ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਨਵਾਂ ਕਾਰਨਾਮਾ, ਜਣੇਪੇ ਤੋਂ ਪਹਿਲਾਂ ਮਾਪਿਆਂ ਨੂੰ ਫੜਾ ਦਿੱਤੀ ਬੱਚੀ
ਨੀਲਮ ਕਾਂਡਾ ਦੇ ਪਤੀ ਹਨੀ ਕਾਂਡਾ ਨੇ ਦੱਸਿਆ ਕਿ ਜਦੋਂ ਸਟਾਫ਼ ਨੇ ਲਿਆ ਕੇ ਬੱਚੀ ਉਹਨਾਂ ਨੂੰ ਸੌਂਪੀ ਤਾਂ ਉਹ ਸ਼ਗਨ ਮਨਾਉਣ ਲੱਗ ਗਏ ਸੀ। ਬੱਚੀ ਨੂੰ ਸ਼ਹਿਦ ਦਿੱਤਾ ਗਿਆ ਅਤੇ ਨਵੇਂ ਕੱਪੜੇ ਪਾਏ ਗਏ। ਇਸੇ ਦੌਰਾਨ ਹਨੀ ਕਾਂਡਾ ਨੇ ਆਪਣੀ ਪਤਨੀ ਦਾ ਹਾਲ ਜਾਣਨ ਲਈ ਵਾਰਡ ਦੇ ਅੰਦਰ ਪੁੱਛਿਆ ਤਾਂ ਪਤਾ ਲੱਗਾ ਕਿ ਨੀਲਮ ਕਾਂਡਾ ਦਾ ਡਿਲਿਵਰੀ ਹਾਲੇ ਹੋਣ ਹੈ। ਉਹਨਾਂ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਅਤੇ ਵਿਰੋਧ ਕੀਤਾ ਗਿਆ।
ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਅੰਦਰ ਬਿਨ੍ਹਾਂ ਜਣੇਪੇ ਹੀ ਮਾਪਿਆਂ ਨੂੰ ਬੱਚੀ ਫੜਾ ਦਿੱਤੀ ਗਈ। ਜਿਸ ਮਗਰੋਂ ਹਸਪਤਾਲ ਅੰਦਰ ਹੰਗਾਮਾ ਹੋ ਗਿਆ। ਹੋਇਆ ਇੰਝ ਕਿ ਅਜੀਤ ਨਗਰ ਦੀ ਰਹਿਣ ਵਾਲੀ ਨੀਲਮ ਕਾਂਡਾ ਨੂੰ ਜਣੇਪੇ ਦਾ ਦਰਦ ਹੋਣ ਉਪਰੰਤ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ।
ਹਾਲੇ ਨੀਲਮ ਕਾਂਡਾ ਦੀ ਡਿਲਿਵਰੀ ਨਹੀਂ ਹੋਈ ਸੀ ਕਿ ਸਟਾਫ਼ ਵਾਲਿਆਂ ਨੇ ਇੱਕ ਬੱਚੀ ਲਿਆ ਕੇ ਪਰਿਵਾਰ ਵਾਲਿਆਂ ਨੂੰ ਫੜਾ ਦਿੱਤੀ। ਕੁੱਝ ਮਿੰਟਾਂ ਬਾਅਦ ਔਰਤ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਅਜੇ ਡਿਲੀਵਰੀ ਨਹੀਂ ਹੋਈ। ਹਸਪਤਾਲ ਦੇ ਸਟਾਫ ਨੇ ਡਿਲੀਵਰੀ ਤੋਂ ਪਹਿਲਾਂ ਬੱਚੀ ਉਹਨਾਂ ਨੂੰ ਫੜਾ ਦਿੱਤੀ ਹੈ। ਇਸ ਦੌਰਾਨ ਸਿਵਲ ਹਸਪਤਾਲ ‘ਚ ਮਾਹੌਲ ਗਰਮ ਹੋ ਗਿਆ। ਸੂਚਨਾ ਮਿਲਦੇ ਸਾਰ ਹੀ ਐਸ.ਐਮ.ਓ ਡਾ: ਸੰਦੀਪ ਧਵਨ ਪਹੁੰਚੇ ਅਤੇ ਮਾਮਲਾ ਸ਼ਾਂਤ ਕੀਤਾ |