ਕੈਨੇਡਾ ‘ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖੁਸ਼ਖਬਰੀ, 6 ਮਹੀਨੇ ਤੱਕ ਬਿਨਾਂ ਸਟੱਡੀ ਪਰਮਿਟ ਕਰ ਸਕਣਗੇ ਪੜ੍ਹਾਈ

Updated On: 

11 Sep 2026 11:01 AM IST

Canada work permit: ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਵਿਦੇਸ਼ੀ ਨੌਜਵਾਨ ਹੁਣ 6 ਮਹੀਨਿਆਂ ਤੱਕ ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਕਰ ਸਕਣਗੇ। ਇਸ ਦਾ ਮਕਸਦ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਟੈਂਪਰੇਰੀ ਵਰਕਰਜ਼ ਨੂੰ ਜ਼ਰੂਰੀ ਸਕਿਲ, ਲਾਇਸੈਂਸਿੰਗ ਅਤੇ ਟ੍ਰੇਨਿੰਗ ਹਾਸਲ ਕਰਨ ਦਾ ਮੌਕਾ ਦੇਣਾ ਹੈ, ਤਾਂ ਜੋ ਉਹ ਲੇਬਰ ਦੀ ਲੋੜ ਵਾਲੇ ਖੇਤਰਾਂ ਵਿੱਚ ਵਧੇਰੇ ਯੋਗਦਾਨ ਪਾ ਸਕਣ।

ਕੈਨੇਡਾ ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖੁਸ਼ਖਬਰੀ, 6 ਮਹੀਨੇ ਤੱਕ ਬਿਨਾਂ ਸਟੱਡੀ ਪਰਮਿਟ ਕਰ ਸਕਣਗੇ ਪੜ੍ਹਾਈ

ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖੁਸ਼ਖਬਰੀ Photo Credit : Meta AI

ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਵਿਦੇਸ਼ੀ ਨੌਜਵਾਨ ਹੁਣ 6 ਮਹੀਨਿਆਂ ਤੱਕ ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਕਰ ਸਕਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 9 ਸਤੰਬਰ 2026 ਨੂੰ ਇਸ ਨਵੀਂ ਅਸਥਾਈ ਪਾਲਿਸੀ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਟੈਂਪਰੇਰੀ ਵਰਕਰਜ਼ ਨੂੰ ਜ਼ਰੂਰੀ ਸਕਿਲ, ਲਾਇਸੈਂਸਿੰਗ ਅਤੇ ਟ੍ਰੇਨਿੰਗ ਹਾਸਲ ਕਰਨ ਦਾ ਮੌਕਾ ਦੇਣਾ ਹੈ, ਤਾਂ ਜੋ ਉਹ ਲੇਬਰ ਦੀ ਲੋੜ ਵਾਲੇ ਖੇਤਰਾਂ ਵਿੱਚ ਵਧੇਰੇ ਯੋਗਦਾਨ ਪਾ ਸਕਣ।

ਇਸ ਫੈਸਲੇ ਨਾਲ ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਰੀਬ 3 ਲੱਖ ਭਾਰਤੀਆਂ ਨੂੰ ਫਾਇਦਾ ਹੋ ਸਕਦਾ ਹੈ। ਇਨ੍ਹਾਂ ਵਿੱਚ ਕਰੀਬ ਡੇਢ ਲੱਖ ਪੰਜਾਬੀ ਹਨ। ਇਸ ਦੇ ਨਾਲ ਹੀ ਇਹ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ (PR) ਹਾਸਲ ਕਰਨ ਵਿੱਚ ਵੀ ਮਦਦਗਾਰ ਹੋ ਸਕਦਾ ਹੈ।

ਕੈਨੇਡਾ ਦੀ ਨਵੀਂ ਪਾਲਿਸੀ ਕੀ ਹੈ?

ਜਵਾਬ: ਨਵੀਂ ਪਾਲਿਸੀ ਦੇ ਤਹਿਤ ਯੋਗ ਵਰਕ ਪਰਮਿਟ ਹੋਲਡਰ 6 ਮਹੀਨਿਆਂ ਤੱਕ ਜਾਂ ਉਨ੍ਹਾਂ ਦੇ ਵਰਕ ਪਰਮਿਟ ਦੀ ਵੈਧਤਾ ਖ਼ਤਮ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਕਰ ਸਕਣਗੇ। ਇਸ ਦਾ ਲਾਭ 6 ਮਹੀਨੇ ਜਾਂ ਇਸ ਤੋਂ ਘੱਟ ਮਿਆਦ ਵਾਲੇ ਸ਼ਾਰਟ-ਟਰਮ ਲਾਇਸੈਂਸਿੰਗ, ਐਜੂਕੇਸ਼ਨ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਲਈ ਲਿਆ ਜਾ ਸਕੇਗਾ। IRCC ਮੁਤਾਬਕ, ਇਸ ਨਾਲ ਅਜਿਹੀ ਪੜ੍ਹਾਈ ਲਈ ਵੱਖਰਾ ਸਟੱਡੀ ਪਰਮਿਟ ਲੈਣ ਦੀ ਵਾਧੂ ਪ੍ਰਕਿਰਿਆ ਤੋਂ ਰਾਹਤ ਮਿਲੇਗੀ। ਨੌਜਵਾਨ ਨੌਕਰੀ ਦੇ ਨਾਲ ਪੜ੍ਹਾਈ ਵੀ ਕਰ ਸਕਣਗੇ, ਜਿਸ ਨਾਲ ਆਮਦਨ ਜਾਰੀ ਰਹੇਗੀ ਅਤੇ ਪਰਿਵਾਰ ਤੇ ਆਰਥਿਕ ਬੋਝ ਵੀ ਘੱਟ ਹੋਵੇਗਾ।

ਕੀ ਇਸ ਵਿੱਚ ਹਰ ਤਰ੍ਹਾਂ ਦੀ ਪੜ੍ਹਾਈ ਲਈ ਛੋਟ ਹੈ?

ਜਵਾਬ: ਨਹੀਂ, ਇਹ ਸਹੂਲਤ ਫੁੱਲ-ਟਾਈਮ ਸਟੱਡੀ ਲਈ ਨਹੀਂ ਹੈ। ਇਸ ਲਈ ਸਟੱਡੀ ਪਰਮਿਟ ਦੀ ਲੋੜ ਪਹਿਲਾਂ ਵਾਂਗ ਬਣੀ ਰਹੇਗੀ। ਯਾਨੀ ਨਵੀਂ ਪਾਲਿਸੀ ਦਾ ਲਾਭ ਮੁੱਖ ਤੌਰ ਤੇ ਉਨ੍ਹਾਂ ਛੋਟੀ ਮਿਆਦ ਵਾਲੇ ਕੋਰਸਾਂ, ਟ੍ਰੇਨਿੰਗ ਅਤੇ ਲਾਇਸੈਂਸਿੰਗ ਪ੍ਰੋਗਰਾਮਾਂ ਵਿੱਚ ਮਿਲੇਗਾ, ਜੋ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਦੇ ਹਨ।

ਇਸ ਪਾਲਿਸੀ ਨਾਲ ਕਿਹੜੇ ਨੌਕਰੀਪੇਸ਼ਾ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ?

ਜਵਾਬ: IRCC ਨੇ ਨਵੀਂ ਪਾਲਿਸੀ ਵਿੱਚ ਖਾਸ ਤੌਰ ਤੇ ਟ੍ਰੇਡਸਪਰਸਨ, ਨਰਸਾਂ ਅਤੇ ਲੈਬੋਰੇਟਰੀ ਟੈਕਨੀਸ਼ੀਅਨਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਯੋਗ ਵਰਕ ਪਰਮਿਟ ਹੋਲਡਰ ਨੌਕਰੀ ਜਾਰੀ ਰੱਖਦੇ ਹੋਏ ਆਪਣੀਆਂ ਸਕਿਲਜ਼ ਅਪਗ੍ਰੇਡ ਕਰ ਸਕਣਗੇ। ਇਸ ਨਾਲ ਹੈਲਥਕੇਅਰ, ਹੋਮ ਬਿਲਡਿੰਗ ਅਤੇ ਹੋਰ ਜ਼ਰੂਰੀ ਖੇਤਰਾਂ ਲਈ ਕੁਸ਼ਲ ਵਰਕਫੋਰਸ ਤਿਆਰ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ। ਪਹਿਲਾਂ ਅਜਿਹੇ ਸਟੱਡੀ ਪਰਮਿਟ ਲਈ ਵੱਖਰਾ ਅਰਜ਼ੀ ਪ੍ਰਕਿਰਿਆ, ਬੈਂਕ ਸਟੇਟਮੈਂਟ, ਆਫਰ ਲੈਟਰ ਅਤੇ ਮੈਡੀਕਲ ਰਿਪੋਰਟ ਜਮ੍ਹਾਂ ਕਰਵਾਉਣੀ ਪੈਂਦੀ ਸੀ। ਪ੍ਰੋਸੈਸਿੰਗ ਵਿੱਚ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਦੌਰਾਨ ਨੌਕਰੀ ਪ੍ਰਭਾਵਿਤ ਹੋਣ ਦਾ ਡਰ ਵੀ ਰਹਿੰਦਾ ਸੀ। ਹੁਣ ਇਨ੍ਹਾਂ ਸਾਰੀਆਂ ਵਾਧੂ ਰਸਮੀ ਕਾਰਵਾਈਆਂ ਤੋਂ ਰਾਹਤ ਮਿਲੇਗੀ।

ਕੀ ਇਸ ਲਈ ਨੌਕਰੀ ਛੱਡਣੀ ਪਵੇਗੀ?

ਜਵਾਬ: ਨਹੀਂ, ਇਸ ਨਵੀਂ ਵਿਵਸਥਾ ਦਾ ਵੱਡਾ ਫਾਇਦਾ ਇਹ ਹੈ ਕਿ ਕਾਮਿਆਂ ਨੂੰ ਛੋਟੀ ਮਿਆਦ ਦੀ ਟ੍ਰੇਨਿੰਗ ਜਾਂ ਲਾਇਸੈਂਸਿੰਗ ਲਈ ਆਪਣੀ ਮੌਜੂਦਾ ਨੌਕਰੀ ਛੱਡਣ ਦੀ ਲੋੜ ਨਹੀਂ ਹੋਵੇਗੀ। IRCC ਦਾ ਕਹਿਣਾ ਹੈ ਕਿ ਇਹ ਸਹੂਲਤ ਟੈਂਪਰੇਰੀ ਵਰਕਰਜ਼ ਨੂੰ ਕੰਮ ਕਰਦੇ ਹੋਏ ਇਨ-ਡਿਮਾਂਡ ਸਕਿਲ ਹਾਸਲ ਕਰਨ ਵਿੱਚ ਮਦਦ ਕਰੇਗੀ। ਇਸ ਨਾਲ ਉਹ ਜਨਤਕ ਸੇਵਾਵਾਂ, ਘਰਾਂ ਦੇ ਨਿਰਮਾਣ ਅਤੇ ਹੋਰ ਜ਼ਰੂਰੀ ਪ੍ਰੋਜੈਕਟਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕਣਗੇ।

ਪਹਿਲਾਂ ਦੇ ਮੁਕਾਬਲੇ ਇਹ ਕਿੰਨਾ ਆਸਾਨ ਹੈ?

ਜਵਾਬ: ਪਹਿਲਾਂ ਛੋਟੀ ਮਿਆਦ ਦੀ ਪੜ੍ਹਾਈ ਲਈ ਯੋਗਤਾ ਦੇ ਹਿਸਾਬ ਨਾਲ ਸਟੱਡੀ ਪਰਮਿਟ ਦੀ ਲੋੜ ਪੈ ਸਕਦੀ ਸੀ। ਨਵੀਂ ਪਾਲਿਸੀ ਦਾ ਮਕਸਦ ਇਸ ਵਾਧੂ ਪ੍ਰਸ਼ਾਸਨਿਕ ਪ੍ਰਕਿਰਿਆ ਨੂੰ ਹਟਾਉਣਾ ਹੈ। ਹੁਣ ਯੋਗ ਵਰਕ ਪਰਮਿਟ ਹੋਲਡਰਾਂ ਨੂੰ 6 ਮਹੀਨੇ ਜਾਂ ਇਸ ਤੋਂ ਘੱਟ ਮਿਆਦ ਦੀ ਯੋਗ ਪੜ੍ਹਾਈ ਲਈ ਵੱਖਰੇ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਅਰਜ਼ੀ ਅਤੇ ਪ੍ਰੋਸੈਸਿੰਗ ਦੀ ਵਾਧੂ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਬਚ ਸਕਦਾ ਹੈ।

PR ਲਈ ਕਿਵੇਂ ਮਦਦ ਮਿਲ ਸਕਦੀ ਹੈ?

ਜਵਾਬ: ਨਵੀਂ ਪਾਲਿਸੀ ਸਿੱਧੇ ਤੌਰ ਤੇ PR ਨਹੀਂ ਦਿੰਦੀ। ਹਾਲਾਂਕਿ, ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਵਰਕਰਜ਼ ਨੂੰ ਆਪਣੀਆਂ ਸਕਿਲਜ਼ ਅਤੇ ਯੋਗਤਾਵਾਂ ਵਧਾਉਣ ਦਾ ਮੌਕਾ ਮਿਲਣ ਨਾਲ ਉਹ ਭਵਿੱਖ ਵਿੱਚ ਕੈਨੇਡਾ ਦੇ ਆਰਥਿਕ ਇਮੀਗ੍ਰੇਸ਼ਨ ਅਤੇ PR ਲਈ ਆਪਣੀ ਪ੍ਰੋਫਾਈਲ ਮਜ਼ਬੂਤ ਕਰ ਸਕਦੇ ਹਨ। ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵੀ ਪਹਿਲਾਂ ਤੋਂ ਦੇਸ਼ ਵਿੱਚ ਮੌਜੂਦ ਅਜਿਹੇ ਲੋਕਾਂ ਨੂੰ PR ਵੱਲ ਅੱਗੇ ਵਧਾਉਣ ਤੇ ਧਿਆਨ ਦੇ ਰਹੀ ਹੈ, ਜਿਨ੍ਹਾਂ ਕੋਲ ਜ਼ਰੂਰੀ ਸਕਿਲਜ਼ ਅਤੇ ਤਜਰਬਾ ਹੈ।

ਕੀ ਇਸ ਨਾਲ PR ਲਈ ਕੋਈ ਅੰਕ ਜੁੜਣਗੇ?

ਜਵਾਬ: 2026-2028 ਦੇ ਇਮੀਗ੍ਰੇਸ਼ਨ ਪਲਾਨ ਵਿੱਚ ਸਰਕਾਰ ਨੇ 2026 ਅਤੇ 2027 ਦੌਰਾਨ 33,000 ਤੱਕ ਟੈਂਪਰੇਰੀ ਵਰਕਰਜ਼ ਨੂੰ PR ਵਿੱਚ ਟ੍ਰਾਂਜ਼ਿਸ਼ਨ ਕਰਵਾਉਣ ਦੀ ਯੋਜਨਾ ਵੀ ਦੱਸੀ ਹੈ। ਹਾਲਾਂਕਿ, ਸਿਰਫ਼ ਇਸ ਪਾਲਿਸੀ ਤਹਿਤ ਕੋਈ ਕੋਰਸ ਕਰਨ ਨਾਲ PR ਜਾਂ ਐਕਸਪ੍ਰੈਸ ਐਂਟਰੀ ਦੇ ਵਾਧੂ ਅੰਕ ਆਪਣੇ ਆਪ ਨਹੀਂ ਮਿਲਣਗੇ। PR ਲਈ ਸਬੰਧਤ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਵੱਖਰੀ ਯੋਗਤਾ ਪੂਰੀ ਕਰਨੀ ਹੋਵੇਗੀ।

