Earthquake: ਇਕਵਾਡੋਰ, ਪੇਰੂ ਵਿੱਚ ਆਏ ਭੂਚਾਲ ‘ਚ 15 ਦੀ ਮੌਤ ਅਤੇ ਕਈ ਇਮਾਰਤਾਂ ਡਿੱਗੀਆਂ
Quito Ecuador earthquake : ਭੁਚਾਲ ਵਿੱਚ ਮਰਨ ਵਾਲਿਆਂ ਵਿਚੋਂ ਇੱਕ ਪੀੜਿਤ ਦੀ ਮੌਤ ਪੇਰੂ ਵਿੱਚ ਹੋਈ ਜਦਕਿ 14 ਹੋਰ ਲੋਕਾਂ ਦੀ ਮੌਤ ਇਕਵਾਡੋਰ ਵਿੱਚ ਹੋਈ ਜਿੱਥੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਓਥੇ ਘੱਟੋ ਘੱਟ 126 ਲੋਕੀ ਫੱਟੜ ਵੀ ਹੋਏ ਹਨ।
ਕਵਿਟੋ (ਇਕਵਾਡੋਰ): ਦੱਖਣੀ ਇਕਵਾਡੋਰ ਅਤੇ ਨਾਰਦਰਨ ਪੇਰੂ ਵਿੱਚ ਆਏ ਭਿਆਨਕ ਭੂਚਾਲ (Earthquake) ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ਼ ਕਰਕੇ ਡਿੱਗੀਆਂ ਇਮਾਰਤਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਥੱਲੇ ਦੱਬੇ ਪੀੜਿਤਾਂ ਨੂੰ ਬਚਾਉਣ ਲਈ ਬਚਾਅ ਦਲਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ।
ਰਿਕਟਰ ਪੈਮਾਨੇ ਤੇ ਕਰੀਬ 6.8 ਤੀਵ੍ਰਤਾ ਨਾਲ ਆਇਆ ਭੁਚਾਲ
ਯੂਐਸ ਜੀਓਲਾਜੀਕਲ ਸਰਵੇ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਰਿਕਟਰ ਪੈਮਾਨੇ ਤੇ ਕਰੀਬ 6.8 ਤੀਵ੍ਰਤਾ ਨਾਲ ਆਏ ਭੁਚਾਲ ਦਾ ਕੇਂਦਰ ਬਿੰਦੂ ਇਕਵਾਡੋਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੁਆਕਵਿਲ ਤੋਂ ਕਰੀਬ 80 ਕਿਲੋਮੀਟਰ ਦੱਖਣ ਪਾਸੇ ਪੈਸੇਫਿਕ ਕੋਸਟ ਵਿੱਚ ਕੇਂਦ੍ਰਿਤ ਸੀ। ਮਰਨ ਵਾਲਿਆਂ ਵਿਚੋਂ ਇੱਕ ਪੀੜਿਤ ਦੀ ਮੌਤ ਪੇਰੂ ਵਿੱਚ ਹੋਈ ਜਦਕਿ 14 ਹੋਰ ਲੋਕਾਂ ਦੀ ਮੌਤ ਇਕਵਾਡੋਰ ਵਿੱਚ ਹੋਈ ਜਿੱਥੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਓਥੇ ਘੱਟੋ ਘੱਟ 126 ਲੋਕੀ ਫੱਟੜ ਹੋਏ ਹਨ।
ਇਕਵਾਡੋਰ ਦੇ ਰਾਸ਼ਟਰਪਤੀ ਨੇ ਵੱਡਾ ਖਤਰਾ ਦੱਸਿਆ
