ਇੱਕ ਵਾਰ ਫਿਰ ਦਹਿਲਿਆ UAE, ਪਰਮਾਣੂ ਪਾਵਰ ਪਲਾਂਟ ‘ਤੇ ਡਰੋਨ ਨਾਲ ਹੋਇਆ ਵੱਡਾ ਹਮਲਾ
ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਵਾਰ ਫਿਰ ਵੱਡਾ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਹਮਲਾਵਰਾਂ ਨੇ ਅਬੂ ਧਾਬੀ ਸਥਿਤ 'ਬਰਾਕਾਹ ਨਿਊਕਲੀਅਰ ਪਾਵਰ ਪਲਾਂਟ' ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਬਾਹਰ ਡਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਇਹ ਹਮਲਾ ਇਰਾਨੀ ਡਰੋਨ ਜ਼ਰੀਏ ਕੀਤਾ ਗਿਆ ਹੈ।
ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਵਾਰ ਫਿਰ ਵੱਡਾ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਹਮਲਾਵਰਾਂ ਨੇ ਅਬੂ ਧਾਬੀ ਸਥਿਤ ‘ਬਰਾਕਾਹ ਨਿਊਕਲੀਅਰ ਪਾਵਰ ਪਲਾਂਟ’ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਬਾਹਰ ਡਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਇਹ ਹਮਲਾ ਇਰਾਨੀ ਡਰੋਨ ਜ਼ਰੀਏ ਕੀਤਾ ਗਿਆ ਹੈ।
ਅਬੂ ਧਾਬੀ ਮੀਡੀਆ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਂਟ ਦੇ ਕੰਪਲੈਕਸ ਵਿੱਚ ਮੌਜੂਦ ਇੱਕ ਇਲੈਕਟ੍ਰੀਕਲ ਜਨਰੇਟਰ ਵਿੱਚ ਅੱਗ ਲੱਗੀ ਸੀ। ਇਹ ਅੱਗ ਪਲਾਂਟ ਦੀ ਬਾਹਰੀ ਸੁਰੱਖਿਆ ਸੀਮਾ ਦੇ ਬਿਲਕੁਲ ਨੇੜੇ ਲੱਗੀ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਰੇਡੀਏਸ਼ਨ ਜਾਂ ਪਰਮਾਣੂ ਸੁਰੱਖਿਆ ਨੂੰ ਕੋਈ ਖ਼ਤਰਾ ਪੈਦਾ ਹੋਇਆ ਹੈ।
ਬਰਾਕਾਹ ਨਿਊਕਲੀਅਰ ਪਲਾਂਟ ਯੂਏਈ ਦੇ ਅਲ ਧਫਰਾ ਇਲਾਕੇ ਵਿੱਚ ਸਥਿਤ ਹੈ, ਜਿਸ ਨੂੰ ਅਰਬ ਜਗਤ ਦਾ ਪਹਿਲਾ ਪਰਮਾਣੂ ਪਲਾਂਟ ਮੰਨਿਆ ਜਾਂਦਾ ਹੈ। ਯੂਏਈ ਦੀ ਬਿਜਲੀ ਸਪਲਾਈ ਦਾ ਇੱਕ ਬਹੁਤ ਵੱਡਾ ਹਿੱਸਾ ਇਸੇ ਪਲਾਂਟ ਤੋਂ ਪੂਰਾ ਹੁੰਦਾ ਹੈ। ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਥਿਤੀ ‘ਤੇ ਕਾਬੂ ਪਾ ਲਿਆ।
ਫੈਡਰਲ ਅਥਾਰਟੀ ਫਾਰ ਨਿਊਕਲੀਅਰ ਰੈਗੂਲੇਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦੇ ਬਾਵਜੂਦ ਨਿਊਕਲੀਅਰ ਪਲਾਂਟ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਲਾਂਟ ਦੇ ਸਾਰੇ ਯੂਨਿਟ ਆਮ ਵਾਂਗ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਅਹਿਮ ਸਿਸਟਮ ‘ਤੇ ਕੋਈ ਅਸਰ ਨਹੀਂ ਪਿਆ। ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਤ ਸਰਕਾਰੀ ਜਾਣਕਾਰੀ ‘ਤੇ ਹੀ ਭਰੋਸਾ ਕਰਨ ਅਤੇ ਅਫ਼ਵਾਹਾਂ ਤੋਂ ਬਚਣ।