ਕੀ ਇਸ ਨਾਲ PGWP ਦਾ ਫਾਇਦਾ ਨਹੀਂ ਮਿਲੇਗਾ?

ਜਵਾਬ: ਇਸ ਸਹੂਲਤ ਤਹਿਤ ਬਿਨਾਂ ਸਟੱਡੀ ਪਰਮਿਟ ਕੀਤੇ ਗਏ ਕੋਰਸ ਦੇ ਆਧਾਰ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦਾ ਅਧਿਕਾਰ ਨਹੀਂ ਮਿਲੇਗਾ। ਇਸ ਲਈ ਇਸ ਨੂੰ ਇੰਟਰਨੈਸ਼ਨਲ ਸਟੂਡੈਂਟਸ ਲਈ PGWP ਹਾਸਲ ਕਰਨ ਦਾ ਨਵਾਂ ਰਸਤਾ ਨਹੀਂ ਮੰਨਿਆ ਜਾ ਸਕਦਾ।

ਇਸ ਪਾਲਿਸੀ ਦਾ ਫਾਇਦਾ ਕਦੋਂ ਤੋਂ ਲੈ ਸਕਦੇ ਹਨ?

ਜਵਾਬ: IRCC ਨੇ ਕਿਹਾ ਹੈ ਕਿ ਉਹ ਇਸ ਹਫ਼ਤੇ ਤੋਂ ਯੋਗ ਵਰਕ ਪਰਮਿਟ ਹੋਲਡਰਾਂ ਨੂੰ ਸੂਚਿਤ ਕਰਨਾ ਸ਼ੁਰੂ ਕਰੇਗਾ ਕਿ ਉਹ ਨਵੀਂ ਵਿਵਸਥਾ ਤਹਿਤ ਪੜ੍ਹਾਈ ਕਰ ਸਕਦੇ ਹਨ। ਇਹ ਅਸਥਾਈ ਪਾਲਿਸੀ 31 ਦਸੰਬਰ 2027 ਤੱਕ ਲਾਗੂ ਰਹੇਗੀ।

ਕੀ ਇਸ ਪਾਲਿਸੀ ਦੇ ਆਧਾਰ ਤੇ ਕੈਨੇਡਾ ਜਾ ਸਕਦੇ ਹਨ?

ਜਵਾਬ: IRCC ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਲਿਸੀ ਵਰਕਰਜ਼ ਨੂੰ ਕੈਨੇਡਾ ਆਉਣ ਲਈ ਕੋਈ ਨਵਾਂ ਇਮੀਗ੍ਰੇਸ਼ਨ ਜਾਂ ਵਰਕ ਪਰਮਿਟ ਰਸਤਾ ਨਹੀਂ ਦਿੰਦੀ। ਇਹ ਸਹੂਲਤ ਉਨ੍ਹਾਂ ਟੈਂਪਰੇਰੀ ਵਰਕਰਜ਼ ਲਈ ਹੈ ਜੋ ਪਹਿਲਾਂ ਤੋਂ ਕੈਨੇਡਾ ਵਿੱਚ ਹਨ ਅਤੇ ਵੈਧ ਵਰਕ ਪਰਮਿਟ ਰੱਖਦੇ ਹਨ। ਸਰਕਾਰ ਦਾ ਮਕਸਦ ਮੌਜੂਦਾ ਵਰਕਫੋਰਸ ਦੀ ਸਮਰੱਥਾ ਵਧਾ ਕੇ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।

Loading...
Unable to load recommendations.
Follow Us