IPL 2025: ਮੁੱਲਾਂਪੁਰ ‘ਚ ਰਾਜਸਥਾਨ ਦੀ ਰਾਇਲ ਜਿੱਤ, ਪੰਜਾਬ ਨੂੰ ਹਰਾ ਕੀਤੀ ਵਾਪਸੀ
ਰਾਜਸਥਾਨ ਰਾਇਲਜ਼ ਸੀਜ਼ਨ ਦੀ ਸ਼ੁਰੂਆਤ ਵਿੱਚ ਲਗਾਤਾਰ ਦੋ ਮੈਚ ਹਾਰ ਗਈ ਸੀ। ਜਦੋਂ ਕਿ ਪੰਜਾਬ ਕਿੰਗਜ਼ ਨੇ ਲਗਾਤਾਰ 2 ਮੈਚ ਜਿੱਤ ਕੇ ਸ਼ੁਰੂਆਤ ਕੀਤੀ। ਪਰ ਹੁਣ ਰਾਜਸਥਾਨ ਨੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ, ਜਦੋਂ ਕਿ ਪੰਜਾਬ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

IPL 2025: ਰਾਜਸਥਾਨ ਰਾਇਲਜ਼ ਨੇ ਆਈਪੀਐਲ 2025 ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਸੰਜੂ ਸੈਮਸਨ ਦੀ ਟੀਮ ਨੇ ਸੀਜ਼ਨ ਦੇ ਆਪਣੇ ਚੌਥੇ ਮੈਚ ਵਿੱਚ ਆਪਣੇ ਹੀ ਘਰ ਵਿੱਚ ਪੰਜਾਬ ਕਿੰਗਜ਼ ਨੂੰ ਇੱਕ ਪਾਸੜ ਤਰੀਕੇ ਨਾਲ 50 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ, ਪੰਜਾਬ ਕਿੰਗਜ਼ ਨੂੰ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ ਇਸ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਇਹ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੀ ਸੀ। ਇਸ ਦਾ ਮਤਲਬ ਹੈ ਕਿ ਟੀਮ ਦੀ ਘਰ ਵਾਪਸੀ ਚੰਗੀ ਨਹੀਂ ਸੀ।
ਪੰਜਾਬ ਦੇ ਨਵੇਂ ਘਰ ਮੁੱਲਾਂਪੁਰ ਵਿਖੇ ਸ਼ਨੀਵਾਰ 5 ਅਪ੍ਰੈਲ ਨੂੰ ਖੇਡੇ ਗਏ ਇਸ ਮੈਚ ਵਿੱਚ, ਮੇਜ਼ਬਾਨ ਪੰਜਾਬ ਕਿੰਗਜ਼ ਸ਼ਾਨਦਾਰ ਫਾਰਮ ਵਿੱਚ ਆਈ ਹੈ। ਨਵੇਂ ਕਪਤਾਨ ਸ਼੍ਰੇਅਸ ਅਈਅਰ ਅਤੇ ਨਵੇਂ ਕੋਚ ਰਿੱਕੀ ਪੋਂਟਿੰਗ ਦੀ ਅਗਵਾਈ ਹੇਠ, ਪੰਜਾਬ ਕਿੰਗਜ਼ ਨੇ ਸੀਜ਼ਨ ਦੇ ਦੋਵੇਂ ਸ਼ੁਰੂਆਤੀ ਮੈਚ ਇੱਕਤਰਫਾ ਢੰਗ ਨਾਲ ਜਿੱਤੇ। ਜਦੋਂ ਕਿ ਰਾਜਸਥਾਨ ਨੂੰ ਪਹਿਲੇ ਦੋ ਮੈਚਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਟੀਮ ਨੇ ਤੀਜਾ ਮੈਚ ਜਿੱਤ ਲਿਆ। ਅਜਿਹੇ ਵਿੱਚ, ਇਹ ਮੈਚ ਦੋਵਾਂ ਟੀਮਾਂ ਲਈ ਆਸਾਨ ਨਹੀਂ ਹੋਣ ਵਾਲਾ ਸੀ। ਪਰ ਲਗਭਗ 4 ਘੰਟੇ ਚੱਲੇ ਮੈਚ ਤੋਂ ਬਾਅਦ, ਨਤੀਜਾ ਇੱਕ ਪਾਸੜ ਸਾਬਤ ਹੋਇਆ ਅਤੇ ਉਹ ਵੀ ਮਹਿਮਾਨ ਟੀਮ ਦੇ ਹੱਕ ਵਿੱਚ।
ਜੈਸਵਾਲ ਦਾ ਬੱਲਾ ਚੱਲਿਆ
ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਉਨ੍ਹਾਂ ਲਈ, ਕਪਤਾਨ ਸੰਜੂ ਸੈਮਸਨ (38) ਅਤੇ ਯਸ਼ਸਵੀ ਜੈਸਵਾਲ ਦੀ ਸਲਾਮੀ ਜੋੜੀ ਨੇ ਸਿਰਫ਼ 10.2 ਓਵਰਾਂ ਵਿੱਚ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ਸਵੀ (67), ਜੋ ਪਿਛਲੇ ਤਿੰਨ ਮੈਚਾਂ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਸੀ, ਉਨ੍ਹਾਂ ਨੇ ਅੰਤ ਵਿੱਚ ਆਪਣਾ ਜਾਦੂ ਦਿਖਾਇਆ ਅਤੇ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਇਸ ਤੋਂ ਬਾਅਦ ਰਿਆਨ ਪਰਾਗ ਨੇ ਸਿਰਫ਼ 25 ਗੇਂਦਾਂ ਵਿੱਚ 43 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਟੀਮ ਨੂੰ 200 ਦੌੜਾਂ ਦੇ ਪਾਰ ਪਹੁੰਚਾਇਆ। ਇਸ ਸਮੇਂ ਦੌਰਾਨ ਪੰਜਾਬ ਨੇ ਕੁਝ ਕੈਚ ਵੀ ਛੱਡੇ, ਜਿਸਦਾ ਫਾਇਦਾ ਰਾਜਸਥਾਨ ਨੂੰ ਹੋਇਆ। ਰਾਜਸਥਾਨ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾਈਆਂ, ਜੋ ਕਿ ਇਸ ਮੈਦਾਨ ‘ਤੇ ਸਭ ਤੋਂ ਵੱਧ ਸਕੋਰ ਹੈ। ਪੰਜਾਬ ਲਈ, ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਆਰਚਰ ਦੀ ਘਾਤਕ ਗੇਂਦਬਾਜੀ
ਇਸ ਤੋਂ ਬਾਅਦ, ਰਾਜਸਥਾਨ ਦੇ ਗੇਂਦਬਾਜ਼ਾਂ ਦੀ ਵਾਰੀ ਸੀ ਅਤੇ ਇਸ ਦੀ ਸ਼ੁਰੂਆਤ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਕੀਤੀ। ਆਰਚਰ, ਜਿਸ ਨੇ ਸੀਜ਼ਨ ਦੇ ਪਹਿਲੇ ਦੋ ਮੈਚਾਂ ਵਿੱਚ ਕੋਈ ਵਿਕਟ ਲਏ ਬਿਨਾਂ 100 ਤੋਂ ਵੱਧ ਦੌੜਾਂ ਦਿੱਤੀਆਂ ਸਨ, ਉਸ ਨੇ ਇਸ ਵਾਰ ਪਹਿਲੇ ਹੀ ਓਵਰ ਵਿੱਚ ਪੰਜਾਬ ਦੀ ਕਮਰ ਤੋੜ ਦਿੱਤੀ। ਆਰਚਰ ਨੇ ਪਾਰੀ ਦੀ ਪਹਿਲੀ ਗੇਂਦ ‘ਤੇ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੂੰ ਬੋਲਡ ਕੀਤਾ ਤੇ ਫਿਰ ਉਸੇ ਓਵਰ ਦੀ ਆਖਰੀ ਗੇਂਦ ‘ਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਊਟ ਕੀਤਾ।
ਜਲਦੀ ਹੀ ਟੀਮ ਨੇ ਸਿਰਫ਼ 43 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਗਲੇਨ ਮੈਕਸਵੈੱਲ (30) ਅਤੇ ਨੇਹਲ ਵਢੇਰਾ (62) ਨੇ 88 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨਾਲ ਟੀਮ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ, ਪਰ ਉਹ ਦੋਵੇਂ 15ਵੇਂ ਅਤੇ 16ਵੇਂ ਓਵਰ ਵਿੱਚ ਲਗਾਤਾਰ ਗੇਂਦਾਂ ‘ਤੇ ਡਿੱਗ ਪਏ ਤੇ ਟੀਮ ਵਾਪਸੀ ਨਹੀਂ ਕਰ ਸਕੀ। ਪੰਜਾਬ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 155 ਦੌੜਾਂ ਹੀ ਬਣਾ ਸਕੇ। ਆਰਚਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦੋਂ ਕਿ ਸੰਦੀਪ ਸ਼ਰਮਾ ਅਤੇ ਮਹੇਸ਼ ਤੀਕਸ਼ਣਾ ਨੇ ਵੀ 2-2 ਵਿਕਟਾਂ ਲਈਆਂ।