Imran Khan Arrested: ਪਾਕਿਸਤਾਨ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ ‘ਚ ਹੰਗਾਮਾ ਮਚ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਇਮਰਾਨ ਖਾਨ ਦੇ ਸਮਰਥਕ ਸੜਕਾਂ ‘ਤੇ ਆ ਗਏ ਹਨ ਅਤੇ ਕਈ ਸ਼ਹਿਰਾਂ ‘ਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਸਮਰਥਕਾਂ ਨੇ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਅਤੇ ਲਾਹੌਰ ਵਿੱਚ ਕੋਰ ਕਮਾਂਡਰ ਦੀ ਰਿਹਾਇਸ਼ ਉੱਤੇ ਹਮਲਾ ਕਰ ਦਿੱਤਾ।
ਖਾਨ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਅਗਲੇ 30 ਦਿਨਾਂ ਲਈ ਪੂਰੇ ਪਾਕਿਸਤਾਨ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੇਸ਼ ਭਰ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਮਰਾਨ ਖਾਨ ਨੂੰ ਕੱਲ੍ਹ ਯਾਨੀ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਓ ਹੁਣ ਤੱਕ ਦੇ ਵੱਡੇ ਅਪਡੇਟਾਂ ‘ਤੇ ਇੱਕ ਨਜ਼ਰ ਮਾਰੀਏ।
ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵੱਡੇ ਅਪਡੇਟਸ
- ਇਮਰਾਨ ਖਾਨ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇੱਕ ਸੀਨੀਅਰ ਅਧਿਕਾਰੀ ‘ਤੇ ਆਪਣੇ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ‘ਚ ਫੌਜ ਅਤੇ ਪ੍ਰਧਾਨ ਮੰਤਰੀ ਨੇ ਵੀ ਇਮਰਾਨ ‘ਤੇ ਪਲਟਵਾਰ ਕੀਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਕਈ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਇਮਰਾਨ ਅਦਾਲਤ ‘ਚ ਪੇਸ਼ ਨਹੀਂ ਹੋਏ। NAB ਨੇ ਉਨ੍ਹਾਂ ਨੂੰ ਦੇਸ਼ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨਾਲ ਕੋਈ ਮਾੜਾ ਵਿਵਹਾਰ ਨਹੀਂ ਕੀਤਾ ਗਿਆ ਹੈ।
- ਬੁੱਧਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਦੀ ਕਾਰ ਨੂੰ ਸਾੜ ਦਿੱਤਾ ਗਿਆ। ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਸ਼ਹਿਰਾਂ ਵਿੱਚ ਇੰਟਰਨੈੱਟ ਦੀ ਰਫ਼ਤਾਰ ਹੌਲੀ ਹੋ ਗਈ ਹੈ।
- ਪੀਟੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ ਲਾਹੌਰ, ਪੇਸ਼ਾਵਰ, ਕਰਾਚੀ, ਗਿਲਗਿਤ ਸਮੇਤ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੇ ਨਾਲ ਹੀ ਡਾਨ ਦੀ ਖਬਰ ਮੁਤਾਬਕ ਇਸਲਾਮਾਬਾਦ ‘ਚ ਮੰਗਲਵਾਰ ਨੂੰ ਪ੍ਰਦਰਸ਼ਨ ਦੌਰਾਨ 5 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ।
- ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੀਟੀਆਈ ਦੇ ਜਨਰਲ ਸਕੱਤਰ ਅਸਦ ਉਮਰ ਨੇ ਟਵੀਟ ਕੀਤਾ ਕਿ ਪਾਰਟੀ ਦੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੀ ਅਗਵਾਈ ਵਾਲੀ ਛੇ ਮੈਂਬਰੀ ਕਮੇਟੀ ਫੈਸਲਾ ਕਰੇਗੀ ਕਿ ਕੀ ਕਰਨਾ ਹੈ ਅਤੇ ਕੀ ਨਹੀਂ।
- ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਕਾਨੂੰਨ ਮੁਤਬਾਕ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਜੇਕਰ ਗ੍ਰਿਫਤਾਰੀ ਗੈਰ-ਕਾਨੂੰਨੀ ਸਾਬਤ ਹੋਈ ਤਾਂ ਇਮਰਾਨ ਨੂੰ ਰਿਹਾਅ ਕਰਨਾ ਹੋਵੇਗਾ।
- ਇਸਲਾਮਾਬਾਦ ਹਾਈ ਕੋਰਟ ਨੇ ਗ੍ਰਹਿ ਮੰਤਰੀ ਸਕੱਤਰ ਅਤੇ ਇਸਲਾਮਾਬਾਦ ਦੇ ਪੁਲਿਸ ਮੁਖੀ ਨੂੰ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦੇ 15 ਮਿੰਟਾਂ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਵਿੱਚ ਆ ਕੇ ਦੱਸੋ ਕਿ ਗ੍ਰਿਫ਼ਤਾਰੀ ਕਿਉਂ ਅਤੇ ਕਿਸ ਕੇਸ ਵਿੱਚ ਹੋਈ।
- ਪ੍ਰਦਰਸ਼ਨਕਾਰੀ ਲਾਹੌਰ ਕੈਂਟ ਵਿੱਚ ਕੋਰ ਕਮਾਂਡਰ ਹਾਊਸ ਅਤੇ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਵੀ ਦਾਖਲ ਹੋਏ, ਜਿੱਥੇ ਭੰਨਤੋੜ ਅਤੇ ਅੱਗਜ਼ਨੀ ਕੀਤੀ ਗਈ। ਹੈੱਡਕੁਆਰਟਰ ਦੇ ਅੰਦਰ ਪਾਲਿਆ ਚਿੱਟਾ ਮੋਰ ਅਤੇ ਹੋਰ ਸਾਮਾਨ ਲੁੱਟ ਲਿਆ।
- ਇਮਰਾਨ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਪੀਟੀਆਈ ਸਮਰਥਕ ਸੜਕਾਂ ‘ਤੇ ਉਤਰ ਆਏ। ਵੱਖ-ਵੱਖ ਥਾਵਾਂ ‘ਤੇ ਅੱਗਜ਼ਨੀ ਅਤੇ ਭੰਨਤੋੜ ਸ਼ੁਰੂ ਕਰ ਦਿੱਤੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੇ ਦੇਸ਼ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰਦਰਸ਼ਨ ਰੁਕਿਆ ਨਹੀਂ।
- ਇਮਰਾਨ ਖਾਨ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕਿਸੇ ਹੋਰ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚੇ ਸਨ। ਪੇਸ਼ੀ ਤੋਂ ਬਾਅਦ ਜਿਵੇਂ ਹੀ ਇਮਰਾਨ ਖਾਨ ਬਾਹਰ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
- ਅਲ-ਕਾਦਿਰ ਟਰੱਸਟ ਮਾਮਲੇ ‘ਚ 1 ਮਈ ਨੂੰ ਰਾਵਲਪਿੰਡੀ ‘ਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਬੀ.ਏ.) ਨੇ ਇਮਰਾਨ ਖਾਨ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ 9 ਮਈ ਨੂੰ ਪੁਲਸ ਨੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ।
- ਇਮਰਾਨ ਖਾਨ ਨੂੰ ਅਲ-ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੀਟੀਆਈ ਮੁਖੀ ‘ਤੇ 50 ਅਰਬ ਰੁਪਏ ਦੀ ਰੀਅਲ ਅਸਟੇਟ ਫਰਮ ਦੇ ਮਨੀ ਲਾਂਡਰਿੰਗ ਨੂੰ ਕਾਨੂੰਨੀ ਬਣਾਉਣ ਲਈ ਅਰਬਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