Imran Khan: ਏਅਰਬੇਸ ਤੇ ਹਿੰਸਾ, ISI ਦਾ ਦਫ਼ਤਰ ਫੂਕਿਆ, ਇਮਰਾਨ ਦੀ ਗ੍ਰਿਫ਼ਤਾਰੀ ‘ਤੇ ਹਿੰਸਕ ਪ੍ਰਦਰਸ਼ਨ

Updated On: 

09 May 2023 22:12 PM

Imran Khan arrested: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਆਖਰਕਾਰ ਸ਼ਿਕੰਜਾ ਕੱਸ ਗਿਆ। ਇਮਰਾਨ ਖਾਨ 'ਤੇ ਲੰਬੇ ਸਮੇਂ ਤੋਂ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਵਰਕਰ ਪੂਰੇ ਮੁਲਕ ਵਿੱਚ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ।

Follow Us On

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਨੂੰ ਇਸਲਾਮਾਬਾਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸ ਦੇਈਏ ਕਿ ਇਮਰਾਨ ਖਾਨ ਨੂੰ ਮੰਗਲਵਾਰ ਦੁਪਹਿਰ ਨੂੰ ਪਾਕਿਸਤਾਨ ਰੇਂਜਰਸ ਨੇ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕੀਤਾ ਸੀ। ਇਮਰਾਨ ਨੂੰ ਗ੍ਰਿਫਤਾਰ ਕਰਦੇ ਹੀ ਪੀਟੀਆਈ ਵਰਕਰਾਂ ਨੇ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉੱਧਰ ਇਮਰਾਨ ਖਾਨ ਨੂੰ ਅਦਾਲਤ ‘ਚ ਗ੍ਰਿਫਤਾਰੀ ਤੋਂ ਬਾਅਦ NAB ਦਫਤਰ ਲਿਜਾਇਆ ਗਿਆ ਹੈ।

ਉੱਧਰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਪੂਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪੀਟੀਆਈ ਵਰਕਰਾਂ ਦਾ ਲਾਹੌਰ, ਕਰਾਚੀ, ਪੇਸ਼ਾਵਰ, ਸਵਾਤ, ਬਲੂਚਿਸਤਾਨ, ਗਿਲਗਿਟ ਬਾਲਟਿਸਤਾਨ, ਕਵੇਟਾ, ਮੁਲਤਾਨ, ਗੁਜਰਾਵਾਲਾਂ, ਫੈਸਲਾਬਾਦ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਹੈ। ਲਾਹੌਰ ਵਿਚ ਪ੍ਰਦਰਸ਼ਨਕਾਰੀ ਆਰਮੀ ਹੈੱਡਕੁਆਟਰ ਵਿੱਚ ਵੜ੍ਹ ਗਏ ਅਤੇ ਆਰਮੀ ਦੇ ਕੋਰ ਕਮਾਂਡਰ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਉੱਧਰ, ਹਿੰਸਕ ਹੋਏ ਪੀਟੀਆਈ ਵਰਕਰਾਂ ਨੇ ਮੀਆਂਵਾਲੀ ਏਅਰਬੇਸ ਦੇ ਬਾਹਰ ਅੱਗਜਨੀ ਕੀਤੀ ਅਤੇ ਜਹਾਜ਼ ਨੂੰ ਅੱਗ ਲਗਾ ਦਿੱਤੀ। ਪੇਸ਼ਾਵਰ ਵਿੱਚ ਰੇਡੀਓ ਪਾਕਿਸਤਾਨ ਨੂੰ ਵੀ ਸਾੜ ਦਿੱਤਾ ਤਾਂ ਆਈਐਸਆਈ ਦੇ ਦਫ਼ਤਰ ਨੂੰ ਘੇਰ ਲਿਆ ਅਤੇ ਪੱਥਰਬਾਜੀ ਵੀ ਕੀਤੀ ਹੈ।

ਪਾਕਿਸਤਾਨ ‘ਚ ਗ੍ਰਹਿ ਯੁੱਧ ਵਰਗੀ ਸਥਿਤੀ

ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ‘ਚ ਗ੍ਰਹਿ ਯੁੱਧ ਵਰਗੀ ਸਥਿਤੀ ਬਣ ਗਈ ਹੈ। ਇਮਰਾਨ ਦੇ ਸਮਰਥਕ ਕਈ ਸ਼ਹਿਰਾਂ ‘ਚ ਸੜਕਾਂ ‘ਤੇ ਉਤਰ ਆਏ ਹਨ। ਲਾਹੌਰ ਵਿਚ ਪਾਕਿਸਤਾਨੀ ਫੌਜ ਦੇ ਕਮਾਂਡਰ ਦੇ ਘਰ ਨੂੰ ਘੇਰ ਲਿਆ ਗਿਆ ਹੈ ਅਤੇ ਕੁਝ ਲੋਕ ਕਮਾਂਡਰ ਦੇ ਘਰ ਵਿਚ ਦਾਖਲ ਹੋ ਗਏ ਹਨ।

ਪਾਕਿਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਕਈ ਸ਼ਹਿਰਾਂ ਵਿਚ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਕਰਾਚੀ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਪੀਟੀਆਈ ਦੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਬੱਚੇ ਦੀ ਵੀ ਜਾਨ ਗਈ ਹੈ। ਉੱਧਰ ਪ੍ਰਦਰਸ਼ਨਾਂ ਨੂੰ ਵੇਖਦਿਆਂ ਪੁਲਿਸ ਵੱਲੋਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਧਾਰਾ-144 ਲਗਾਈ ਗਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