ਇਕਵਾਡੋਰ ਦੇ ਰਾਸ਼ਟਰਪਤੀ (President) ਗਿਲੈਰਮੋ ਲਾਸੋ ਨੇ ਇਸ ਭੂਚਾਲ ਨੂੰ ਮੁਲਕ ਦੇ ਬਾਸ਼ਿੰਦਿਆਂ ਲਈ ਇੱਕ ਵੱਡਾ ਖਤਰਾ ਦੱਸਿਆ ਹੈ। ਰਾਸ਼ਟਰਪਤੀ ਦੇ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਭੂਚਾਲ ਕਰਕੇ 12 ਪੀੜਿਤਾਂ ਦੀ ਮੌਤ ਐਲ ਓਰੋ ਨਾਂ ਦੀ ਕੋਸਟਲ ਸਟੇਟ ਵਿੱਚ ਹੋਈ, ਜਦਕਿ ਦੋ ਹੋਰ ਪੀੜਿਤਾਂ ਦੀ ਮੌਤ ਅਜ਼ੂਏ ਪ੍ਰਾਂਤ ਵਿੱਚ ਹੋਈ। ਉੱਥੇ ਮਰਨ ਵਾਲੇ ਇੱਕ ਸ਼ਖ਼ਸ ਦੀ ਮੌਤ ਉਦੋਂ ਹੋਈ ਜਦੋਂ ਉਨ੍ਹਾਂ ਦਾ ਵਾਹਨ ਭੂਚਾਲ ਕਰਕੇ ਡਿੱਗੀ ਇਮਾਰਤ ਦੇ ਮਲਬੇ ਦੀ ਚਪੇਟ ਵਿੱਚ ਆ ਗਿਆ।
4 ਸਾਲ ਦੀ ਮਾਸੂਮ ਬੱਚੀ ਦੀ ਮੌਤ
ਪੇਰੂ ਵਿੱਚ ਭੂਚਾਲ ਦੇ ਝਟਕੇ ਉੱਥੇ ਇਕਵਾਡੋਰ ਦੇ ਨਾਲ ਲੱਗਦੀ ਉੱਤਰੀ ਸਰਹੱਦ ਦੇ ਸੈਂਟਰਲ ਪੈਸੇਫਿਕ ਕੋਸਟ ਤੇ ਮਹਿਸੂਸ ਕੀਤੇ ਗਏ ਸੀ। ਪੇਰੂ ਦੇ ਪ੍ਰਧਾਨ ਮੰਤਰੀ (Prime Minister) ਅਲਬਰਟੋ ਓਟਰੋਲਾ ਨੇ ਦੱਸਿਆ ਕਿ ਇਕਵਾਡੋਰ ਦੀ ਸਰਹੱਦ ਉੱਤੇ ਤੁੰਬਰਸ ਇਲਾਕੇ ਵਿੱਚ ਇੱਕ ਘਰ ਢਹਿ ਜਾਣ ਮਗਰੋਂ ਮਲਬੇ ਹੇਠਾਂ ਆਣ ਕਰਕੇ 4 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।
ਦੋ ਮੰਜ਼ਿਲਾ ਇਮਾਰਤ ਦੀ ਕੰਦਾਂ ਵਿੱਚ ਦਰਾਰਾਂ
ਉਥੇ ਦੇ ਹੀ ਮਛਾਲਾ ਇਲਾਕੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਨੂੰ ਇੱਕ ਇਮਾਰਤ ਚੋਂ ਬਾਹਰ ਕੱਢਿਆ ਜਾਂਦਾ, ਭੂਚਾਲ ਕਰਕੇ ਡਿੱਗੀ ਇੱਕ ਦੋ ਮੰਜ਼ਿਲਾ ਇਮਾਰਤ ਦੀ ਕੰਦਾਂ ਵਿੱਚ ਦਰਾਰਾਂ ਆ ਗਈਆਂ ਅਤੇ ਸ਼ੱਕ ਜਤਾਇਆ ਗਿਆ ਕਿ ਉਸ ਦੇ ਮਲਬੇ ਥੱਲੇ ਕਈ ਲੋਕੀ ਦੱਬੇ ਹੋ ਸਕਦੇ ਹਨ। ਸਰਕਾਰੀ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇੱਕ ਪਾਸੇ ਦਮਕਲ ਵਿਭਾਗ ਦੇ ਕਰਮਚਾਰੀ ਲੋਕਾਂ ਦਾ ਬਚਾਅ ਕਰ ਰਹੇ ਹਨ ਅਤੇ ਦੂਜੇ ਪਾਸੇ ਨੈਸ਼ਨਲ ਪੁਲਿਸ ਭੂਚਾਲ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ।