ਪੰਜਾਬ ਨੂੰ ਮਿਲੇ 400 ਹੋਰ ਮੋਹੱਲਾ ਆਮ ਆਦਮੀ ਕਲੀਨਿਕ, ਕੇਜਰੀਵਾਲ ਨੇ ਕਿਹਾ ਜੋ ਵਾਅਦੇ ਕੀਤੇ ਉਹ ਪੂਰੇ ਕਰ ਰਹੇ ਹਾਂ
ਦੂਜੇ ਪੜਾਅ ਤਹਿਤ ਅੱਜ ਪੰਜਾਬ ਵਿੱਚ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਸਕੀਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਅਸੀਂ ਕੀਤੇ ਵਾਅਦੇ ਪੂਰੇ ਕੀਤੇ ਹਨ।ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਸ ਤਹਿਤ ਇਹ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੁਹੱਲਾ ਕਲੀਨਿਕ ਵਿੱਚ 90 ਦੇ ਕਰੀਬ ਦਵਾਈਆਂ ਅਤੇ 100 ਦੇ ਕਰੀਬ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ 100 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਸਨ ਅਤੇ ਹੁਣ 400 ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। 100 ਮੁਹੱਲਾ ਕਲੀਨਿਕਾਂ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕ ਦਵਾਈਆਂ ਲੈ ਚੁੱਕੇ ਹਨ।