ਹੁਣ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ ਵਾਇਰਲ, ਮਾਸਟਰ ਬਲਾਸਟਰ ਨੇ ਖੁਦ ਦੱਸਿਆ ਸੱਚ, ਕੇਂਦਰੀ ਮੰਤਰੀ ਨੇ ਕਿਹਾ- ਬਣਾਵਾਂਗੇ ਸਖਤ ਨਿਯਮ
Sachin Tendulkar Deepfake Video: ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਸਚਿਨ ਤੇਂਦੁਲਕਰ ਦਾ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਗੇਮਿੰਗ ਐਪ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਪਰ ਸਚਿਨ ਨੇ ਇੱਕ ਪੋਸਟ ਰਾਹੀਂ ਦੱਸਿਆ ਹੈ ਕਿ ਇਹ ਵੀਡੀਓ ਫਰਜ਼ੀ ਹੈ। ਇਹ ਡੀਪਫੇਕ ਦਾ ਮਾਮਲਾ ਹੈ ਅਤੇ ਸਚਿਨ ਦੇ ਪੋਸਟ ਤੋਂ ਬਾਅਦ ਇਕ ਕੇਂਦਰੀ ਮੰਤਰੀ ਨੇ ਇਸ ਮਾਮਲੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਸਮੇਂ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੱਕ ਗੇਮਿੰਗ ਐਪ ਦਾ ਪ੍ਰਚਾਰ ਕਰ ਰਹੇ ਹਨ। ਸਚਿਨ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਫੀ ਹਲਚਲ ਮਚ ਗਈ, ਪਰ ਹੁਣ ਸਚਿਨ ਨੇ ਇਸ ਵੀਡੀਓ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ ਹੈ। ਸਚਿਨ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਹੈ। ਸਚਿਨ ਨੇ ਐਕਸ (ਟਵਿਟਰ) ‘ਤੇ ਇਕ ਪੋਸਟ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਨਾਂ ‘ਤੇ ਫੈਲਾਈ ਜਾ ਰਹੀ ਵੀਡੀਓ ਫਰਜ਼ੀ ਹੈ। ਇਸ ‘ਤੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਹੁਣ ਕਿਹਾ ਹੈ ਕਿ ਸਰਕਾਰ ਅਜਿਹੀ ਸਥਿਤੀ ਤੋਂ ਬਚਣ ਲਈ ਸਖ਼ਤ ਕਦਮ ਚੁੱਕੇਗੀ।
ਸਚਿਨ ਨੇ ਜਿਸ ਵੀਡੀਓ ਨੂੰ ਫਰਜ਼ੀ ਦੱਸਿਆ ਹੈ, ਉਸ ‘ਚ ਸਚਿਨ ਵਰਗੀ ਹੀ ਆਵਾਜ਼ ‘ਚ ਸੁਣਾਈ ਦੇ ਰਹੀ ਹੈ ਕਿ ਉਨ੍ਹਾਂ ਦੀ ਬੇਟੀ ਇਕ ਗੇਮ ਖੇਡਦੀ ਹੈ ਅਤੇ ਇਸ ਤੋਂ ਕਾਫੀ ਪੈਸਾ ਕਮਾਉਂਦੀ ਹੈ। ਇਸ ਵੀਡੀਓ ‘ਚ ਸਚਿਨ ਵਰਗੀ ਆਵਾਜ਼ ‘ਚ ਐਪ ਦੀ ਤਾਰੀਫ ਕੀਤੀ ਜਾ ਰਹੀ। ਪਰ ਸਚਿਨ ਨੇ ਕਿਹਾ ਹੈ ਕਿ ਇਹ ਵੀਡੀਓ ਫਰਜ਼ੀ ਹੈ
ਸਚਿਨ ਨੇ ਕਹੀ ਇਹ ਗੱਲ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਰ ਜਿਵੇਂ ਹੀ ਸਚਿਨ ਨੇ ਇਹ ਵੀਡੀਓ ਦੇਖਿਆ, ਉਸ ਨੇ ਤੁਰੰਤ ਇਸ ‘ਤੇ ਧਿਆਨ ਦਿੱਤਾ ਅਤੇ ਇਕ ਪੋਸਟ ਲਿਖੀ। ਇਸ ਪੋਸਟ ‘ਚ ਸਚਿਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਵੀਡੀਓ ਫਰਜ਼ੀ ਹੈ। ਸਚਿਨ ਨੇ ਲਿਖਿਆ ਕਿ ਉਹ ਟੈਕਨਾਲੋਜੀ ਦੀ ਦੁਰਵਰਤੋਂ ਨੂੰ ਦੇਖ ਕੇ ਦੁਖੀ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਤੁਰੰਤ ਇਸ ਦੀ ਸੂਚਨਾ ਦੇਣ।
ਸਚਿਨ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੇ ਮਾਮਲਿਆਂ ‘ਤੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ‘ਚ ਮਿਲੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਚਿਨ ਨੇ ਕਿਹਾ ਕਿ ਅਜਿਹੇ ਡੀਪਫੇਕ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਫਰਜ਼ੀ ਵੀਡੀਓ ‘ਚ ਸਚਿਨ ਦੀ ਇਕ ਪੁਰਾਣੀ ਵੀਡੀਓ ਦੀ ਵਰਤੋਂ ਕੀਤੀ ਗਈ ਹੈ, ਜਿਸ ‘ਤੇ ਸਚਿਨ ਦੀ ਆਵਾਜ਼ ‘ਚ ਵਾਇਸ ਓਵਰ ਪਾਇਆ ਗਿਆ ਹੈ। ਇਹ ਆਵਾਜ਼ ਵੀ ਜਾਅਲੀ ਬਣੀ ਜਾਪਦੀ ਹੈ। ਅਜੋਕੇ ਸਮੇਂ ਵਿੱਚ ਅਜਿਹੇ ਡੀਪਫੇਕ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ- ਸਰਕਾਰ ਨਿਯਮ ਲਿਆਵੇਗੀ
ਸਚਿਨ ਦੇ ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਤੇਦੁਲਕਰ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਮਾਮਲੇ ‘ਚ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਸਖਤ ਨਿਯਮ ਲਿਆਵੇਗੀ। ਉਨ੍ਹਾਂ ਨੇ ਸਚਿਨ ਨੂੰ ਐਕਸ ‘ਤੇ ਟੈਗ ਕੀਤਾ ਅਤੇ ਲਿਖਿਆ ਕਿ ਅਜਿਹੇ ਵੀਡੀਓ ਭਾਰਤੀਆਂ ਦੀ ਸੁਰੱਖਿਆ ਲਈ ਖਤਰਾ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੇ ਡੀਪਫੇਕ ਵੀਡੀਓਜ਼ ਆ ਰਹੇ ਹਨ। ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਇੱਕ ਡੀਪਫੇਕ ਵੀਡੀਓ ਵੀ ਵਾਇਰਲ ਹੋਇਆ ਸੀ।