ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
ਮਹਿੰਗਾਈ ਅਤੇ ਗ਼ਰੀਬੀ ਦੇ ਇਸ ਦੌਰ ਵਿੱਚ ਰੋਜ਼ਾਨਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਕੋਟਕਪੂਰਾ ਦੇ ਇੱਕ ਸਾਧਾਰਨ ਪਰਿਵਾਰ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਮਹਿਜ਼ 7 ਰੁਪਏ ਦੀ ਇੱਕ ਲਾਟਰੀ ਟਿਕਟ ਨੇ ਇਸ ਪਰਿਵਾਰ ਦੇ ਵਿਹੜੇ ਵਿੱਚ ਅਥਾਹ ਖ਼ੁਸ਼ੀਆਂ ਭਰ ਦਿੱਤੀਆਂ ਹਨ।
ਮਹਿੰਗਾਈ ਅਤੇ ਗ਼ਰੀਬੀ ਦੇ ਇਸ ਦੌਰ ਵਿੱਚ ਰੋਜ਼ਾਨਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਕੋਟਕਪੂਰਾ ਦੇ ਇੱਕ ਸਾਧਾਰਨ ਪਰਿਵਾਰ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਮਹਿਜ਼ 7 ਰੁਪਏ ਦੀ ਇੱਕ ਲਾਟਰੀ ਟਿਕਟ ਨੇ ਇਸ ਪਰਿਵਾਰ ਦੇ ਵਿਹੜੇ ਵਿੱਚ ਅਥਾਹ ਖ਼ੁਸ਼ੀਆਂ ਭਰ ਦਿੱਤੀਆਂ ਹਨ। ਸਿੱਕਮ ਸਰਕਾਰ ਦੀ ਲਾਟਰੀ ਸਕੀਮ ਤਹਿਤ ਪਰਿਵਾਰ ਦੀ ਮਹਿਲਾ ਬਿਮਲਾ ਦੇਵੀ ਦੇ ਨਾਂ ‘ਤੇ ਖ਼ਰੀਦੀ ਗਈ ਟਿਕਟ ‘ਤੇ ਪੂਰੇ ਇੱਕ ਕਰੋੜ ਰੁਪਏ ਦਾ ਪਹਿਲਾ ਬੰਪਰ ਇਨਾਮ ਨਿਕਲਿਆ ਹੈ।
ਖ਼ਬਰ ਸੁਣਦਿਆਂ ਹੀ ਵੰਡੇ ਲੱਡੂ, ਪਏ ਭੰਗੜੇ
ਜਿਵੇਂ ਹੀ ਕਰੋੜ ਰੁਪਏ ਦਾ ਇਨਾਮ ਨਿਕਲਣ ਦੀ ਖ਼ਬਰ ਇਲਾਕੇ ਵਿੱਚ ਫੈਲੀ, ਪਰਿਵਾਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਆਂਢ-ਗੁਆਂਢ ਦੇ ਲੋਕ ਅਤੇ ਰਿਸ਼ਤੇਦਾਰ ਖ਼ੁਸ਼ੀ ਸਾਂਝੀ ਕਰਨ ਪਹੁੰਚੇ ਅਤੇ ਮੌਕੇ ‘ਤੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਬਿਮਲਾ ਦੇਵੀ ਇੱਕ ਦਿਨ ਪਹਿਲਾਂ ਰੇਲਵੇ ਰੋਡ ਬਾਜ਼ਾਰ ਵਿੱਚ ਘਰੇਲੂ ਸਾਮਾਨ ਦੀ ਖ਼ਰੀਦਦਾਰੀ ਕਰਨ ਆਈ ਸੀ। ਇਸੇ ਦੌਰਾਨ ਉਸ ਨੇ ਰੇਲਵੇ ਸਟੇਸ਼ਨ ਨੇੜੇ ਸਥਿਤ ਨਰੇਸ਼ ਮੋਂਗਾ ਦੇ ‘ਸਟਾਰ ਲਾਟਰੀ ਸਟਾਲ’ ਤੋਂ 7 ਰੁਪਏ ਵਾਲੀ ਇੱਕ ਟਿਕਟ ਖ਼ਰੀਦ ਲਈ। ਅਗਲੇ ਦਿਨ ਜਦੋਂ ਲਾਟਰੀ ਦਾ ਨਤੀਜਾ ਐਲਾਨਿਆ ਗਿਆ ਤਾਂ ਉਸੇ ਟਿਕਟ ਦਾ ਨੰਬਰ ਇੱਕ ਕਰੋੜ ਰੁਪਏ ਦੇ ਪਹਿਲੇ ਇਨਾਮ ਲਈ ਚੁਣਿਆ ਗਿਆ। ਸਟਾਲ ਸੰਚਾਲਕ ਵੱਲੋਂ ਸੂਚਨਾ ਮਿਲਣ ‘ਤੇ ਜਦੋਂ ਪਰਿਵਾਰਕ ਮੈਂਬਰ ਦੁਕਾਨ ‘ਤੇ ਪਹੁੰਚੇ ਤਾਂ ਦੁਕਾਨਦਾਰ ਨੇ ਲੱਡੂਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਬੱਚਿਆਂ ਦੇ ਭਵਿੱਖ ਲਈ ਸ਼ੁਰੂ ਕਰਾਂਗੇ ਕਾਰੋਬਾਰ: ਜੇਤੂ ਬਿਮਲਾ ਦੇਵੀ
