ਲੁਧਿਆਣਾ ‘ਚ 11 ਸਾਲ ਬਾਅਦ ਦੌੜੀਆਂ ਬੈਲ ਗੱਡੀਆਂ, ਪਹਿਲੇ ਰਾਊਂਡ ‘ਚ 28 ਵਿਚਾਲੇ ਹੋਇਆ ਮੁਕਾਬਲਾ
Kila Raipur Games: ਪੰਜਾਬ ਦੀ ਅਮੀਰ ਵਿਰਾਸਤ ਅਤੇ ਖੇਡ ਸੱਭਿਆਚਾਰ ਦਾ ਪ੍ਰਤੀਕ ਮੰਨੀਆਂ ਜਾਣ ਵਾਲੀਆਂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਵਿੱਚ ਅੱਜ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ। ਪੂਰੇ 11 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਮੈਦਾਨਾਂ ਵਿੱਚ ਮੁੜ ਬੈਲਾਂ ਦੀਆਂ ਟੱਲੀਆਂ ਖੜਕੀਆਂ ਅਤੇ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਈ।
ਲੁਧਿਆਣਾ: 11 ਸਾਲ ਬਾਅਦ ਦੌੜੀਆਂ ਬੈਲ ਗੱਡੀਆਂ, ਪਹਿਲੇ ਦਿਨ 28 ਵਿਚਾਲੇ ਮੁਕਾਬਲਾ
ਪੰਜਾਬ ਦੀ ਅਮੀਰ ਵਿਰਾਸਤ ਅਤੇ ਖੇਡ ਸੱਭਿਆਚਾਰ ਦਾ ਪ੍ਰਤੀਕ ਮੰਨੀਆਂ ਜਾਣ ਵਾਲੀਆਂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਵਿੱਚ ਅੱਜ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ। ਪੂਰੇ 11 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਮੈਦਾਨਾਂ ਵਿੱਚ ਮੁੜ ਬੈਲਾਂ ਦੀਆਂ ਟੱਲੀਆਂ ਖੜਕੀਆਂ ਅਤੇ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਈ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੁਪਹਿਰ 12 ਵਜੇ ਰਸਮੀ ਤੌਰ ‘ਤੇ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ। ਪਹਿਲੇ ਦਿਨ 7 ਪੜਾਵਾਂ ਵਿੱਚ ਕੁੱਲ 28 ਬੈਲ ਗੱਡੀਆਂ ਦੀ ਰੇਸ ਕਰਵਾਈ ਗਈ, ਜਿਸ ਵਿੱਚ ਜੇਤੂ ਰਹਿਣ ਵਾਲੀਆਂ ਗੱਡੀਆਂ ਹੁਣ ਭਲਕੇ ਦੂਜੇ ਗੇੜ ਵਿੱਚ ਹਿੱਸਾ ਲੈਣਗੀਆਂ।
72 ਬੈਲ ਗੱਡੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ
ਇਸ ਸਾਲ ਬੈਲਾਂ ਦੀ ਦੌੜ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪ੍ਰਬੰਧਕਾਂ ਮੁਤਾਬਕ ਕਰੀਬ 72 ਬੈਲ ਗੱਡੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਪਣਾ ਨਾਮ ਦਰਜ ਕਰਵਾਇਆ ਹੈ। ਇਹ ਖੇਡਾਂ 19 ਫਰਵਰੀ ਤੱਕ ਲਗਾਤਾਰ ਤਿੰਨ ਦਿਨ ਚੱਲਣਗੀਆਂ। ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਅੱਜ ਰਾਤ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ, ਜਦਕਿ ਦਿਨ ਭਰ ਵੱਖ-ਵੱਖ ਕਲਾਕਾਰਾਂ ਵੱਲੋਂ ਆਪਣੇ ਜੋਹਰ ਦਿਖਾਏ ਜਾ ਰਹੇ ਹਨ।
ਲੱਖਾਂ ਰੁਪਏ ਦੇ ਨਕਦ ਇਨਾਮ
ਜੇਤੂ ਖਿਡਾਰੀਆਂ ਅਤੇ ਪਸ਼ੂ ਪਾਲਕਾਂ ਲਈ ਪ੍ਰਸ਼ਾਸਨ ਵੱਲੋਂ ਵੱਡੇ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਤਿੰਨ ਮੁੱਖ ਸ਼੍ਰੇਣੀਆਂ ਵਿੱਚ ਇਨਾਮ ਵੰਡੇ ਜਾਣਗੇ, ਜਿਸ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਬੈਲ ਗੱਡੀ ਨੂੰ 2.50 ਲੱਖ ਰੁਪਏ, ਦੂਜੇ ਸਥਾਨ ਲਈ 1.90 ਲੱਖ ਅਤੇ ਤੀਜੇ ਸਥਾਨ ਲਈ 1.30 ਲੱਖ ਰੁਪਏ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਲ ਗੱਡੀਆਂ ਤੋਂ ਇਲਾਵਾ ਹਾਕੀ, ਕਬੱਡੀ, ਐਥਲੈਟਿਕਸ ਅਤੇ ਹੋਰ ਖੇਡਾਂ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਹਨ। ਇਨ੍ਹਾਂ ਖੇਡਾਂ ਦੀ ਖਾਸੀਅਤ ਇਹ ਹੈ ਕਿ ਇੱਥੇ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ।
ਕਿਲਾ ਰਾਏਪੁਰ ਦੀਆਂ ਖੇਡਾਂ ਦਾ ਇਤਿਹਾਸ
ਕਿਲਾ ਰਾਏਪੁਰ ਦੀਆਂ ਖੇਡਾਂ ਦੀ ਸ਼ੁਰੂਆਤ ਸਾਲ 1933 ਵਿੱਚ ਹੋਈ ਸੀ। ਇਸ ਦਾ ਸਿਹਰਾ ਇੰਦਰ ਸਿੰਘ ਗਰੇਵਾਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਅਤੇ ਉਨ੍ਹਾਂ ਦੇ ਮਨੋਰੰਜਨ ਲਈ ਇਨ੍ਹਾਂ ਖੇਡਾਂ ਦੀ ਨੀਂਹ ਰੱਖੀ ਸੀ। ਅੱਜ ਇਹ ਖੇਡਾਂ ਪੂਰੀ ਦੁਨੀਆ ਵਿੱਚ ‘ਪੰਜਾਬ ਦੇ ਮਿੰਨੀ ਓਲੰਪਿਕ’ ਵਜੋਂ ਮਸ਼ਹੂਰ ਹਨ।
ਇਹ ਵੀ ਪੜ੍ਹੋ
ਹਾਕੀ ਤੋਂ ਹੋਈ ਸ਼ੁਰੂਆਤ: 1933 ਵਿੱਚ ਜਦੋਂ ਰਾਏਪੁਰ ਦੀ ਹਾਕੀ ਟੀਮ ਨੇ ਜਲੰਧਰ ਵਿੱਚ ਸਿਲਵਰ ਕੱਪ ਜਿੱਤਿਆ, ਤਾਂ ਇਸ ਜਿੱਤ ਤੋਂ ਉਤਸ਼ਾਹਿਤ ਹੋ ਕੇ ‘ਗਰੇਵਾਲ ਸਪੋਰਟਸ ਐਸੋਸੀਏਸ਼ਨ’ ਬਣਾਈ ਗਈ।
ਬੈਲ ਦੌੜ ਦਾ ਸਫ਼ਰ: ਸਾਲ 1944 ਵਿੱਚ ਬਾਬਾ ਬਖ਼ਸ਼ੀ ਦੇ ਯਤਨਾਂ ਸਦਕਾ ਪਹਿਲੀ ਵਾਰ ਬਲਦ ਗੱਡੀਆਂ ਦੀ ਦੌੜ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਾਇਆ ਗਿਆ। 1950 ਵਿੱਚ ਔਰਤਾਂ ਲਈ ਵੀ ਖੇਡਾਂ ਦੀ ਸ਼ੁਰੂਆਤ ਹੋਈ।
ਲਾਡਾਂ ਨਾਲ ਪਾਲੇ ਜਾਂਦੇ ਹਨ ‘ਰੇਸਰ’ ਬੈਲ
ਬੈਲ ਗੱਡੀਆਂ ਦੀ ਦੌੜ ਵਿੱਚ ਹਿੱਸਾ ਲੈਣ ਵਾਲੇ ਬੈਲਾਂ ਦੀ ਕੀਮਤ ਲੱਖਾਂ ਰੁਪਏ ਵਿੱਚ ਹੁੰਦੀ ਹੈ। ਪਸ਼ੂ ਪਾਲਕਾਂ ਮੁਤਾਬਕ ਉਹ ਆਪਣੇ ਬੈਲਾਂ ਦੀ ਸਾਂਭ-ਸੰਭਾਲ ਬਿਲਕੁਲ ਬੱਚਿਆਂ ਵਾਂਗ ਕਰਦੇ ਹਨ। ਇਨ੍ਹਾਂ ਨੂੰ ਤਾਕਤਵਰ ਬਣਾਉਣ ਲਈ ਦੇਸੀ ਘਿਓ, ਡਰਾਈ ਫਰੂਟਸ, ਚੁਣਿੰਦਾ ਅਨਾਜ ਅਤੇ ਹੋਰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ। ਇਹ ਖੇਡਾਂ ਨਾ ਸਿਰਫ਼ ਇੱਕ ਮੁਕਾਬਲਾ ਹਨ, ਸਗੋਂ ਪੰਜਾਬ ਦੀ ਅਮੀਰ ਵਿਰਾਸਤ ਦਾ ਪ੍ਰਦਰਸ਼ਨ ਹਨ ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
