ਪਾਕਿਸਤਾਨ ‘ਚ ਤੇਲ ਸੰਕਟ ਕਾਰਨ ਲੌਕਡਾਊਨ ਵਰਗੀ ਸਥਿਤੀ, ਵਰਕ ਫਰਾਮ ਹੋਮ ਲਾਗੂ; ਸਕੂਲ 2 ਹਫ਼ਤੇ ਲਈ ਬੰਦ

Updated On: 

09 Mar 2026 23:45 PM IST

Pakistan Oil Crisis: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਨੇ ਵਿਸ਼ਵ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਵੱਡੀ 'ਬਚਤ ਯੋਜਨਾ' ਦਾ ਐਲਾਨ ਕੀਤਾ ਹੈ। ਤੇਲ ਦੀ ਕਿੱਲਤ ਕਾਰਨ ਪਾਕਿਸਤਾਨ ਵਿੱਚ ਹਾਲਾਤ ਲੌਕਡਾਊਨ ਵਰਗੇ ਬਣ ਗਏ ਹਨ।

ਪਾਕਿਸਤਾਨ ਚ ਤੇਲ ਸੰਕਟ ਕਾਰਨ ਲੌਕਡਾਊਨ ਵਰਗੀ ਸਥਿਤੀ, ਵਰਕ ਫਰਾਮ ਹੋਮ ਲਾਗੂ; ਸਕੂਲ 2 ਹਫ਼ਤੇ ਲਈ ਬੰਦ

ਪਾਕਿਸਤਾਨ 'ਚ ਤੇਲ ਸੰਕਟ, ਸਕੂਲ 2 ਹਫ਼ਤੇ ਲਈ ਬੰਦ ਅਤੇ ਵਰਕ ਫਰਾਮ ਹੋਮ ਪਾਲਿਸੀ ਲਾਗੂ

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਨੇ ਵਿਸ਼ਵ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਵੱਡੀ ‘ਬਚਤ ਯੋਜਨਾ’ ਦਾ ਐਲਾਨ ਕੀਤਾ ਹੈ। ਤੇਲ ਦੀ ਕਿੱਲਤ ਕਾਰਨ ਪਾਕਿਸਤਾਨ ਵਿੱਚ ਹਾਲਾਤ ਲੌਕਡਾਊਨ ਵਰਗੇ ਬਣ ਗਏ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਰਕਾਰੀ ਤੇਲ ਭੱਤੇ ਵਿੱਚ 50 ਫੀਸਦੀ ਦੀ ਕਟੌਤੀ ਕਰਨ ਦੇ ਨਾਲ-ਨਾਲ ਕਈ ਹੋਰ ਸਖ਼ਤ ਫੈਸਲੇ ਲਏ ਹਨ।

ਸਰਕਾਰੀ ਦਫਤਰ ਹਫ਼ਤੇ ਵਿੱਚ ਸਿਰਫ਼ 4 ਦਿਨ ਖੁੱਲ੍ਹਣਗੇ

ਤੇਲ ਦੀ ਖਪਤ ਘਟਾਉਣ ਲਈ ਪਾਕਿਸਤਾਨ ਸਰਕਾਰ ਨੇ ਨਵੀਂ ਨੀਤੀ ਲਾਗੂ ਕੀਤੀ ਹੈ। ਹੁਣ ਸਰਕਾਰੀ ਦਫਤਰ ਹਫ਼ਤੇ ਵਿੱਚ ਸਿਰਫ਼ 4 ਦਿਨ ਹੀ ਖੁੱਲ੍ਹਣਗੇ ਅਤੇ ਬਾਕੀ ਦਿਨਾਂ ਲਈ ‘ਵਰਕ ਫਾਰ ਹੋਮ’ ਪਾਲਿਸੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਤੇਲ ਸੰਕਟ ਦੇ ਮੱਦੇਨਜ਼ਰ ਦੇਸ਼ ਭਰ ਦੇ ਸਕੂਲਾਂ ਨੂੰ ਵੀ 2 ਹਫ਼ਤਿਆਂ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਪੀਐਮ ਸ਼ਾਹਬਾਜ਼ ਨੇ ਕਿਹਾ ਕਿ ਪੂਰਾ ਖੇਤਰ ਇਸ ਸਮੇਂ ਜੰਗ ਦੀ ਲਪੇਟ ਵਿੱਚ ਹੈ, ਜਿਸ ਕਾਰਨ ਆਰਥਿਕ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਕੂਟਨੀਤੀ ਰਾਹੀਂ ਇਸ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੋਂ ਪਾਰ

ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਚਾਨਕ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਕੀਮਤਾਂ ਬੇਕਾਬੂ ਹੋ ਸਕਦੀਆਂ ਹਨ। ਪਾਕਿਸਤਾਨ ਆਪਣੀ ਤੇਲ ਦੀ ਲੋੜ ਲਈ ਖਾੜੀ ਦੇਸ਼ਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਕੌਮਾਂਤਰੀ ਕੀਮਤਾਂ ‘ਤੇ ਪਾਕਿਸਤਾਨ ਦਾ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਸਰਕਾਰ ਆਰਥਿਕਤਾ ਨੂੰ ਸਥਿਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਹਾਲਾਂਕਿ ਉਨ੍ਹਾਂ ਮੰਨਿਆ ਕਿ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਇੱਕ ਮਜਬੂਰੀ ਸੀ।

ਸਰਕਾਰੀ ਵਾਹਨਾਂ ਅਤੇ ਤੇਲ ਸਪਲਾਈ ‘ਤੇ ਰੋਕ

ਖਰਚਿਆਂ ਨੂੰ ਘਟਾਉਣ ਲਈ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਮਿਲ ਕੇ ਕਈ ਅਹਿਮ ਫੈਸਲੇ ਲਏ ਹਨ। ਸਰਕਾਰੀ ਵਿਭਾਗਾਂ ਦੇ ਵਾਹਨਾਂ ਨੂੰ ਦਿੱਤੀ ਜਾਣ ਵਾਲੀ ਤੇਲ ਦੀ ਸਪਲਾਈ ਅਗਲੇ ਦੋ ਮਹੀਨਿਆਂ ਲਈ 50 ਫੀਸਦੀ ਤੱਕ ਘਟਾ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਇਸ ਸਮੇਂ ਦੌਰਾਨ ਸਰਕਾਰੀ ਵਿਭਾਗਾਂ ਦੇ ਲਗਭਗ 60 ਫੀਸਦੀ ਵਾਹਨ ਸੜਕਾਂ ‘ਤੇ ਨਹੀਂ ਉਤਰਨਗੇ।

ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਕਟੌਤੀ

ਦੇਸ਼ ਨੂੰ ਆਰਥਿਕ ਸੰਕਟ ‘ਚੋਂ ਕੱਢਣ ਲਈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮੰਤਰੀ ਮੰਡਲ ਦੇ ਮੈਂਬਰ, ਮੰਤਰੀ ਅਤੇ ਸਲਾਹਕਾਰ ਅਗਲੇ ਦੋ ਮਹੀਨਿਆਂ ਤੱਕ ਕੋਈ ਤਨਖਾਹ ਨਹੀਂ ਲੈਣਗੇ। ਇਸ ਦੇ ਨਾਲ ਹੀ:

ਸੰਸਦ ਮੈਂਬਰਾਂ (MPs) ਦੀਆਂ ਤਨਖਾਹਾਂ ਵਿੱਚ 25% ਦੀ ਕਟੌਤੀ ਕੀਤੀ ਜਾਵੇਗੀ।

ਗ੍ਰੇਡ 20 ਤੋਂ ਉੱਪਰ ਦੇ ਅਧਿਕਾਰੀ, ਜਿਨ੍ਹਾਂ ਦੀ ਤਨਖਾਹ 3 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਦੀ ਦੋ ਦਿਨਾਂ ਦੀ ਤਨਖਾਹ ਕੱਟੀ ਜਾਵੇਗੀ।

ਈਰਾਨ ‘ਤੇ ਹੋਏ ਹਮਲਿਆਂ ਦੀ ਨਿੰਦਾ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਈਰਾਨ ‘ਤੇ ਹੋਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ, ਜਿਸ ਵਿੱਚ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋਈ ਸੀ। ਉਨ੍ਹਾਂ ਖਾੜੀ ਦੇਸ਼ਾਂ ‘ਤੇ ਹੋ ਰਹੇ ਹਮਲਿਆਂ ‘ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁਰੂ ਹੋਇਆਂ ਲਗਭਗ 10 ਦਿਨ ਹੋ ਚੁੱਕੇ ਹਨ ਅਤੇ ਦੋਵਾਂ ਪਾਸਿਆਂ ਤੋਂ ਲਗਾਤਾਰ ਹਮਲੇ ਜਾਰੀ ਹਨ, ਜਿਸ ਵਿੱਚ ਈਰਾਨ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ।

Follow Us