ਵਾਰ-ਵਾਰ ਅਟਕ ਰਿਹਾ ਲੈਪਟਾਪ? ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਇੰਝ ਵਧਾਓ ਸਪੀਡ
Laptop Speed: ਲੈਪਟਾਪ ਹੌਲੀ ਹੋਣ 'ਤੇ ਤੁਰੰਤ RAM ਖਰੀਦਣ ਦੀ ਲੋੜ ਨਹੀਂ ਹੈ। ਕੁਝ ਆਸਾਨ ਸੈਟਿੰਗਾਂ ਬਦਲ ਕੇ ਅਤੇ ਗੈਰ-ਜ਼ਰੂਰੀ ਐਪਸ ਬੰਦ ਕਰਕੇ ਬਿਨਾਂ ਪੈਸੇ ਖਰਚ ਕੀਤੇ ਲੈਪਟਾਪ ਨੂੰ ਹੋਰ ਤੇਜ਼ ਅਤੇ ਸਮੂਥ ਬਣਾਇਆ ਜਾ ਸਕਦਾ ਹੈ।
ਲੈਪਟਾਪ ਦੀ ਸਪੀਡ ਵਧਾਉਣ ਦੇ ਆਸਾਨ ਤਰੀਕੇ
ਜੇ ਤੁਹਾਡਾ ਲੈਪਟਾਪ ਹੌਲੀ ਚੱਲ ਰਿਹਾ ਹੈ, ਐਪਸ ਖੁੱਲ੍ਹਣ ਵਿੱਚ ਸਮਾਂ ਲੈ ਰਿਹਾ hia ਜਾਂ ਮਲਟੀਟਾਸਕਿੰਗ ਦੌਰਾਨ ਲੈਗ ਹੋ ਰਿਹਾ ਹੈ, ਤਾਂ ਹਰ ਵਾਰ RAM ਅਪਗ੍ਰੇਡ ਕਰਨਾ ਜ਼ਰੂਰੀ ਨਹੀਂ ਹੈ। DDR5 RAM ਦੀਆਂ ਵੱਧ ਰਹੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਵਿਚਕਾਰ ਨਵਾਂ ਹਾਰਡਵੇਅਰ ਖਰੀਦਣਾ ਮਹਿੰਗਾ ਪੈ ਸਕਦਾ ਹੈ। ਅਜਿਹੇ ਵਿੱਚ ਕੁਝ ਆਸਾਨ ਸਿਸਟਮ ਸੈਟਿੰਗਾਂ ਅਤੇ ਸਹੀ ਮੈਮੋਰੀ ਮੈਨੇਜਮੈਂਟ ਦੀ ਮਦਦ ਨਾਲ ਬਿਨਾਂ ਪੈਸੇ ਖਰਚ ਕੀਤੇ ਲੈਪਟਾਪ ਦੀ ਪਰਫਾਰਮੈਂਸ ਬਿਹਤਰ ਕੀਤੀ ਜਾ ਸਕਦੀ ਹੈ। ਰੀਸਟਾਰਟ ਕਰਨ ਤੋਂ ਲੈ ਕੇ ਗੈਰ-ਜ਼ਰੂਰੀ ਸਟਾਰਟਅਪ ਐਪਸ ਬੰਦ ਕਰਨ ਅਤੇ ਜੰਕ ਫਾਈਲਾਂ ਹਟਾਉਣ ਤੱਕ ਕਈ ਆਸਾਨ ਤਰੀਕੇ ਇਸ ਵਿੱਚ ਮਦਦ ਕਰ ਸਕਦੇ ਹਨ।
ਲੈਪਟਾਪ ਨੂੰ ਕਰੋ ਰੀਸਟਾਰਟ
ਜੇ ਲੈਪਟਾਪ ਨੂੰ ਕਈ ਦਿਨਾਂ ਤੱਕ ਬੰਦ ਜਾਂ ਰੀਸਟਾਰਟ ਨਹੀਂ ਕੀਤਾ ਜਾਂਦਾ, ਤਾਂ ਬੈਕਗ੍ਰਾਊਂਡ ਵਿੱਚ ਚੱਲ ਰਹੇ ਕੰਮ ਅਤੇ ਫ਼ਜ਼ੂਲ ਡਾਟਾ ਇਕੱਠਾ ਹੁੰਦਾ ਰਹਿੰਦਾ ਹੈ। ਇਸ ਨਾਲ ਸਿਸਟਮ ‘ਤੇ ਦਬਾਅ ਵੱਧ ਸਕਦਾ ਹੈ ਅਤੇ ਲੈਪਟਾਪ ਹੌਲੀ ਮਹਿਸੂਸ ਹੋ ਸਕਦਾ ਹੈ। ਅਜਿਹੇ ਵਿੱਚ ਲੈਪਟਾਪ ਨੂੰ ਰੀਸਟਾਰਟ ਕਰਨ ਨਾਲ ਇਕੱਠਾ ਹੋਇਆ ਫ਼ਜ਼ੂਲ ਕੰਮ ਸਾਫ਼ ਹੋ ਜਾਂਦਾ ਹੈ ਅਤੇ ਸਿਸਟਮ ਨਵੇਂ ਸਿਰੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਜੇ ਤੁਹਾਡਾ ਲੈਪਟਾਪ ਅਚਾਨਕ ਹੌਲੀ ਹੋ ਗਿਆ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਰੀਸਟਾਰਟ ਕਰਕੇ ਦੇਖਣਾ ਇੱਕ ਆਸਾਨ ਤਰੀਕਾ ਹੋ ਸਕਦਾ ਹੈ।
ਸਟਾਰਟਅਪ ਐਪਸ ਨੂੰ ਕਰੋ ਬੰਦ
ਕਈ ਐਪਸ ਅਤੇ ਸਾਫਟਵੇਅਰ ਅਜਿਹੇ ਹੁੰਦੇ ਹਨ, ਜੋ ਲੈਪਟਾਪ ਆਨ ਹੁੰਦੇ ਹੀ ਆਪਣੇ ਆਪ ਬੈਕਗ੍ਰਾਊਂਡ ਵਿੱਚ ਚੱਲਣ ਲੱਗ ਪੈਂਦੇ ਹਨ। ਇਸ ਨਾਲ ਲੈਪਟਾਪ ਦਾ ਬੂਟਿੰਗ ਟਾਈਮ ਵੱਧ ਜਾਂਦਾ ਹੈ ਅਤੇ RAM ਦੀ ਖਪਤ ਵੀ ਹੁੰਦੀ ਹੈ। ਵਿੰਡੋਜ਼ ਵਿੱਚ Control + Shift + Escape ਦਬਾ ਕੇ ਟਾਸਕ ਮੈਨੇਜਰ ਖੋਲ੍ਹਿਆ ਜਾ ਸਕਦਾ ਹੈ। ਇਸ ਦੇ Startup ਟੈਬ ਵਿੱਚ ਜਾ ਕੇ ਉਨ੍ਹਾਂ ਐਪਸ ਨੂੰ ਡਿਸੇਬਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਤੁਰੰਤ ਲੋੜ ਨਹੀਂ ਹੁੰਦੀ। ਇਸ ਨਾਲ ਸਿਸਟਮ ਸ਼ੁਰੂ ਹੁੰਦੇ ਸਮੇਂ ਗੈਰ-ਜ਼ਰੂਰੀ ਐਪਸ ਆਪਣੇ ਆਪ ਚੱਲਣ ਤੋਂ ਬਚ ਸਕਦੀਆਂ ਹਨ।
ਟਾਸਕ ਮੈਨੇਜਰ ਤੋਂ ਜ਼ਿਆਦਾ RAM ਖਾਣ ਵਾਲੀਆਂ ਐਪਸ ਦੀ ਕਰੋ ਪਛਾਣ
ਵਿੰਡੋਜ਼ ਵਿੱਚ ਟਾਸਕ ਮੈਨੇਜਰ ਅਤੇ ਮੈਕ ਵਿੱਚ ਐਕਟੀਵਿਟੀ ਮਾਨੀਟਰ ਦੀ ਮਦਦ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਕਿਹੜੀ ਐਪ ਸਭ ਤੋਂ ਜ਼ਿਆਦਾ RAM ਅਤੇ CPU ਦੀ ਵਰਤੋਂ ਕਰ ਰਹੀ ਹੈ। ਕਈ ਵਾਰ ਮੈਮੋਰੀ ਲੀਕ ਵਰਗੀ ਸਮੱਸਿਆ ਕਾਰਨ ਕੋਈ ਐਪ ਲੋੜ ਤੋਂ ਜ਼ਿਆਦਾ RAM ਵਰਤਣ ਲੱਗਦੀ ਹੈ। ਅਜਿਹੀ ਐਪ ਦੀ ਪਛਾਣ ਕਰਕੇ ਉਸ ਨੂੰ ਉੱਥੋਂ ਹੀ ਬੰਦ ਕੀਤਾ ਜਾ ਸਕਦਾ ਹੈ। ਇਸ ਨਾਲ ਇਹ ਸਮਝਣ ਵਿੱਚ ਵੀ ਮਦਦ ਮਿਲਦੀ ਹੈ ਕਿ ਲੈਪਟਾਪ ਦੀ ਮੈਮੋਰੀ ‘ਤੇ ਸਭ ਤੋਂ ਜ਼ਿਆਦਾ ਦਬਾਅ ਕਿਸ ਐਪ ਜਾਂ ਪ੍ਰੋਸੈਸ ਕਾਰਨ ਪੈ ਰਿਹਾ ਹੈ।
