ਕਿਸਾਨ ਜਥੇਬੰਦੀਆਂ ਨੇ ਕੀਤਾ ਪੰਜਾਬ ਭਰ ਦੇ ਡੀਸੀ ਦਫਤਰਾਂ ਦਾ ਘਿਰਾਓ, ਪੁਲਿਸ ਨਾਲ ਹੋਈਆਂ ਝੜਪਾਂ

| Edited By: Kusum Chopra

| Nov 20, 2023 | 7:24 PM

ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਸੋਮਵਾਰ ਨੂੰ ਪੰਜਾਬ ਭਰ ਵਿੱਚ ਕਿਸਾਨਾਂ ਨੇ ਡੀਸੀ ਅਤੇ ਐਸਡੀਐਮ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮੋਗਾ ਵਿੱਚ ਜਦੋਂ ਕਿਸਾਨ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਡੀਸੀ ਕੰਪਲੈਕਸ ਦੇ ਬਾਹਰ ਪੁੱਜੇ ਤਾਂ ਪੁਲਿਸ ਨੇ ਬੈਰੀਕੇਡ ਲਾ ਦਿੱਤੇ। ਕੁਝ ਕਿਸਾਨ ਗਰੁੱਪ ਡੀਸੀ ਕੰਪਲੈਕਸ ਦੇ ਅੰਦਰ ਪਹੁੰਚ ਗਏ ਜਦਕਿ ਕੁਝ ਨੇ ਬਾਹਰ ਧਰਨਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨਾ ਬੰਦ ਨਾ ਕੀਤਾ ਤਾਂ ਡੀਸੀ ਦਫ਼ਤਰਾਂ ਅੱਗੇ ਪਰਾਲੀ ਸਾੜਨਗੇ।

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਦਰਜ ਪਰਚੇ ਰੱਦ ਕੀਤੇ ਜਾਣ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਜਿਸ ਕਾਰਨ ਅੱਜ ਕਰੀਬ 18 ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਦੇ ਡੀਸੀ ਦਫਤਰਾਂ ਦਾ ਘਿਰਾਓ ਕੀਤਾ । ਇਸ ਦੌਰਾਨ ਕਈ ਥਾਵਾਂ ਤੇ ਕਿਸਾਨਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਵੀ ਹੋਈ।

ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਤਾਂ ਉਹ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣਗੇ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Published on: Nov 20, 2023 07:21 PM