ਸਪੇਨ ਵਿੱਚ ਫੁੱਟਬਾਲ ਮੈਚ ਦੌਰਾਨ ਸਿੱਖ ਮੁੰਡੇ ਨੂੰ ਪਟਕਾ ਹਟਾਉਣ ਵਾਸਤੇ ਕਿਹਾ
'ਫੀਫਾ' ਦੇ ਨਿਯਮਾਂ ਮੁਤਾਬਿਕ, ਪੱਗ ਪਹਿਨ ਕੇ ਫੁੱਟਬਾਲ ਖੇਡ ਸਕਦੇ ਹਨ ਮੁੰਡੇ. ਸਪੇਨ ਵਿੱਚ ਫੁੱਟਬਾਲ ਮੈਚ ਦੌਰਾਨ ਸਿੱਖ ਮੁੰਡੇ ਨੂੰ ਪਟਕਾ ਹਟਾਉਣ ਵਾਸਤੇ ਕਿਹਾ.
ਮੈਡ੍ਰਿਡ : ਸਪੇਨ ਵਿੱਚ ਫੁੱਟਬਾਲ ਮੈਚ ਖੇਡ ਰਹੇ ਇੱਕ ਸਿੱਖ ਮੁੰਡੇ ਨੂੰ ਰੈਫਰੀ ਵੱਲੋਂ ਪੱਗ ਪਹਿਨ ਕੇ ਖੇਡਣ ਤੋਂ ਰੋਕ ਦਿੱਤਾ ਗਿਆ ਅਤੇ ਉਸ ਨੂੰ ਪਹਿਲੇ ਪੱਗ ਹਟਾਉਣ ਵਾਸਤੇ ਕਿਹਾ ਗਿਆ।
15 ਸਾਲ ਦੇ ਗੁਰਪ੍ਰੀਤ ਸਿੰਘ ਵਾਸਤੇ ਇਹ ਵਾਕਿਆ ਬੇਹੱਦ ਹੈਰਾਨ-ਪਰੇਸ਼ਾਨ ਅਤੇ ਸ਼ਰਮਿੰਦਗੀ ਵਾਲਾ ਸੀ। ਸਪੇਨ ਦੇ ਅਰਾਤੀਆ ਫੁੱਟਬਾਲ ਕਲੱਬ ਦੀ ਟੀਮ ‘ਸੀ’ ਨਾਲ ਜੁੜੇ ਗੁਰਪ੍ਰੀਤ ਸਿੰਘ ਨੂੰ ਰੈਫਰੀ ਵੱਲੋਂ ਕਿਹਾ ਗਿਆ ਕਿ ਫੁੱਟਬਾਲ ਮੈਚ ਦੌਰਾਨ ਪੱਗ ਪਹਿਨਣਾ ਨਿਯਮਾਂ ਦੇ ਖਿਲਾਫ਼ ਹੈ। ਹਾਲਾਂਕਿ, ਗੁਰਪ੍ਰੀਤ ਸਿੰਘ ਵੱਲੋਂ ਓਸ ਤੋਂ ਪਹਿਲਾਂ ਖੇਡੇ ਗਏ ਮੈਚਾਂ ਦੌਰਾਨ ਰੈਫਰੀਆਂ ਨੇ ਉਸ ਦੇ ਪੱਗ ਪਹਿਨ ਕੇ ਮੈਚ ਖੇਡਣ ਤੇ ਕੋਈ ਇਤਰਾਜ਼ ਨਹੀਂ ਸੀ ਕੀਤਾ।
‘ਸਿੱਖ ਐਕਸਪੋ’ ਵੱਲੋਂ ਪਾਈ ਗਈ ਪੋਸਟ
‘ਸਿੱਖ ਐਕਸਪੋ’ ਵੱਲੋਂ ਇੰਸਟਾਗਰਾਮ ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ ਗਿਆ, ਸਪੇਨ ਦੇ ਰਹਿਣ ਵਾਲੇ 15 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਉਥੇ ਅਰਾਤੀਆ ‘ਸੀ’ ਟੀਮ ਅਤੇ ਇੱਕ ਹੋਰ