ਬ੍ਰਾਊਜ਼ਰ ਟੈਬ ਅਤੇ ਬੈਕਗ੍ਰਾਊਂਡ ਐਪਸ ਨੂੰ ਕੰਟਰੋਲ ਵਿੱਚ ਰੱਖੋ
ਇੱਕੋ ਸਮੇਂ ਬਹੁਤ ਸਾਰੇ ਬ੍ਰਾਊਜ਼ਰ ਟੈਬ ਅਤੇ ਭਾਰੀ ਐਪਸ ਖੁੱਲ੍ਹੀਆਂ ਰਹਿਣ ਨਾਲ RAM ‘ਤੇ ਦਬਾਅ ਵੱਧ ਸਕਦਾ ਹੈ। ਇਸ ਲਈ ਜਿਨ੍ਹਾਂ ਐਪਸ ‘ਤੇ ਕੰਮ ਨਹੀਂ ਹੋ ਰਿਹਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਬਿਹਤਰ ਹੈ। ਗੂਗਲ ਕ੍ਰੋਮ ਅਤੇ ਹੋਰ ਬ੍ਰਾਊਜ਼ਰਾਂ ਵਿੱਚ ਮੌਜੂਦ ਮੈਮੋਰੀ ਫੀਚਰ ਦੀ ਵਰਤੋਂ ਕਰਕੇ ਵੀ ਮੈਮੋਰੀ ‘ਤੇ ਦਬਾਅ ਘਟਾਇਆ ਜਾ ਸਕਦਾ ਹੈ। ਖਾਸ ਤੌਰ ‘ਤੇ ਮਲਟੀਟਾਸਕਿੰਗ ਦੌਰਾਨ ਗੈਰ-ਜ਼ਰੂਰੀ ਟੈਬ ਅਤੇ ਐਪਸ ਬੰਦ ਰੱਖਣ ਨਾਲ ਸਿਸਟਮ ਨੂੰ ਵਧੇਰੇ ਸਮੂਥ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ
ਜੰਕ ਫਾਈਲਾਂ ਹਟਾ ਕੇ ਸਟੋਰੇਜ ਖਾਲੀ ਕਰੋ
ਜਦੋਂ ਲੈਪਟਾਪ ਦੀ RAM ਪੂਰੀ ਭਰ ਜਾਂਦੀ ਹੈ, ਤਾਂ ਓਪਰੇਟਿੰਗ ਸਿਸਟਮ ਸਟੋਰੇਜ ਦੀ ਖਾਲੀ ਜਗ੍ਹਾ ਨੂੰ ਵਰਚੁਅਲ ਮੈਮੋਰੀ ਵਜੋਂ ਵਰਤਦਾ ਹੈ। ਅਜਿਹੇ ਵਿੱਚ ਸਟੋਰੇਜ ਵਿੱਚ ਕਾਫ਼ੀ ਖਾਲੀ ਜਗ੍ਹਾ ਹੋਣਾ ਜ਼ਰੂਰੀ ਹੈ। ਸਿਸਟਮ ਵਿੱਚੋਂ ਟੈਂਪਰੇਰੀ ਅਤੇ ਜੰਕ ਫਾਈਲਾਂ ਨੂੰ ਨਿਯਮਿਤ ਤੌਰ ‘ਤੇ ਹਟਾ ਕੇ ਸਟੋਰੇਜ ਖਾਲੀ ਰੱਖੀ ਜਾ ਸਕਦੀ ਹੈ। ਇਸ ਨਾਲ ਲੈਪਟਾਪ ਨੂੰ ਕੰਮ ਕਰਨ ਲਈ ਕਾਫ਼ੀ ਜਗ੍ਹਾ ਮਿਲਦੀ ਹੈ ਅਤੇ ਸਿਸਟਮ ਨੂੰ ਵਧੇਰੇ ਸਮੂਥ ਤਰੀਕੇ ਨਾਲ ਚਲਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ RAM ਅਪਗ੍ਰੇਡ ਕਰਨ ਤੋਂ ਪਹਿਲਾਂ ਮੈਮੋਰੀ ਅਤੇ ਸਟੋਰੇਜ ਮੈਨੇਜਮੈਂਟ ‘ਤੇ ਧਿਆਨ ਦੇਣਾ ਵੀ ਜ਼ਰੂਰੀ ਹੈ।
