GT vs RCB: ਗੁਜਰਾਤ ਟਾਈਟਨਜ਼ ਨੇ ਆਰਸੀਬੀ ਤੋਂ ਲਿਆ ਬਦਲਾ, ਅਹਿਮਦਾਬਾਦ ‘ਚ 4 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

Published: 

30 Apr 2026 23:39 PM IST

GT vs RCB: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਬੁਰੀ ਤਰ੍ਹਾਂ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਗੁਜਰਾਤ ਦੀ ਇਸ ਜਿੱਤ ਵਿੱਚ ਅਰਸ਼ਦ ਖਾਨ, ਜੇਸਨ ਹੋਲਡਰ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਅਹਿਮ ਭੂਮਿਕਾ ਨਿਭਾਈ।

GT vs RCB: ਗੁਜਰਾਤ ਟਾਈਟਨਜ਼ ਨੇ ਆਰਸੀਬੀ ਤੋਂ ਲਿਆ ਬਦਲਾ, ਅਹਿਮਦਾਬਾਦ ਚ 4 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

Photo: (PTI)

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਬੁਰੀ ਤਰ੍ਹਾਂ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਗੁਜਰਾਤ ਦੀ ਇਸ ਜਿੱਤ ਵਿੱਚ ਅਰਸ਼ਦ ਖਾਨ, ਜੇਸਨ ਹੋਲਡਰ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਦੇ ਨਾਲ ਹੀ ਗੁਜਰਾਤ ਨੇ ਇਸ ਸੀਜ਼ਨ ਦੇ 9 ਮੈਚਾਂ ਵਿੱਚੋਂ ਆਪਣੀ ਪੰਜਵੀਂ ਜਿੱਤ ਹਾਸਲ ਕਰ ਲਈ ਹੈ, ਜਦੋਂ ਕਿ ਆਰਸੀਬੀ ਨੂੰ 9 ਮੈਚਾਂ ਵਿੱਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਆਰਸੀਬੀ ਦੀ ਬੱਲੇਬਾਜ਼ੀ ਰਹੀ ਫਲਾਪ

ਗੁਜਰਾਤ ਟਾਈਟਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਬਿਲਕੁਲ ਸਹੀ ਸਾਬਤ ਹੋਇਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ ਸਿਰਫ਼ 155 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਜੈਕਬ ਬੈਥਲ ਸਿਰਫ਼ 5 ਦੌੜਾਂ ਬਣਾ ਕੇ ਸਿਰਾਜ ਦਾ ਸ਼ਿਕਾਰ ਬਣੇ।

ਵਿਰਾਟ ਕੋਹਲੀ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ ਰਬਾਡਾ ਦੇ ਇੱਕ ਓਵਰ ਵਿੱਚ ਲਗਾਤਾਰ ਪੰਜ ਚੌਕੇ ਜੜੇ, ਪਰ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ ਰਬਾਡਾ ਦੀ ਬਾਊਂਸਰ ‘ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰਜਤ ਪਾਟੀਦਾਰ ਨੇ 40 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦ ‘ਤੇ ਬੋਲਡ ਹੋ ਗਏ। ਹੋਰ ਬੱਲੇਬਾਜ਼ਾਂ ਵਿੱਚੋਂ ਦੇਵਦੱਤ ਪਡਿੱਕਲ (19 ਦੌੜਾਂ), ਜਿਤੇਸ਼ ਸ਼ਰਮਾ (1 ਦੌੜ), ਅਤੇ ਟਿਮ ਡੇਵਿਡ (9 ਦੌੜਾਂ) ਨੇ ਨਿਰਾਸ਼ ਕੀਤਾ।

ਸ਼ੁਭਮਨ ਗਿੱਲ ਦੀ ਤੂਫ਼ਾਨੀ ਪਾਰੀ

156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਸ਼ੁਰੂਆਤ ਵੀ ਕੁਝ ਖ਼ਾਸ ਨਹੀਂ ਸੀ ਅਤੇ ਸਾਈ ਸੁਦਰਸ਼ਨ ਸਿਰਫ਼ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪਰ ਕਪਤਾਨ ਸ਼ੁਭਮਨ ਗਿੱਲ ਨੇ ਮੈਦਾਨ ‘ਤੇ ਆਉਂਦੇ ਹੀ ਆਰਸੀਬੀ ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ। ਗਿੱਲ ਨੇ ਜੋਸ਼ ਹੇਜ਼ਲਵੁੱਡ ਦੇ ਪਹਿਲੇ ਹੀ ਓਵਰ ਵਿੱਚ 24 ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਨੇ ਮਹਿਜ਼ 18 ਗੇਂਦਾਂ ਵਿੱਚ 43 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 3 ਛੱਕੇ ਅਤੇ 4 ਚੌਕੇ ਸ਼ਾਮਲ ਸਨ। ਜੋਸ ਬਟਲਰ ਨੇ ਵੀ ਤੇਜ਼ੀ ਦਿਖਾਉਂਦਿਆਂ 19 ਗੇਂਦਾਂ ਵਿੱਚ 39 ਦੌੜਾਂ ਬਣਾਈਆਂ (4 ਛੱਕੇ, 2 ਚੌਕੇ)। ਅੰਤ ਵਿੱਚ ਰਾਹੁਲ ਤੇਵਤੀਆ ਨੇ ਗੁਜਰਾਤ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ।

ਆਰਸੀਬੀ ਤੋਂ ਲਿਆ ਪੁਰਾਣਾ ਬਦਲਾ

ਇਸ ਜਿੱਤ ਦੇ ਨਾਲ ਗੁਜਰਾਤ ਟਾਈਟਨਜ਼ ਨੇ ਆਰਸੀਬੀ ਤੋਂ ਆਪਣੀ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਆਰਸੀਬੀ ਨੇ ਆਪਣੇ ਘਰੇਲੂ ਮੈਦਾਨ ‘ਤੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ ਸੀ, ਜਿੱਥੇ ਉਨ੍ਹਾਂ ਨੇ 206 ਦੌੜਾਂ ਦਾ ਵੱਡਾ ਟੀਚਾ 7 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ ਸੀ। ਪਰ ਇਸ ਵਾਰ ਗੁਜਰਾਤ ਨੇ ਆਪਣੇ ਘਰੇਲੂ ਮੈਦਾਨ ‘ਤੇ ਬਾਜ਼ੀ ਮਾਰ ਕੇ ਆਰਸੀਬੀ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

Follow Us