ਸਥਾਨਕ ਟੀਮ ਵਿਚਕਾਰ ਖੇਡੇ ਗਏ ਫੁੱਟਬਾਲ ਮੈਚ ਦੌਰਾਨ ਓਸ ਦੇ ਸਿਰ ਤੋਂ ਪਟਕਾ ਹਟਾਉਣ ਵਾਸਤੇ ਕਿਹਾ ਗਿਆ। ਅਰਾਤੀਆ ਟੀਮ ਦੇ ਖਿਡਾਰੀਆਂ ਨੇ ਗੁਰਪ੍ਰੀਤ ਦਾ ਪੱਖ ਲੈਂਦੀਆਂ ਦਲੀਲ
ਦਿੱਤੀ ਕਿ ਇਹ ਪਟਕਾ ਗੁਰਪ੍ਰੀਤ ਸਿੰਘ ਦਾ ਧਾਰਮਿਕ ਚਿੰਨ੍ਹ ਹੈ, ਅਤੇ ਇਸ ਤੋਂ ਪਹਿਲਾਂ ਵੀ ਉਹ ਪਟਕਾ ਪਹਿਨ ਕੇ ਹੀ ਫੁੱਟਬਾਲ ਖੇਡਦਾ ਰਿਹਾ ਹੈ। ਇਸ ਤੋਂ ਬਾਅਦ ਟੀਮ ਦੇ ਖਿਡਾਰੀ ਅਤੇ ਅਰਾਤੀਆ ਕਲੱਬ ਦੇ ਕੋਚ ਵੱਲੋਂ ਏਕਤਾ ਵਹਉਂਦੇ ਹੋਏ ਮੈਦਾਨ ਤੋਂ ਬਾਹਰ ਚਲੇ ਜਾਣ ਦਾ ਫੈਸਲਾ ਕਰ ਲਿਆ ਗਿਆ ਸੀ।
ਦੂਜੇ ਪਾਸੇ ਰੈਫਰੀ ਨੇ ਆਪਣੇ ਇਸ ਫੈਸਲੇ ਦੇ ਬਚਾਅ ਵਿੱਚ ਦੱਸਿਆ ਕਿ 15 ਸਾਲ ਦਾ ਗੁਰਪ੍ਰੀਤ ਸਿੰਘ ਹੈਟ ਪਾ ਕੇ ਫੁੱਟਬਾਲ ਖੇਡ ਰਿਹਾ ਸੀ, ਅਤੇ ਨਿਯਮਾਂ ਮੁਤਾਬਿਕ ਖਿਡਾਰੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਇਸ ਮੈਚ ਤੋਂ ਪਹਿਲਾਂ ਹੋਰ ਮੈਚਾਂ ਵਿੱਚ ਇਸ ਨੌਜਵਾਨ ਸਿੱਖ ਖਿਡਾਰੀ ਨੂੰ ਹੋਰ ਰੈਫਰੀਆਂ ਵੱਲੋਂ ਪਟਕਾ ਪਹਿਨ ਕੇ ਫੁੱਟਬਾਲ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਰੈਫਰੀਆਂ ਵੱਲੋਂ ਪਟਕੇ ਤੇ ਕੋਈ ਦਖ਼ਲ-ਅੰਦਾਜ਼ੀ ਨਹੀਂ ਸੀ ਕੀਤੀ ਗਈ।
