ਕਾਰਨ ਦੱਸੋ ਨੋਟਿਸ ‘ਤੇ ਪਰਨੀਤ ਕੌਰ ਦੇ ਜਵਾਬ ਨੂੰ ਰਾਜਾ ਵੜਿੰਗ ਨੇ ਦੱਸਿਆ ਹੰਕਾਰੀ
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਵੱਲੋਂ ਕਾਂਗਰਸੀ ਆਗੂਆਂ ‘ਤੇ ਸਵਾਲ ਉਠਾਉਣ ‘ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਵਾਬੀ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਪਰਨੀਤ ਕੌਰ ਦਾ ਕਾਰਨ ਦੱਸੋ ਨੋਟਿਸ ਦਾ ਜਵਾਬ ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦਾ ਹੈ। ਰਾਜਾ ਵੜਿੰਗ ਨੇ ਲਿੱਖਿਆ ਕਿ ਜਨਤਾ ਨੇ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟਾਂ ਪਾਈਆਂ ਹਨ। ਹੁਣ ਉਹ ਪੰਜਾਬ ਅਤੇ ਕਾਂਗਰਸ ਪਾਰਟੀ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚ ਕੇ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਕਰਮ ਦਾ ਨਿਯਮ ਹੈ ਕਿ ਤੁਸੀਂ ਜੋ ਬੀਜੋਗੇ ਉਹੀ ਵੱਢੋਗੇ।
ਦੱਸ ਦੇਈਏ ਕਿ ਪਰਨੀਤ ਕੌਰ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜੇ ਆਪਣੇ ਜਵਾਬ ਵਿੱਚ ਲਿੱਖਿਆ ਹੈ ਕਿ ਪਾਰਟੀ ਛੱਡਣ ਵਾਲੇ ਮੇਰੇ ਤੋਂ ਸਵਾਲ ਕਰ ਰਹੇ ਹਨ। ਪਾਰਟੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ।