Paris Olympics: ਭਾਰਤੀ ਹਾਕੀ ਟੀਮ ਦੀ ਉਲੰਪਿਕ ‘ਚ ਸ਼ਾਨਦਾਰ ਜਿੱਤ, 52 ਸਾਲਾਂ ਬਾਅਦ ਅਸਟ੍ਰੇਲੀਆ ਨੂੰ ਹਰਾਇਆ, ਸੀਐਮ ਮਾਨ ਬੋਲੇ – ‘ਚੱਕ ਦੇ ਇੰਡੀਆ’
Paris Olympics 2024: ਵਿਸ਼ਵ ਕੱਪ ਤੋਂ ਲੈ ਕੇ ਰਾਸ਼ਟਰਮੰਡਲ ਖੇਡਾਂ ਤੱਕ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਕਈ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਕਸਰ ਆਸਟ੍ਰੇਲੀਆਈ ਟੀਮ ਹੀ ਭਾਰਤ ਦੀ ਜਿੱਤ ਦੇ ਰਾਹ ਵਿਚ ਆਈ ਹੈ। ਇਸ ਵਾਰ ਭਾਰਤੀ ਟੀਮ ਨੇ ਆਸਟ੍ਰੇਲੀਆ ਦਾ ਅੜਿੱਕਾ ਵੀ ਪਾਰ ਕਰ ਲਿਆ ਹੈ।
ਟੋਕੀਓ ਓਲੰਪਿਕ ‘ਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਖੁਸ਼ੀਆਂ ਦੇਣ ਵਾਲੀ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ‘ਚ ਵੀ ਤਮਗੇ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਪੂਲ ਗੇੜ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਕੋਚ ਕ੍ਰੇਗ ਫੁਲਟਨ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਹੁਣ ਤੱਕ ਦਾ ਆਪਣਾ ਸਰਵੋਤਮ ਨਤੀਜਾ ਹਾਸਲ ਕਰਦਿਆਂ ਆਸਟਰੇਲੀਆ ਨੂੰ ਹਰਾ ਕੇ ਸਨਸਨੀ ਪੈਦਾ ਕਰ ਦਿੱਤੀ ਹੈ। ਪੂਲ ਗੇੜ ਦੇ ਆਪਣੇ ਆਖਰੀ ਮੈਚ ਵਿੱਚ ਭਾਰਤੀ ਟੀਮ ਨੇ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਆਸਟਰੇਲੀਆ ਨੂੰ ਰੋਮਾਂਚਕ ਮੈਚ ਵਿੱਚ 3-2 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ 52 ਸਾਲ ਬਾਅਦ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।
ਇਨ੍ਹਾਂ ਓਲੰਪਿਕ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਲਈ ਡਿਫੈਂਸ ਦੇ ਫਰਜ਼ ਨੂੰ ਬਾਖੂਬੀ ਨਿਭਾਉਂਦੇ ਹੋਏ ਲਗਾਤਾਰ ਪੈਨਲਟੀ ਕਾਰਨਰ ਅਤੇ ਪੈਨਲਟੀ ਸਟਰੋਕਾਂ ਤੋਂ ਗੋਲ ਕਰਕੇ ਟੀਮ ਨੂੰ ਜਿੱਤ ਵੱਲ ਲੈ ਕੇ ਜਾਂਦੇ ਰਹੇ। ਉਨ੍ਹਾਂ ਨੇ ਆਸਟ੍ਰੇਲੀਆਈ ਟੀਮ ਖਿਲਾਫ ਉਹੀ ਕਮਾਲ ਕਰ ਵਿਖਾਇਆ, ਜਿਸ ਨੇ ਪਿਛਲੇ ਕਈ ਸਾਲਾਂ ‘ਚ ਓਲੰਪਿਕ, ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ‘ਚ ਟੀਮ ਇੰਡੀਆ ਨੂੰ ਕਾਫੀ ਤਕਲੀਫ ਦਿੱਤੀ ਸੀ। ਆਖਿਰਕਾਰ 1972 ਤੋਂ ਬਾਅਦ ਪਹਿਲੀ ਵਾਰ ਟੀਮ ਇੰਡੀਆ ਨੇ ਓਲੰਪਿਕ ‘ਚ ਆਸਟ੍ਰੇਲੀਆ ਖਿਲਾਫ ਆਪਣੀ ਕਈ ਹਾਰਾਂ ਦਾ ਬਦਲਾ ਲੈ ਲਿਆ।
ਪਹਿਲੇ ਕੁਆਰਟਰ ਵਿੱਚ ਹੀ ਲੀਡ
