ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਡੱਲੇਵਾਲ ਨੇ ਮਰਨ ਵਰਤ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਦੀ ਉਮਰ ਤੇ ਸਿਹਤ ਨੂੰ ਲੈ ਕੇ ਪ੍ਰਸ਼ਾਸਨ ਚਿੰਤਤ ਚ ਸੀ। ਮਰਨ ਵਰਤ ਐਲਾਨ ਤੋਂ ਬਾਅਦ ਭੀੜ ਇੱਕਠੀ ਹੋ ਜਾਂਦੀ, ਜਿਸ ਨਾਲ ਸਿਹਤ ਸੁਵਿਧਾਵਾਂ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀਆਂ। ਇਸ ਵਜ੍ਹਾ ਨਾਲ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ। ਇਸੇ ਕਰਕੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਆਂਦਾ ਗਿਆ ਹੈ।
ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ। ਉਹ ਅੱਜ (26 ਨਵੰਬਰ) ਨੂੰ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਸ਼ੁਰੂ ਕਰਨ ਵਾਲੇ ਸਨ। ਉਨ੍ਹਾਂ ਨੂੰ ਦੇਰ ਰਾਤ ਪੁਲਿਸ ਨੇ ਹਿਰਾਸਤ ਚ ਲਿਆ। ਸੂਤਰਾਂ ਮੁਤਾਬਕ ਪੁਲਿਸ ਹਿਰਾਸਤ ਚ ਲੈਣ ਤੋਂ ਬਾਅਦ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਈ ਹੈ। ਜਿਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ, ਬਿੱਟੂ ਨੇ ਟਵੀਟ ਕੀਤਾ ਹੈ ਕਿ “ਕਿਸਾਨ ਆਗੂ ਡੱਲੇਵਾਲ ਜੀ ਨੂੰ ਹਿਰਾਸਤ ‘ਚ ਲੈਣਾ ਭਗਵੰਤ ਮਾਨ ਸਰਕਾਰ ਦੀ ਸਾਜ਼ਿਸ਼ ਹੈ। ਉਨ੍ਹਾਂ ਦੀ ਗ੍ਰਿਫਤਾਰੀ ‘ਚ ਕੋਈ ਵੀ ਕੇਂਦਰੀ ਏਜੰਸੀ ਸ਼ਾਮਲ ਨਹੀਂ ਹੈ। ਇਹ ਪੂਰੀ ਤਰ੍ਹਾਂ ਉਨ੍ਹਾਂ ਦਾ ਕੰਮ ਹੈ। ਸੂਬਾ ਪੁਲਿਸ, ਜਿਸਦਾ ਮਕਸਦ ਅਸਲ ਮੁੱਦੇ ਤੋਂ ਧਿਆਨ ਹਟਾਉਣ ਲਈ ਕੇਂਦਰੀ ਏਜੰਸੀਆਂ ‘ਤੇ ਦੋਸ਼ ਮੜ੍ਹਨਾ ਹੈ, ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਅਜਿਹੀਆਂ ਚਾਲਾਂ ਕੰਮ ਨਹੀਂ ਕਰਦੀਆਂ।