ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਦੀ ਯੂਕਰੇਨ ਸਰਹੱਦ ‘ਤੇ ਹੋ ਗਈ ਮੌਤ
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੇ ਪੰਜਾਬ ਦੇ ਇੱਕ ਹੋਰ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮ੍ਰਿਤਕ ਦਾ ਨਾਂ ਤੇਜਪਾਲ ਸਿੰਘ ਦੱਸਿਆ ਜਾ ਰਿਹਾ ਹੈ। ਤੇਜਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਪਰਿਵਾਰ ਮੁਤਾਬਕ ਤੇਜਪਾਲ ਟੂਰਿਸਟ ਵੀਜ਼ੇ 'ਤੇ ਰੂਸ ਗਿਆ ਸੀ ਅਤੇ ਉਥੇ ਫੌਜ 'ਚ ਭਰਤੀ ਹੋਇਆ ਸੀ। ਹਾਲਾਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਤੇਜਪਾਲ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਪਰ ਪਰਿਵਾਰ ਵਾਲਿਆਂ ਨੂੰ ਵੀ ਤੇਜਪਾਲ ਦੀ ਮੌਤ ਦੀ ਖਬਰ ਤਿੰਨ ਮਹੀਨੇ ਬਾਅਦ ਮਿਲੀ।
ਤੇਜਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਪਰਿਵਾਰ ਤੇਜਪਾਲ ਨੂੰ ਭੇਜਣ ਲਈ ਤਿਆਰ ਨਹੀਂ ਸੀ ਪਰ ਉਸ ਦੇ ਜ਼ੋਰ ਪਾਉਣ ‘ਤੇ ਤੇਜਪਾਲ ਅੰਮ੍ਰਿਤਸਰ ਤੋਂ ਰੂਸ ਦੇ ਮਾਸਕੋ ਚਲਾ ਗਿਆ ਅਤੇ ਉੱਥੇ ਕੀ ਹਾਲ ਹੋਇਆ ਕਿ ਤੇਜਪਾਲ ਰੂਸੀ ਫੌਜ ‘ਚ ਭਰਤੀ ਹੋ ਗਿਆ। ਪਤਨੀ ਨੇ ਆਪਣੇ ਪਤੀ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਪਰਿਵਾਰ ਉਸ ਦੇ ਅੰਤਿਮ ਦਰਸ਼ਨ ਕਰ ਸਕੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਭਾਰਤੀ ਰੂਸ-ਯੂਕਰੇਨ ਯੁੱਧ ਵਿੱਚ ਫਸਿਆ ਹੋਵੇ।