ਪਹਿਲਵਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਡਬਲਯੂਐੱਫਆਈ ਪ੍ਰਧਾਨ ਦੇ ਖਿਲਾਫ ਆਈਓਏ ਮੁਖੀ ਪੀਟੀ ਊਸ਼ਾ ਨੂੰ ਲਿਖੀ ਚਿੱਠੀ
ਭਾਰਤੀ ਪਹਿਲਵਾਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਵਿਰੋਧ ਪ੍ਰਦਰਸ਼ਨ ਦੇ ਪਹਿਲੇ ਦਿਨ ਬੁੱਧਵਾਰ ਨੂੰ ਦੋਸ਼ ਲਗਾਇਆ ਸੀ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਚਹੇਤੇ ਕੋਚ 'ਤੇ ਔਰਤਾਂ ਨਾਲ ਦੁਰਵਿਵਹਾਰ ਅਤੇ ਪਰੇਸ਼ਾਨੀ ਹੁੰਦੀ ਹੈ।
ਨਵੀਂ ਦਿੱਲੀ,20 ਜਨਵਰੀ । ਦੇਸ਼ ਦੇ ਸਟਾਰ ਕੁਸ਼ਤੀ ਖਿਡਾਰੀ ਲਗਾਤਾਰ ਤੀਜੇ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰਤੀ ਕੁਸ਼ਤੀ ਮਹਾਸੰਘ ਅਤੇ ਇਸ ਦੇ ਪ੍ਰਧਾਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪਹਿਲਵਾਨਾਂ ਨੇ ਆਈਓਏ ਮੁਖੀ ਪੀਟੀ ਊਸ਼ਾ ਨੂੰ ਪੱਤਰ ਲਿਖ ਕੇ ਡਬਲਯੂਐੱਫਆਈ ਦੇ ਪ੍ਰਧਾਨ ਖ਼ਿਲਾਫ਼ ਗੰਭੀਰ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਆਈਓਏ ਮੁਖੀ ਪੀਟੀ ਊਸ਼ਾ ਨੂੰ ਲਿਖੀ ਚਿੱਠੀ
ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਰਵੀ ਦਹੀਆ ਅਤੇ ਦੀਪਕ ਪੂਨੀਆ ਨੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਡਬਲਯੂਐੱਫਆਈ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਸ਼ਿਕਾਇਤ ਪੱਤਰ ਲਿਖਿਆ ਹੈ। ਸਟਾਰ ਪਹਿਲਵਾਨਾਂ ਨੇ ਆਈਓਏ ਪ੍ਰਧਾਨ ਊਸ਼ਾ ਨੂੰ ਲਿਖੇ ਪੱਤਰ ‘ਚ ਡਬਲਯੂਐੱਫਆਈ ਪ੍ਰਧਾਨ ‘ਤੇ ਜਿਨਸੀ ਸ਼ੋਸ਼ਣ ਅਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ। ਬਜਰੰਗ ਪੂਨੀਆ, ਫੋਗਾਟ, ਮਲਿਕ, ਦਹੀਆ ਅਤੇ ਦੀਪਕ ਪੂਨੀਆ ਦੇ ਹਸਤਾਖਰਾਂ ਵਾਲੇ ਇਸ ਪੱਤਰ ਵਿੱਚ ਡਬਲਯੂਐੱਫਆਈ ਮੁਖੀ ਦੇ ਅਸਤੀਫੇ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਹੈ। ਪਹਿਲਵਾਨਾਂ ਨੇ ਡਬਲਯੂਐੱਫਆਈ ਪ੍ਰਧਾਨ ਅਤੇ ਉਨ੍ਹਾਂ ਦੇ ਕੋਚਾਂ ਦੁਆਰਾ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਅਤੇ ਫੈਡਰੇਸ਼ਨ ਚ ਦੁਰਪ੍ਰਬੰਧ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਫੈਡਰੇਸ਼ਨ ਨੂੰ ਮੁਕੰਮਲ ਰੂਪ ਵਿਚ ਬਦਲਣ ਦੀ ਮੰਗ ਕੀਤੀ ਹੈ।