ਇੱਕ ਦਿਨ ਪਹਿਲਾਂ ਬੈਲਜੀਅਮ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ 1-2 ਨਾਲ ਹਾਰਨ ਤੋਂ ਬਾਅਦ ਟੀਮ ਇੰਡੀਆ ਨੂੰ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ਵਿੱਚ ਆਸਟਰੇਲੀਆ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਜਿੱਤ ਦਾ ਇਕਮਾਤਰ ਦਾਅਵੇਦਾਰ ਆਸਟ੍ਰੇਲੀਆ ਨੂੰ ਹੀ ਮੰਨਿਆ ਜਾ ਰਿਹਾ ਸੀ ਪਰ ਟੀਮ ਇੰਡੀਆ ਨੇ ਪਹਿਲੇ ਕੁਆਰਟਰ ਤੋਂ ਹੀ ਫਰੰਟ ਫੁੱਟ ‘ਤੇ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਦੋ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ 2-0 ਦੀ ਬੜ੍ਹਤ ਬਣਾ ਲਈ। ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਭਿਸ਼ੇਕ ਨੇ 12ਵੇਂ ਮਿੰਟ ਵਿੱਚ ਟੀਮ ਲਈ ਮੈਦਾਨੀ ਗੋਲ ਕੀਤਾ ਅਤੇ ਫਿਰ ਅਗਲੇ ਹੀ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ।
ਸੀਐਮ ਭਗਵੰਤ ਮਾਨ ਨੇ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋ ਪੋਸਟ ਪਾ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿੱਖਿਆ – ਸਾਰੀ ਹਾਕੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਨਾਲ ਹੀ ਉਨ੍ਹਾਂ ਨੇ ਚੱਕ ਦੇ ਇੰਡੀਆ ਕਹਿ ਕੇ ਟੀਮ ਦਾ ਹੌਂਸਲਾ ਵੀ ਵਧਾਇਆ ਹੈ।
ਭਾਰਤੀ ਹਾਕੀ ਟੀਮ ਨੇ ਓਲੰਪਿਕਸ ਦੇ ਇਤਿਹਾਸ ਵਿੱਚ 52 ਸਾਲ ਬਾਅਦ ਅੱਜ ਆਸਟਰੇਲੀਆ ਨੂੰ ਹਰਾਇਆ…3-2 ਦੀ ਇਸ ਜਿੱਤ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਅਹਿਮ ਗੋਲ ਸਨ…. ਸਮੁੱਚੀ ਟੀਮ ਨੂੰ ਮੁਬਾਰਕਾਂ ਤੇ ਕੁਆਰਟਰ ਫ਼ਾਈਨਲ ਲਈ ਸ਼ੁੱਭਕਾਮਨਾਵਾਂ…
ਇਹ ਵੀ ਪੜ੍ਹੋ
ਚੱਕ ਦੇ ਇੰਡੀਆ…
— Bhagwant Mann (@BhagwantMann) August 2, 2024
ਆਸਟ੍ਰੇਲੀਆ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਨਾਕਾਮ
ਹਾਲਾਂਕਿ 25ਵੇਂ ਮਿੰਟ ਵਿੱਚ ਆਸਟਰੇਲੀਆ ਨੇ ਪਹਿਲਾ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਤੀਜੇ ਕੁਆਰਟਰ ਦੀ ਸ਼ੁਰੂਆਤ ‘ਚ ਟੀਮ ਇੰਡੀਆ ਨੇ ਫਿਰ ਆਪਣੀ ਬੜ੍ਹਤ ਮਜ਼ਬੂਤ ਕਰ ਲਈ। ਇਸ ਵਾਰ ਹਰਮਨਪ੍ਰੀਤ ਨੇ 32ਵੇਂ ਮਿੰਟ ਵਿੱਚ ਮਿਲੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਦਿੱਤਾ। ਟੀਮ ਇੰਡੀਆ ਨੇ ਚੌਥੇ ਕੁਆਰਟਰ ਵਿੱਚ ਇੱਕ ਹੋਰ ਗੋਲ ਕੀਤਾ ਪਰ ਰੈਫਰੀ ਨੇ ਇਸ ਨੂੰ ਖਾਰਜ ਕਰ ਦਿੱਤਾ। ਆਸਟ੍ਰੇਲੀਆਈ ਸਟਾਰ ਬਲੇਕ ਗੋਵਰਸ ਨੇ 55ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕਰਕੇ ਸਕੋਰ 3-2 ਕਰ ਦਿੱਤਾ। ਆਖਰੀ 5 ਮਿੰਟਾਂ ‘ਚ ਆਸਟ੍ਰੇਲੀਆ ਨੇ ਹੋਰ ਵੀ ਹਮਲੇ ਕੀਤੇ ਪਰ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਸਮੇਤ ਡਿਫੈਂਸ ਲਾਈਨ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ।