Meeting: ਦਿੱਲੀ ਮਾਰਚ ‘ਤੇ ਰੋਕ, ਕੀ ਅੱਜ ਨਿਕਲੇਗਾ ਹੱਲ?
ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਲਗਾਤਾਰ ਚੱਲ ਰਹੇ ਟਕਰਾਅ ਦਰਮਿਆਨ ਕਿਸਾਨਾਂ ਅਤੇ ਸਰਕਾਰ ਵਿਚਾਲੇ ਭਲਕੇ ਤੀਜੇ ਦੌਰ ਦੀ ਗੱਲਬਾਤ ਹੋਵੇਗੀ। ਜਿਸ ਦਾ ਸਮਾਂ ਸ਼ਾਮ 5 ਵਜੇ ਤੈਅ ਕੀਤਾ ਗਿਆ ਹੈ। ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕਿਸਾਨਾਂ ਦੇ ਮੁੱਦੇ ਤੇ ਅਰਜੁਨ ਮੁੰਡਾ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਨਾਲ ਸਬੰਧਤ ਅਹਿਮ ਜਾਣਕਾਰੀ ਲਈ ਅਤੇ ਕੁਝ ਸੁਝਾਅ ਅਤੇ ਹਦਾਇਤਾਂ ਵੀ ਦਿੱਤੀਆਂ।
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ, ਕਿਸਾਨ ਅੱਗੇ ਵਧਣ ਤੇ ਅੜੇ ਹੋਏ ਹਨ। ਕਿਸਾਨਾਂ ਨੇ ਹੁਣ ਪੰਜਾਬ ਵਿੱਚ ਭਲਕੇ ਰੇਲ ਗੱਡੀਆਂ ਰੋਕਣ ਅਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਰੇ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਵਿਗੜਦੇ ਰਵੱਈਏ ਨੂੰ ਦੇਖਦਿਆਂ ਸਰਕਾਰ ਨੇ ਇੱਕ ਵਾਰ ਫਿਰ ਗੱਲਬਾਤ ਦੀ ਪਹਿਲ ਕੀਤੀ ਹੈ। ਇਹ ਮੀਟਿੰਗ ਭਲਕੇ ਸ਼ਾਮ ਕਰੀਬ 5 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਪਟਿਆਲਾ ਦੇ ਡੀਸੀ ਨੇ ਹਰਿਆਣਾ ਦੇ ਅੰਬਾਲਾ ਦੇ ਡੀਸੀ ਅਤੇ ਐਸਪੀ ਨੂੰ ਪੱਤਰ ਲਿਖ ਕੇ ਪੰਜਾਬ ਦੀ ਸਰਹੱਦ ਤੇ ਹਰਿਆਣਾ ਪੁਲਿਸ ਵੱਲੋਂ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਮੁੱਦੇ ਤੇ ਇਤਰਾਜ਼ ਦਰਜ ਕਰਵਾਇਆ ਸੀ।