ਇਨਾਮ ਜਿੱਤਣ ਮਗਰੋਂ ਭਾਵੁਕ ਹੋਈ ਬਿਮਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿਨ-ਰਾਤ ਹੱਡ-ਭੰਨਵੀਂ ਮਿਹਨਤ-ਮਜ਼ਦੂਰੀ ਕਰਕੇ ਮਸਾਂ ਗੁਜ਼ਾਰਾ ਚਲਾਉਂਦਾ ਆ ਰਿਹਾ ਹੈ। ਅਜਿਹੇ ਔਖੇ ਹਾਲਾਤ ਵਿੱਚ ਪ੍ਰਮਾਤਮਾ ਵੱਲੋਂ ਬਖ਼ਸ਼ੀ ਗਈ ਇਸ ਵੱਡੀ ਰਕਮ ਨਾਲ ਪਰਿਵਾਰ ਦੀਆਂ ਸਾਰੀਆਂ ਆਰਥਿਕ ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਉਸ ਨੇ ਕਿਹਾ ਕਿ ਫ਼ਿਲਹਾਲ ਇਨਾਮੀ ਰਾਸ਼ੀ ਨੂੰ ਖ਼ਰਚਣ ਲਈ ਕੋਈ ਪੱਕੀ ਯੋਜਨਾ ਤਿਆਰ ਨਹੀਂ ਕੀਤੀ ਗਈ, ਪਰ ਸਾਰੇ ਪਰਿਵਾਰਕ ਮੈਂਬਰਾਂ ਨਾਲ ਰਾਇ-ਮਸ਼ਵਰਾ ਕਰਕੇ ਬੱਚਿਆਂ ਦੇ ਬਿਹਤਰ ਭਵਿੱਖ ਅਤੇ ਉਨ੍ਹਾਂ ਦੇ ਰੁਜ਼ਗਾਰ ਲਈ ਕੋਈ ਢੁੱਕਵਾਂ ਕਾਰੋਬਾਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਖ਼ੁਸ਼ਹਾਲ ਜ਼ਿੰਦਗੀ ਮਿਲ ਸਕੇ।
ਸਟਾਲ ਸੰਚਾਲਕ ਨੇ ਵੀ ਜ਼ਾਹਰ ਕੀਤੀ ਖ਼ੁਸ਼ੀ
ਸਟਾਰ ਲਾਟਰੀ ਸਟਾਲ ਦੇ ਸੰਚਾਲਕ ਨਰੇਸ਼ ਮੋਂਗਾ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਲਾਟਰੀ ਦੀ ਵਿਕਰੀ ਦਾ ਕੰਮ ਕਰ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਦੁਕਾਨ ਰੇਲਵੇ ਸਟੇਸ਼ਨ ਦੇ ਨਜ਼ਦੀਕ ਤਬਦੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਸਟਾਲ ਤੋਂ ਪਹਿਲਾਂ ਵੀ ਲੱਖਾਂ ਰੁਪਏ ਦੇ ਕਈ ਇਨਾਮ ਨਿਕਲ ਚੁੱਕੇ ਹਨ, ਪਰ ਇੱਕ ਕਰੋੜ ਰੁਪਏ ਦਾ ਇਹ ਮੈਗਾ ਬੰਪਰ ਇਨਾਮ ਪਹਿਲੀ ਵਾਰ ਨਿਕਲਿਆ ਹੈ। ਉਨ੍ਹਾਂ ਨੇ ਜੇਤੂ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇੱਕ ਲੋੜਵੰਦ ਮਜ਼ਦੂਰ ਪਰਿਵਾਰ ਦੀ ਕਿਸਮਤ ਚਮਕਣਾ ਉਨ੍ਹਾਂ ਦੇ ਆਪਣੇ ਕਾਰੋਬਾਰ ਲਈ ਵੀ ਬੇਹੱਦ ਖ਼ੁਸ਼ੀ ਅਤੇ ਸੰਤੁਸ਼ਟੀ ਵਾਲੀ ਗੱਲ ਹੈ।