ਗੁਰਪ੍ਰੀਤ ਪਿਛਲੇ 5 ਸਾਲ ਤੋਂ ਪਟਕਾ ਪਹਿਨ ਕੇ ਖੇਡਦਾ ਰਿਹਾ ਹੈ
ਅਰਾਤੀਆ ਫੁੱਟਬਾਲ ਕਲੱਬ ਦੇ ਪ੍ਰੈਜ਼ੀਡੈਂਟ ਪੈਡਰੋ ਔਰਮਾਜਬਲ ਦਾ ਕਹਿਣਾ ਹੈ, ਗੁਰਪ੍ਰੀਤ ਸਿੰਘ ਪਿਛਲੇ 5 ਸਾਲ ਤੋਂ ਪਟਕਾ ਪਹਿਨ ਕੇ ਫੁਟਬਾਲ ਖੇਡਦਾ ਰਿਹਾ ਹੈ, ਇੱਥੋਂ ਤੱਕ ਕਿ
ਬਤੌਰ ਕੈਡਿਟ ਸ਼ੁਰੂਆਤ ਕਰਨ ਤੋਂ ਲੈ ਕੇ ਹੁਣ ਤੱਕ ਹੁਣ ਕੋਈ ਦਿੱਕਤ ਨਹੀਂ ਸੀ ਆਈ। ਫੁੱਟਬਾਲ ਮੈਚਾਂ ਦੌਰਾਨ ਸਾਨੂੰ ਹਲਕੀ ਜੇਹੀ ਵੀ ਪਰੇਸ਼ਾਨੀ ਨਹੀਂ ਹੋਈ। ਪਰ ਪਿਛਲੇ ਦਿਨਾਂ ਦੇ ਹਾਲਾਤ ਇਸ ਨੌਜਵਾਨ ਸਿੱਖ ਖਿਲਾੜੀ ਵਾਸਤੇ ਬੇਹੱਦ ਸ਼ਰਮਿੰਦਗੀ ਭਰੇ ਰਹੇ। ਹਾਲੇ ਉਹ ਉਸ ਦਿਨ ਖੇਡਣ ਵਾਸਤੇ ਮੈਦਾਨ ਵਿੱਚ ਉਤਰਿਆ ਹੀ ਸੀ ਕਿ ਰੈਫਰੀ ਉਸ ਵੱਲ ਮੁੜਿਆ ਅਤੇ ਉਸ ਨੂੰ ਸਿਰ ਤੋਂ ਪਟਕਾ ਹਟਾਉਣ ਨੂੰ ਕਿਹਾ।
ਓਸ ਵੇਲੇ ਮੈਦਾਨ ਵਿੱਚ ਇਹਨਾਂ ਖਿਡਾਰੀਆਂ ਦੇ ਮਾਪੇ ਵੀ ਬੈਠੇ ਸਨ। ਅਸਲ ਵਿੱਚ ਇਹ ਮਾਮਲਾ ਸਿਰਫ ਰੈਫਰੀ ਦੇ ਉੱਤੇ ਛੱਡਣ ਵਾਲਾ ਨਹੀਂ। ਇਸ ਮਾਮਲੇ ਵਿੱਚ ਸਭ ਤੋਂ ਵੱਧ ਖ਼ੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟੀਮ ਦੇ ਸਾਰੇ ਖਿਡਾਰੀਆਂ ਨੇ ਏਕਤਾ ਵਹਾਉਂਦੇ ਹੋਏ ਗੁਰਪ੍ਰੀਤ ਸਿੰਘ ਦਾ ਪੱਖ ਲਿਆ ਅਤੇ ਸਾਰੀਆਂ ਨੇ ਮੈਦਾਨ ਤੋਂ ਬਾਹਰ ਚਲੇ ਜਾਣ ਦਾ ਫੈਸਲਾ ਕਰ ਲਿਆ। ਸ਼ਨੀਵਾਰ ਨੂੰ ਗੁਰਪ੍ਰੀਤ ਸਿੰਘ ਦੁਬਾਰਾ ਫੁੱਟਬਾਲ ਮੈਦਾਨ ਵਿੱਚ ਪੁੱਜਿਆ ਸੀ।