ਵਿਨੇਸ਼ ਫੋਗਾਟ ਨੇ ਲਗਾਏ ਸਨ ਜਿਨਸੀ ਸ਼ੋਸ਼ਣ ਦੇ ਦੋਸ਼
ਭਾਰਤੀ ਪਹਿਲਵਾਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਵਿਰੋਧ ਪ੍ਰਦਰਸ਼ਨ ਦੇ ਪਹਿਲੇ ਦਿਨ ਬੁੱਧਵਾਰ ਨੂੰ ਦੋਸ਼ ਲਗਾਇਆ ਸੀ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਚਹੇਤੇ ਕੋਚ ‘ਤੇ ਔਰਤਾਂ ਨਾਲ ਦੁਰਵਿਵਹਾਰ ਅਤੇ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਟੋਕੀਓ ਓਲੰਪਿਕ 2020 ‘ਚ ਹਾਰ ਤੋਂ ਬਾਅਦ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ‘ਖੋਟਾ ਸਿੱਕਾ’ ਕਰਾਰ ਦੇਣ ਦਾ ਦੋਸ਼ ਵੀ ਲਾਇਆ। ਦਿੱਲੀ ਦੇ ਜੰਤਰ-ਮੰਤਰ ਨੇੜੇ ਡਬਲਯੂਐੱਫਆਈ ਦੇ ਖਿਲਾਫ ਧਰਨੇ ‘ਤੇ ਬੈਠੀ ਫੋਗਾਟ ਨੇ ਬੁੱਧਵਾਰ ਨੂੰ ਕਿਹਾ ਸੀ, “ਕੋਚ ਔਰਤਾਂ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਕੁਝ ਕੋਚ, ਜੋ ਮਹਾਸੰਘ ਦੇ ਪੱਖ ‘ਚ ਹਨ, ਮਹਿਲਾ ਕੋਚਾਂ ਨਾਲ ਵੀ ਦੁਰਵਿਵਹਾਰ ਕਰਦੇ ਹਨ। ਉਹ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।” ਡਬਲਯੂਐੱਫਆਈ ਪ੍ਰਧਾਨ ਨੇ ਕਈ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।” ਹਾਲਾਂਕਿ, ਡਬਲਯੂਐੱਫਆਈ ਮੁਖੀ ਨੇ ਬੁੱਧਵਾਰ ਨੂੰ ਪਹਿਲਵਾਨਾਂ ਦੁਆਰਾ ਆਪਣੇ ‘ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਖੇਡ ਮੰਤਰੀ ਨੇ ਦਿੱਤਾ ਹੈ ਜਾਂਚ ਦਾ ਭਰੋਸਾ
ਦੂਜੇ ਪਾਸੇ ਬੀਤੀ ਰਾਤ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇਰ ਰਾਤ ਚੰਡੀਗੜ੍ਹ ਤੋਂ ਆਪਣਾ ਅਹਿਮ ਦੌਰਾ ਛੱਡ ਕੇ ਦਿੱਲੀ ਪੁੱਜੇ ਅਤੇ ਧਰਨੇ ਤੇ ਬੈਠੇ ਪਹਿਲਵਾਨ ਖਿਡਾਰੀਆਂ ਨਾਲ ਕਰੀਬ ਚਾਰ ਘੰਟੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ, ਰਵੀ ਦਹੀਆ ਨਾ ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਸਗੋਂ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਮੇਟੀ ਬਣਾਉਣ ਦਾ ਵਾਅਦਾ ਵੀ ਕੀਤਾ ਪਰ ਕੇਂਦਰੀ ਖੇਡ ਮੰਤਰੀ ਵੱਲੋਂ ਦਿੱਤੇ ਭਰੋਸੇ ਅਤੇ ਵਾਅਦਿਆਂ ਤੋਂ ਖਿਡਾਰੀ ਪੂਰੀ ਤਰ੍ਹਾਂ ਅਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ।