ਪੁਲਿਸ ਤੇ ਨਿਹੰਗਾਂ ਵਿਚਾਲੇ ਹੋਈ ਹਿੰਸਕ ਝੜੱਪ, ਸੁਲਤਾਨਪੁਰ ਲੋਧੀ ਦਾ ਮਾਮਲਾ
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਬੀਤੇ ਕੱਲ੍ਹ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਹੋਈ। ਜਿਸ ਕਾਰਨ ਪੀਸੀਆਰ ਵਿੱਚ ਤਾਇਨਾਤ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਭੁਲੱਥ ਸਮੇਤ ਹੋਰ 10 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।ਇਸ ਦੌਰਾਨ ਸੇਵਾਦਾਰ ਨਿਰਵੈਰ ਸਿੰਘ ਨੂੰ ਰੱਸੀ ਨਾਲ ਬੰਨ੍ਹ ਕੇ ਜਗਜੀਤ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸਦੇ ਹਥਿਆਰ,ਮੋਬਾਈਲ ਫੋਨ ਅਤੇ ਪੈਸੇ ਵੀ ਖੋਹ ਲਏ ਗਏ।
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਗੋਲੀਬਾਰੀ ਹੋਈ। ਗੋਲੀਬਾਰੀ ਦੀ ਘਟਨਾ ਦੌਰਾਨ ਪੀਸੀਆਰ ਵਿੱਚ ਤਾਇਨਾਤ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਭੁਲੱਥ ਸਮੇਤ ਹੋਰ 10 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਸਾਰੇ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਸਾਂਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹਸਪਤਾਲ ਪੁੱਜੇ। ਜ਼ਖ਼ਮੀਆਂ ਦੀ ਪਛਾਣ ਡੀਐਸਪੀ ਭੁਲੱਖ ਭਾਰਤ ਭੂਸ਼ਨ ਸੈਣੀ,ਏਐਸਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏਐਸਆਈ ਅਸ਼ੋਕ ਕੁਮਾਰ, ਏਐਸਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਵਜੋਂ ਹੋਈ ਹੈ। ਫਿਲਹਾਲ ਗੋਲੀਬਾਰੀ ਰੁਕ ਗਈ ਹੈ।