ਈਰਾਨ ਨੇ ਯੂਏਈ ‘ਤੇ ਕੀਤੇ ਸਭ ਤੋਂ ਵੱਧ ਹਮਲੇ
ਜ਼ਿਕਰਯੋਗ ਹੈ ਕਿ ਬੀਤੀ 28 ਫਰਵਰੀ ਤੋਂ ਸ਼ੁਰੂ ਹੋਈ ਈਰਾਨ ਜੰਗ ਤੋਂ ਬਾਅਦ ਯੂਏਈ ‘ਤੇ ਕਈ ਮਿਜ਼ਾਇਲ ਅਤੇ ਡਰੋਨ ਹਮਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਊਰਜਾ ਟਿਕਾਣਿਆਂ ਅਤੇ ਸਮੁੰਦਰੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਇਸ ਤਾਜ਼ਾ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ, ਪਰ ਯੂਏਈ ਦੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਿੱਚ ਇਰਾਨ ਨਾਲ ਜੁੜੇ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ, ਫਰਵਰੀ ਦੇ ਅਖੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਸਭ ਤੋਂ ਮਾੜਾ ਅਸਰ ਯੂਏਈ ‘ਤੇ ਪਿਆ ਹੈ। ਇਰਾਨ ਹੁਣ ਤੱਕ ਯੂਏਈ ‘ਤੇ 2,800 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗ਼ ਚੁੱਕਾ ਹੈ।
ਇਹ ਵੀ ਪੜ੍ਹੋ
ਅਮਰੀਕਾ-ਇਰਾਨ ਵਿਚਾਲੇ ਰੁਕੀ ਗੱਲਬਾਤ
ਦੂਜੇ ਪਾਸੇ, ਅਮਰੀਕਾ ਅਤੇ ਇਰਾਨ ਦਰਮਿਆਨ ਚੱਲ ਰਹੀ ਗੱਲਬਾਤ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਅਮਰੀਕਾ ਨੇ ਪਿਛਲੇ ਮਹੀਨੇ ਆਪਣੇ ਹਮਲੇ ਜ਼ਰੂਰ ਰੋਕੇ ਸਨ, ਪਰ ਬਾਅਦ ਵਿੱਚ ਉਸ ਨੇ ਇਰਾਨ ਦੇ ਬੰਦਰਗਾਹਾਂ ਦੀ ਸਖ਼ਤ ਨਾਕਾਬੰਦੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਜੋਂ ਈਰਾਨ ਨੇ ਵੀ ਹੋਰਮੁਜ਼ ਸਟ੍ਰੇਟ ‘ਤੇ ਆਪਣਾ ਕੰਟਰੋਲ ਬਹੁਤ ਸਖ਼ਤ ਕਰ ਦਿੱਤਾ ਹੈ। ਇਸ ਅਹਿਮ ਸਮੁੰਦਰੀ ਰਸਤੇ ਦੇ ਪ੍ਰਭਾਵਿਤ ਹੋਣ ਕਾਰਨ ਦੁਨੀਆ ਭਰ ਵਿੱਚ ਤੇਲ ਦਾ ਸੰਕਟ ਗਹਿਰਾ ਗਿਆ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਵਾਰਤਾ ਫਿਲਹਾਲ ਇਸ ਲਈ ਰੁਕੀ ਹੋਈ ਹੈ ਕਿਉਂਕਿ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਸ਼ਰਤਾਂ ਅਤੇ ਪ੍ਰਸਤਾਵਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ।
