ਸ਼ਾਇਦ ਗਲਤੀ ਮੇਰੀ ਹੀ ਹੈ…ਖੇਲ ਰਤਨ ਵਿਵਾਦ ‘ਤੇ ਭਾਵੁਕ ਹੋਈ ਮਨੂ ਭਾਕਰ, ਫੈਨਸ ਨੂੰ ਕੀਤੀ ਇਹ ਅਪੀਲ
Manu Bhakar on Khel Ratan: ਪੈਰਿਸ ਓਲੰਪਿਕ 2024 ਵਿੱਚ ਭਾਰਤ ਲਈ ਸ਼ੂਟਿੰਗ ਵਿੱਚ ਮਨੂ ਭਾਕਰ ਨੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ ਸੀ। ਪਰ ਮਨੂ ਭਾਕਰ ਦਾ ਨਾਂ ਇਸ ਸਾਲ ਦਿੱਤੇ ਜਾਣ ਵਾਲੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਦੀ ਸੂਚੀ 'ਚ ਨਹੀਂ ਹੈ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਹਨ। ਮਨੂ ਭਾਕਰ ਨੇ ਹੁਣ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੀ ਗੱਲ ਰੱਖੀ ਹੈ।
ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਵਾਰ ਮਨੂ ਭਾਕਰ ਨੇ ਭਾਰਤ ਲਈ ਤਗਮੇ ਦਾ ਖਾਤਾ ਖੋਲ੍ਹਿਆ ਸੀ ਅਤੇ ਫਿਰ ਕੁੱਲ 2 ਕਾਂਸੀ ਦੇ ਤਗਮੇ ਜਿੱਤੇ ਸਨ। ਤੁਹਾਨੂੰ ਦੱਸ ਦੇਈਏ ਕਿ ਮਨੂ ਭਾਕਰ ਇਕਲੌਤੀ ਭਾਰਤੀ ਖਿਡਾਰਨ ਹਨ ਜਿਨ੍ਹਾਂ ਨੇ ਇੱਕੋ ਓਲੰਪਿਕ ਵਿੱਚ 2 ਮੈਡਲ ਜਿੱਤੇ ਹਨ। ਪਰ ਇਸ ਸਾਲ ਦਿੱਤੇ ਜਾਣ ਵਾਲੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੀ ਸੂਚੀ ਵਿੱਚ ਮਨੂ ਭਾਕਰ ਦਾ ਨਾਂ ਨਾ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਫਾਈਨਲ ਲਿਸਟ ਆਉਣੀ ਬਾਕੀ ਹੈ। ਇਸ ਸਭ ਦੇ ਵਿਚਕਾਰ ਮਨੂ ਭਾਕਰ ਨੇ ਇਸ ਵਿਵਾਦ ‘ਤੇ ਆਪਣੀ ਗੱਲ ਰੱਖੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਵੀ ਕੀਤੀ ਹੈ।
ਖੇਡ ਰਤਨ ਵਿਵਾਦ ‘ਤੇ ਭਾਵੁਕ ਹੋ ਗਈ ਮਨੂ ਭਾਕਰ
ਖੇਡ ਰਤਨ ਵਿਵਾਦ ‘ਤੇ ਹਾਲ ਹੀ ‘ਚ ਮਨੂ ਦੇ ਪਿਤਾ ਨੇ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਮਨੂ ਨੇ ਅਰਜ਼ੀ ਦਿੱਤੀ ਸੀ ਪਰ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਦੇ ਨਾਲ ਹੀ ਖੇਡ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨੂ ਨੇ ਖੇਡ ਰਤਨ ਪੁਰਸਕਾਰ ਲਈ ਅਰਜ਼ੀ ਹੀ ਨਹੀਂ ਦਿੱਤੀ ਸੀ। ਅਜਿਹੇ ‘ਚ ਮਨੂ ਭਾਕਰ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਸਟੋਰੀ ਸ਼ੇਅਰ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਮਨੂ ਭਾਕਰ ਨੇ ਲਿਖਿਆ, ‘ਸਭ ਤੋਂ ਵੱਕਾਰੀ ਖੇਡ ਰਤਨ ਪੁਰਸਕਾਰ ਲਈ ਮੇਰੀ ਨਾਮਜ਼ਦਗੀ ਨੂੰ ਲੈ ਕੇ ਚੱਲ ਰਹੇ ਮੁੱਦੇ ਦੇ ਸਬੰਧ ਵਿੱਚ – ਮੈਂ ਇਹ ਦੱਸਣਾ ਚਾਹਾਂਗੀ ਕਿ ਇੱਕ ਅਥਲੀਟ ਵਜੋਂ ਮੇਰੀ ਭੂਮਿਕਾ ਮੇਰੇ ਦੇਸ਼ ਲਈ ਖੇਡਣਾ ਅਤੇ ਪ੍ਰਦਰਸ਼ਨ ਕਰਨਾ ਹੈ।
ਉਨ੍ਹਾਂ ਨੇ ਅੱਗੇ ਲਿੱਖਿਆ, “ਪੁਰਸਕਾਰ ਅਤੇ ਮਾਨਤਾ ਮੈਨੂੰ ਪ੍ਰੇਰਿਤ ਤਾਂ ਰੱਖਦੇ ਹਨ, ਪਰ ਇਹ ਮੇਰਾ ਗੋਲ ਨਹੀਂ ਹਨ। ਮੇਰਾ ਮੰਨਣਾ ਹੈ ਕਿ ਨਾਮਜ਼ਦਗੀ ਭਰਦੇ ਸਮੇਂ ਮੇਰੇ ਵੱਲੋਂ ਕੁਝ ਗਲਤੀ ਹੋਈ ਹੈ ਜਿਸ ਨੂੰ ਸੁਧਾਰਿਆ ਜਾ ਰਿਹਾ ਹੈ। ਪੁਰਸਕਾਰ ਦੇ ਬਾਵਜੂਦ, ਮੈਂ ਆਪਣੇ ਦੇਸ਼ ਲਈ ਹੋਰ ਜਿਆਦਾ ਮੈਡਲ ਜਿੱਤਣ ਲਈ ਪ੍ਰੇਰਿਤ ਰਹਾਂਗੀ। ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਕ੍ਰਿਪਾ ਕਰਕੇ ਇਸ ਮਾਮਲੇ ਤੇ ਹੋਰ ਕਿਆਸਅਰਾਈਆਂ ਨਾ ਲਗਾਵੋ…”
ਖੇਡ ਰਤਨ ਵਿਵਾਦ ‘ਤੇ ਭਾਵੁਕ ਹੋ ਗਏ ਮਨੂ ਭਾਕਰ। (ਫੋਟੋ- instagram)
ਇਸ ਤੋਂ ਪਹਿਲਾਂ ‘ਏਬੀਪੀ ਨਿਊਜ’ ਨਾਲ ਗੱਲਬਾਤ ਦੌਰਾਨ ਮਨੂ ਨੇ ਲਿਸਟ ‘ਚ ਆਪਣਾ ਨਾਂ ਨਾ ਹੋਣ ‘ਤੇ ਕਿਹਾ, ‘ਖੇਲ ਰਤਨ ਬਹੁਤ ਵੱਡਾ ਐਵਾਰਡ ਹੈ। ਇਸ ਨੂੰ ਪ੍ਰਾਪਤ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ। ਬੇਸ਼ੱਕ ਮੈਂ ਥੋੜ੍ਹੀ ਉਦਾਸ ਹਾਂ ਪਰ ਮੈਨੂੰ ਆਪਣੇ ਕ੍ਰਾਫਟ’ਤੇ ਕੰਮ ਕਰਨਾ ਹੈ। ਖੇਡ ਮੇਰਾ ਗੋਲ ਹੈ। ਇੱਕ ਨਾਗਰਿਕ ਦੇ ਰੂਪ ਵਿੱਚ ਅਤੇ ਇੱਕ ਐਥਲੀਟ ਹੋਣ ਦੇ ਨਾਤੇ, ਇਹ ਮੇਰਾ ਫਰਜ਼ ਹੈ ਕਿ ਮੈਂ ਜਿੰਨੀ ਹੋ ਸਕੇ ਮਿਹਨਤ ਕਰਾਂ ਅਤੇ ਮੈਡਲ ਜਿੱਤਾਂ। ਮੈਨੂੰ ਉਮੀਦ ਸੀ ਕਿ ਮੈਨੂੰ ਇਸ ਸਾਲ ਐਵਾਰਡ ਮਿਲੇਗਾ ਪਰ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ। ਪਰ ਜੋ ਵੀ ਹੁੰਦਾ ਹੈ, ਮੈਂ ਉਸ ਲਈ ਬਹੁਤ ਪਾਜੀਟਿਵ ਹਾਂ।