ ਰਹਿਣ ਤੇ ਕਿਸੇ ਵੀ ਸੰਭਾਵੀ ਖ਼ਤਰੇ ਬਾਰੇ ਸੂਚਨਾ ਦੇਣ ਦੀ ਅਪੀਲ ਕਰਦੇ ਹਾਂ। ਹਰ ਭਾਈਚਾਰੇ ਨੂੰ ਬਿਨਾਂ ਕਿਸੇ ਡਰ ਦੇ ਪੂਜਾ ਕਰਨ ਦਾ ਅਧਿਕਾਰ ਹੈ।
ਉੱਧਰ, ਪੈਲੇਟਾਈਨ ਪੁਲਿਸ ਵਿਭਾਗ ਨੇ ਕਿਹਾ ਕਿ ਉਹ FBI ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਕਿਉਂਕਿ ਜਾਂਚ ਹਾਲੇ ਜਾਰੀ ਹੈ ਤੇ ਸੰਭਾਵੀ ਤੌਰ ਤੇ ਹੋਰ ਇਲਜ਼ਾਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਅਧਿਕਾਰੀਆਂ ਨੂੰ ਇਸ ਘਟਨਾ ਨਾਲ ਜੁੜਿਆ ਜਨਤਾ ਲਈ ਕੋਈ ਮੌਜੂਦਾ ਖ਼ਤਰਾ ਨਹੀਂ ਮਿਲਿਆ ਹੈ।
ਪੈਲੇਟਾਈਨ ਦੇ ਪੁਲਿਸ ਮੁਖੀ ਵਿਲੀਅਮ ਨੌਰਡ ਨੇ ਕਿਹਾ, ਇਸ ਕਥਿਤ ਖ਼ਤਰੇ ਦੀ ਗੰਭੀਰਤਾ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਪੈਲੇਟਾਈਨ ਤੇ ਮਾਊਂਟ ਪ੍ਰਾਸਪੈਕਟ ਪੁਲਿਸ ਵਿਭਾਗਾਂ ਵੱਲੋਂ ਤੁਰੰਤ ਜਾਣਕਾਰੀ ਸਾਂਝੀ ਕਰਨ ਕਾਰਨ ਸ਼ੱਕੀ ਦੀ ਪਛਾਣ ਕਰਨ ਤੇ ਉਸ ਨੂੰ ਹਿਰਾਸਤ ‘ਚ ਲੈਣ ‘ਚ ਸਫਲਤਾ ਮਿਲੀ। ਆਪਣੇ ਭਾਈਚਾਰਿਆਂ ਤੇ ਪੂਜਾ ਸਥਾਨਾਂ ਦੀ ਸੁਰੱਖਿਆ ਸਾਡੀ ਪਹਿਲ ਰਹੀ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਅਸੀਂ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।
FBI ਸ਼ਿਕਾਗੋ ਦੇ ਇੰਚਾਰਜ ਵਿਸ਼ੇਸ਼ ਏਜੰਟ ਰਿਆਨ ਵ੍ਹੇਲਨ ਨੇ ਕਿਹਾ ਕਿ ਏਜੰਸੀ ਕੱਟੜਪੰਥੀ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਹਿੰਸਾ ਦੇ ਕਿਸੇ ਵੀ ਖ਼ਤਰੇ ਦੀ ਪਛਾਣ ਕਰਨ, ਜਾਂਚ ਕਰਨ ਤੇ ਉਸ ਨੂੰ ਖ਼ਤਮ ਕਰਨ ਲਈ ਆਪਣੇ ਸਥਾਨਕ ਤੇ ਸੂਬਾਈ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਮਿਲ ਕੇ ਸਰਗਰਮੀ ਨਾਲ ਕੰਮ ਕਰਦੀ ਹੈ।
