ਸਿੰਗਰ ਬਾਠ ਦੀ ਤਲਾਸ਼ ਚ ਜੁਟੀ ਪੁਲਿਸ, ਬਜ਼ੂਰਗ ਦਾ ਕਤਲ ਕਰ ਮੰਗੀ ਸੀ ਧੀ ਤੋਂ ਮੁਆਫੀ

| Edited By: Isha Sharma

Sep 01, 2024 | 1:43 PM

ਜਾਣਕਾਰੀ ਦਿੰਦਿਆਂ ਮ੍ਰਿਤਕ ਰਵਿੰਦਰਪਾਲ ਸਿੰਘ ਦੇ ਪੁੱਤਰ ਵਿਕਰਮ ਸੱਗੜ ਨੇ ਦੱਸਿਆ ਕਿ ਉਸ ਦਾ ਪਿਤਾ ਕੁਝ ਦਿਨਾਂ ਤੋਂ ਲਾਪਤਾ ਸੀ। 29 ਅਗਸਤ ਦੀ ਸਵੇਰ ਨੂੰ ਉਹ ਆਪਣੇ ਦੋਸਤ ਵਿਨੋਦ ਕੁਮਾਰ ਨਾਲ ਸਿਵਲ ਹਸਪਤਾਲ ਲੁਧਿਆਣਾ ਗਿਆ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਝਾੜੀਆਂ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਉਸ ਨੇ ਪਿਤਾ ਦੀ ਲਾਸ਼ ਦੀ ਪਛਾਣ ਕੀਤੀ।

ਲੁਧਿਆਣਾ ਚ ਕਾਤਲਾਂ ਨੇ ਬਜ਼ੁਰਗ ਦਾ ਕਤਲ ਕਰਕੇ ਲਾਸ਼ ਝਾੜੀਆਂ ਚ ਸੁੱਟ ਦਿੱਤੀ। ਕਾਤਲਾਂ ਨੇ ਵਿਦੇਸ਼ ਚ ਰਹਿੰਦੀ ਮ੍ਰਿਤਕ ਦੀ ਧੀ ਨੂੰ ਵਟਸਐਪ ਤੇ ਮੈਸੇਜ ਭੇਜ ਕੇ ਕਤਲ ਦੀ ਗੱਲ ਕਬੂਲ ਕਰ ਲਈ ਅਤੇ ਮੁਆਫੀ ਮੰਗ ਲਈ। ਕਾਤਲ ਨੇ ਉਸ ਨੂੰ ਉਹ ਸਥਾਨ ਵੀ ਦੱਸਿਆ ਜਿੱਥੇ ਉਸ ਨੇ ਉਸ ਦੇ ਪਿਤਾ ਨੂੰ ਮਾਰ ਕੇ ਸੁੱਟ ਦਿੱਤਾ ਸੀ। ਥਾਣਾ ਦਾਖਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਕਾਤਲਾਂ ਦੀ ਪਛਾਣ ਰਣਜੀਤ ਸਿੰਘ ਕਾਹਲੋਂ ਉਰਫ਼ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਵਾਸੀ ਬਾਠ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।