ਬੰਗਲਾਦੇਸ਼ ਦੇ ਢਾਕਾ ਸ਼ਹਿਰ ਵਿੱਚ ਇੱਕ ਆਕਸੀਜਨ ਪਲਾਂਟ ਨੂੰ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਢਾਕਾ: ਬੰਗਲਾਦੇਸ਼ ਦੇ ਦੱਖਣ-ਪੂਰਬੀ ਇਲਾਕੇ ਦੇ ਇੱਕ ਆਕਸੀਜਨ ਪਲਾਂਟ ਵਿੱਚ ਅੱਗ ਲੱਗ ਜਾਣ ਮਗਰੋਂ ਉਸ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਬੁਰੀ ਤਰ੍ਹਾਂ ਫੱਟੜ ਹੋਏ ਹਨ। ਦੱਸਿਆ ਜਾਂਦਾ ਹੈ ਕਿ ਬੰਗਲਾਦੇਸ਼ ਦੇ ਦੱਖਣ-ਪੂਰਬੀ ਬੰਦਰਗਾਹੀ ਸ਼ਹਿਰ ਚਿੱਟਗਾਂਵ ਤੋਂ 40 ਕਿਲੋਮੀਟਰ ਦੂਰ ਉਪਜ਼ਿਲਾ ਸੀਤਾਕੁੰਡ ਦੇ ਆਕਸੀਜਨ ਪਲਾਂਟ ਵਿੱਚ ਅੱਗ ਲੱਗਣ ਕਾਰਨ ਇਹ ਘਟਨਾ ਵਾਪਰ ਗਈ, ਉਥੇ ਮਰਣ ਵਾਲਿਆਂ ਦੀ ਗਿਣਤੀ ਵੱਧਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
7 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ
ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ ਵਿੱਚੋਂ 7 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ, ਜਦ ਕਿ ਪਲਾਂਟ ਤੋਂ ਇੱਕ ਕਿਲੋਮੀਟਰ ਦੂਰ ਕਦਮ ਰਸੂਲ ਬਜ਼ਾਰ ਦੀ ਇੱਕ ਦੁਕਾਨ ‘ਤੇ ਬੈਠੇ 65 ਸਾਲ ਦੇ ਸ਼ਮਸ਼ੂਲ ਆਲਮ ਦੀ ਮੌਤ ਧਮਾਕੇ ਤੋਂ ਬਾਅਦ ਪਲਾਂਟ ਦੇ ਮਲਬੇ ਦੀ ਚਪੇਟ ਵਿੱਚ ਆਉਣ ਨਾਲ ਹੋਈ, ਆਲਮ ਦੇ ਭਰਾ ਮੌਲਾਨਾ ਅਬਦੁਲ ਮੁਸਤਫ਼ਾ ਹੋਰਾਂ ਦਾ ਕਹਿਣਾ ਹੈ ਕਿ ਧਾਤ ਦਾ ਬਣਿਆ 250-300 ਕਿਲੋ ਵਜ਼ਨੀ ਟੁਕੜਾ ਆਲਮ ਦੇ ਸਿਰ ਤੇ ਆ ਡਿੱਗਿਆ ਅਤੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।
ਪਲਾਂਟ ਵਿੱਚ ਅੱਗ ਲੱਗਣ ਦੀ ਅਸਲ ਵਜ੍ਹਾ ਦਾ ਪਤਾ ਨਹੀਂ
ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਹਾਲੇ ਤਤਕਾਲੀ ਤੌਰ ਤੇ ਇਹ ਪਤਾ ਨਹੀਂ ਕਿ ਆਕਸੀਜਨ ਪਲਾਂਟ ਵਿੱਚ ਅੱਗ ਲੱਗਣ ਦੀ ਅਸਲ ਵਜ੍ਹਾ ਕੀ ਸੀ। ਪਲਾਂਟ ਦੇ ਨੇੜੇ ਰੈਡੀਮੇਡ ਗਾਰਮੈਂਟ ਫੈਕਟਰੀ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਕੰਮਗਰ ਦਾ ਕਹਿਣਾ ਹੈ ਕਿ ਧਮਾਕੇ ਨਾਲ ਫੈਕਟਰੀ ਦੀ ਖਿੜਕੀਆਂ ਦੇ ਸ਼ੀਸ਼ੇ ਟੁਟ ਗਏ ਅਤੇ ਸ਼ੀਸ਼ੇ ਦਾ ਇੱਕ ਟੁਕੜਾ ਲੱਗਣ ਕਰਕੇ ਉਹ ਵੀ ਜ਼ਖ਼ਮੀ ਹੋ ਗਈ। ਬੰਗਲਾਦੇਸ਼ ਦੇ ਇੱਕ ਸਥਾਨਕ ਸਰਕਾਰੀ ਅਧਿਕਾਰੀ ਸ਼ਹਾਦਤ ਹੁਸੈਨ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮੌਕੇ ਤੋਂ ਹਾਲੇ ਤੱਕ 6 ਲਾਸ਼ਾਂ ਕੱਢੀਆਂ ਗਈਆਂ ਹਨ, ਅਤੇ ਹਾਲੇ ਬਚਾਅ ਦਾ ਕੰਮਕਾਜ ਜਾਰੀ ਹੈ।
‘ਧਮਾਕੇ ਦੀ ਗੂੰਜ ਦੋ ਕਿਲੋਮੀਟਰ ਦੇ ਦਾਇਰੇ ‘ਚ ਸੁਣੀ ਗਈ’
ਘਟਨਾ ਦੇ ਇੱਕ ਚਸ਼ਮਦੀਦ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਕਸੀਜਨ ਪਲਾਂਟ ਵਿੱਚ ਹੋਇਆ ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਉਸ ਦੀ ਗੂੰਜ ਉਥੋਂ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਸੁਣੀ ਗਈ, ਅਤੇ ਧਮਾਕੇ ਮਗਰੋਂ ਪਲਾਂਟ ਦੇ ਪਰਖੱਚੇ ਕਈ ਕਿਲੋਮੀਟਰ ਦੂਰ ਉੱਡ ਕੇ ਡਿੱਗੇ ਸਨ।ਦੱਸ ਦਇਏ ਕਿ ਪਿੱਛਲੇ ਸਾਲ ਜੂਨ ਵਿੱਚ ਬੰਗਲਾਦੇਸ਼ ਦੇ ਇੱਕ ਕੰਟੇਨਰ ਡੀਪੂ ਵਿੱਚ ਲੱਗੀ ਅੱਗ ‘ਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕੀ ਘਾਇਲ ਹੋਏ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