Chandigarh BJP Candidate : BJP ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ
ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ, ਮੈਂ ਕਦੇ ਵੀ ਰਾਜਨੀਤੀ ਵਿੱਚ ਕੁਝ ਨਹੀਂ ਚਾਹਿਆ। ਮੈਨੂੰ ਜੋ ਵੀ ਮਿਲਿਆ, ਆਪਣੇ ਮਾਤਾ-ਪਿਤਾ ਤੋਂ ਮਿਲਿਆ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਟਿਕਟ ਮਿਲੇਗੀ। ਅੱਜ ਵੀ ਮੈਂ ਆਪਣੇ ਇੱਕ ਚਾਹੁਣ ਵਾਲੇ ਦੇ ਭੋਗ ਤੇ ਗਿਆ ਹੋਇਆ ਸੀ। ਉਥੇ ਮੈਨੂੰ ਸੈਂਟਰ ਤੋਂ ਫੋਨ ਆਇਆ ਤਾਂ ਪਤਾ ਲੱਗਾ ਕਿ ਮੈਨੂੰ ਅੱਜ ਟਿਕਟ ਮਿਲ ਚੁੱਕੀ ਹੈ।
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਅਗਲੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੀਟ ਲਈ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਟ ਤੇ ਵੀ ਭਾਜਪਾ ਨੇ ਆਪਣੀ ਪਹਿਲਾਂ ਵਾਲੀ ਰਣਨੀਤੀ ਬਰਕਰਾਰ ਰੱਖੀ ਹੈ। ਭਾਜਪਾ ਨੇ ਚੰਡੀਗੜ੍ਹ ਸੀਟ ਤੋਂ ਵੀ ਉਮੀਦਵਾਰ ਬਦਲ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਉਹਨਾਂ ਦੀ ਥਾਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਲਗਾਤਾਰ ਚੰਡੀਗੜ੍ਹ ਵਿੱਚ ਐਕਟਿਵ ਹੋਕੇ ਕੰਮ ਕਰ ਰਹੇ ਸਨ।2014 ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਤੋਂ ਸੱਤਿਆਪਾਲ ਜੈਨ ਨੂੰ ਟਿਕਟ ਦਿੰਦੀ ਸੀ ਪਰ ਸੱਤਿਆਪਾਲ ਜੈਨ ਲਗਾਤਾਰ 3 ਚੋਣਾਂ (1999, 2004, 2009) ਕਾਂਗਰਸ ਦੇ ਪਵਨ ਕੁਮਾਰ ਬਾਂਸਲ ਤੋਂ ਹਾਰ ਗਏ। ਇਸ ਤੋਂ ਬਾਅਦ ਭਾਜਪਾ ਨੇ ਜੈਨ ਦੀ ਜਗ੍ਹਾ ਸੈਲੀਬ੍ਰਿਟੀ ਕਾਰਡ ਖੇਡਿਆ ਗਿਆ ਅਤੇ 2014 ਵਿੱਚ ਕਿਰਨ ਖੇਰ ਨੂੰ ਮੈਦਾਨ ਵਿੱਚ ਉਤਾਰਿਆ ਜੋ ਪਵਨ ਕੁਮਾਰ ਬਾਂਸਲ ਨੂੰ ਹਰਾਉਣ ਵਿੱਚ ਸਫਲ ਰਹੇ। 2019 ਵਿੱਚ ਭਾਜਪਾ ਨੇ ਇੱਕ ਵਾਰ ਫਿਰ ਕਿਰਨ ਖੇਰ ਤੇ ਬਾਜ਼ੀ ਮਾਰੀ ਅਤੇ ਉਹ ਦੂਜੀ ਵਾਰ ਜਿੱਤ ਗਈ।